
ਗੁਰੂ ਅਮਰਦਾਸ ਜੀ ਨੇ ਹੀ ਆਪ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ ਵਰ ਦਿੱਤਾ ਸੀ।
ਸ਼ਾਤੀ ਦੇ ਪੁੰਜ, ਧੀਰਜ ਅਤੇ ਨਿਮਰਤਾ ਪੰਜਵੇਂ ਗੁਰੂ ਧੰਨ ਸ੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਗੁਜਰਿਆਂ ਅੱਜ 405 ਸਾਲ ਸੰਪੂਰਨ ਹੋ ਚੁੱਕੇ ਹਨ, ਪਰ ਸਿਖ ਪੰਥ ਵਿਚ ਗੁਰੂ ਜੀ ਦੀ ਸ਼ਹਾਦਤ ਤੋਂ ਪ੍ਰਰੇਣਾ ਦਾ ਜਜਬਾ ਅੱਜ ਵੀ ਉਸੇ ਤਰਾਂ ਬਰਕਰਾਰ ਹੈ। ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਨੂੰ ਗੋਇੰਦਵਾਲ ਵਿਖੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ।
Gurduara
ਆਪ ਦਾ ਪਾਲਣ-ਪੋਸ਼ਣ ਆਪ ਦੇ ਨਾਨਾ ਸਿੱਖਾਂ ਦੇ ਤੀਸਰੇ ਗੁਰੂ ਸਾਹਿਬਾਨ ਸੀ ਗਰ ਅਮਰਦਾਸ ਜੀ ਦੀ ਦੇਖ-ਰੇਖ ਵਿਚ ਹੋਇਆ। ਗੁਰੂ ਅਮਰਦਾਸ ਜੀ ਨੇ ਹੀ ਆਪ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ ਵਰ ਦਿੱਤਾ ਸੀ। ਆਪ ਨੇ ਪੰਡਿਤ ਕੇਸੋ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪ ਨੇ ਸੰਸਕ੍ਰਿਤੀ ਅਤੇ ਫ਼ਾਰਸੀ ਦੇ ਬਹੁਤ ਸਾਰੇ ਗ੍ਰੰਥਾਂ ਨੂੰ ਪੜਿਆ। ਬਚਪਨ ਤੋਂ ਹੀ ਆਪ ਵਿਦਵਾਨ ਤੇ ਸੂਝਵਾਨ ਸਨ।
ਆਪ ਦਾ ਵਿਆਹ ਫਿਲੌਰ ਸ਼ਹਿਰ ਦੇ ਕਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਆਪ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੇ ਅਨਮੋਲ ਰਤਨ ਨੇ ਜਨਮ ਲਿਆ। 1582 ਵਿਚ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਏ ।ਜਿਉਂ ਹੀ ਆਪ ਗੁਰਗੱਦੀ ‘ਤੇ ਬੈਠੇ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਨ ਲੱਗ ਪਿਆ। ਉਸ ਨੇ ਆਪ ਖਿਲਾਫ਼ ਕਈ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਪਰ ਆਪ ਅਡੋਲ ਰਹੇ।
Gurduara
ਜਦੋਂ ਆਪ ਗੁਰਗੱਦੀ ‘ਤੇ ਬੈਠੇ ਉਸ ਵੇਲੇ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ। ਉਹ ਸਿੱਖਾਂ ਨਾਲ ਬਹੁਤ ਖ਼ਾਰ ਖਾਂਦਾ ਸੀ। ਉਸ ਦਾ ਸਪੁੱਤਰ ਅਮੀਰ ਖੁਸਰੋ ਗੁਰੂ ਜੀ ਦਾ ਅਨਿਨ ਸੇਵਕ ਸੀ,ਜਿਸ ਕਰਕੇ ਜਹਾਂਗੀਰ ਉਸ ਨਾਲ ਵੀ ਨਫ਼ਰਤ ਕਰਦਾ ਸੀ।ਉਧਰ ਦੂਜੇ ਪਾਸੇ ਪ੍ਰਿਥੀ ਚੰਦ ਦੀ ਈਰਖਾ ਵੀ ਬਹੁਤ ਤੇਜ਼ੀ ਨਾਲ ਵਧ ਚੁੱਕੀ ਸੀ। ਉਸ ਨੇ ਚੰਦੂ ਨਾਲ ਮਿਲ ਕੇ ਗੁਰੂ ਜੀ ਦੇ ਖਿਲਾਫ਼ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।
ਚੰਦੁ ਗੁਰੂ ਜੀ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਗੁਰੂ ਜੀ ਨੇ ਆਪਣੇ ਸਪੁੱਤਰ ਹਰਗੋਬਿੰਦ ਵਾਸਤੇ ਉਸ ਦੀ ਪੁੱਤਰੀ ਦੇ ਰਿਸ਼ਤੇ ਨੂੰ ਨਾ-ਮਨਜ਼ੂਰ ਕੀਤਾ ਸੀ। ਗੁੱਸੇ ਵਿਚ ਆ ਕੇ ਜਹਾਂਗੀਰ ਨੇ ਆਪ ਨੂੰ ਕੈਦ ਕਰ ਲਿਆ। ਆਪ ਨੂੰ ਅਨੇਕਾਂ ਕਸ਼ਟ ਦਿੱਤੇ ਗਏ । ਜੇਠ-ਹਾੜ ਦੀ ਅਤਿ ਦੀ ਗਰਮੀ ਵਿਚ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਤੇ ਸਿਰ ਵਿਚ ਗਰਮ-ਗਰਮ ਰੇਤਾ ਪਾਈ ਗਈ। ਉਪਰੰਤ ਆਪ ਨੂੰ ਉੱਬਲਦੀ ਦੇਗ ਵਿਚ ਪਾਇਆ ਗਿਆ ਪਰ ਆਪ ਨੇ ਸਿਦਕ ਨਾ ਹਾਰਿਆ, ਸੀ ਨਾ ਕੀਤੀ, ਅਡੋਲ, ਸ਼ਾਂਤ ਰਹੇ ਤੇ ਆਪਣੇ ਮੁਖਾਰਬਿੰਦ ਤੋਂ ਇਹੋ ਹੀ ਉਚਾਰਦੇ ਰਹੇ :
“ਤੇਰਾ ਭਾਣਾ ਮੀਠਾ ਲਾਗੈ॥ਹਰਿ ਨਾਮ ਪਦਾਰਥੁ ਨਾਨਕੁ ਮਾਂਗੈ॥”
ਇੰਜ 1606 ਈਸਵੀ ਵਿਚ ਆਪ ਨੇ ਧਰਮ ਦੀ ਖ਼ਾਤਰ ਸ਼ਹਾਦਤ ਦੇ ਦਿੱਤੀ।
ਆਪ ਨੇ ਆਪਣੇ ਸਮੇਂ ਦੌਰਾਨ ਅਨੇਕਾਂ ਹੀ ਨਿਰਮਾਣ ਕਾਰਜ ਕਰਵਾਏ। ਆਪ ਨੇ1589 ਈਸਵੀ ਨੂੰ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ। ਆਪ ਨੇ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੇ ਧਰਮ ਤੇ ਚਲਦਿਆਂ ਹੋਇਆਂ ਨਾ ਕੇਵਲ ਆਪਣਾ ਉਪਦੇਸ਼ ‘ਚਹੁੰ ਵਰਣਾ ਕਉ ਸਾਂਝਾ ਦਿੱਤਾ ਸਗੋਂ ਸਿੱਖਾਂ ਦੇ ਮਹਾਨ ਮੰਦਰ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇਕ ਮੁਸਲਮਾਨ ਫ਼ਕੀਰ ਮੀਆਂ ਮੀਰ ਪਾਸੋਂ ਰਖਵਾਈ।
Shri Guru Granth Sahib Ji
ਆਪ ਨੇ ਸਿੱਖੀ ਦਾ ਪ੍ਰਚਾਰ ਕਰਦਿਆਂ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ),ਕਰਤਾਰਪੁਰ (ਜ਼ਿਲ੍ਹਾ ਜਲੰਧਰ), ਸ੍ਰੀ ਹਰਗੋਬਿੰਦਪੁਰ (ਜ਼ਿਲ੍ਹਾ ਗੁਰਦਾਸਪੁਰ), ਛੇਹਰਟਾ ਆਦਿ ਨਗਰਾਂ ਨੂੰ ਵਸਾਇਆ। ਆਪ ਦਾ ਸਭ ਤੋਂ ਵੱਡਾ ਤੇ ਲਾਸਾਨੀ ਯੋਗਦਾਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਆਪ ਨੇ ਆਪਣੇ ਅਣਥੱਕ ਯਤਨਾਂ ਦੁਆਰਾ ਸਿੱਖਾਂ ਦੇ ਮਹਾਨ ਧਾਰਮਿਕ ਗ੍ਰੰਥ ਨੂੰ ਸੰਪਾਦਤ ਕੀਤਾ ਤੇ ਇਸ ਅਰਸ਼ੀ ਬਾਣੀ ਨੂੰ ਹਰ ਤਰਾਂ ਦੇ ਰਲੇ ਤੋਂ ਬਚਾਇਆ।
ਆਪ ਨੇ ਸਾਰੇ ਗੁਰੂਆਂ ਤੇ ਭਗਤਾਂ-ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਨਿਸਚਿਤ ਤਰਤੀਬ ਅਨੁਸਾਰ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਕੇ ਗੰਥ ਤਿਆਰ ਕੀਤਾ। ਇਸ ਦਾ ਪਹਿਲਾ ਨਾਂ ‘ਆਦਿ ਗ੍ਰੰਥ ਜੀ ਜੋ ਕਿ1604 ਈਸਵੀ ਨੂੰ ਤਿਆਰ ਹੋਇਆ। ਇਸ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਆਪ ਨੇ ਗੁਰਗੱਦੀ ਦੀ ਪਰੰਪਰਾ ਵਿਚ ਪਰਿਵਰਤਨ ਲਿਆਂਦਾ।
ਆਪ ਤੋਂ ਪਹਿਲਾਂ ਗੁਰਗੱਦੀ ਕਿਸੇ ਯੋਗ ਸਿੱਖ ਨੂੰ ਹੀ ਦਿੱਤੀ ਜਾਂਦੀ ਸੀ, ਪਰ ਹੁਣ ਇਹ ਯੋਗ ਪੁੱਤਰ ਨੂੰ ਦਿੱਤੀ ਜਾਣ ਲੱਗ ਪਈ ਸੀ। ਆਪ ਨੂੰ ਵੀ ਗੁਰਗੱਦੀ ਪਿਤਾ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਤੇ ਮਹਾਂਦੇਵ ਨਾਲੋਂ ਵੱਧ ਯੋਗ ਸਮਝ ਕੇ ਦਿੱਤੀ ਸੀ। ਫਿਰ ਆਪ ਨੇ ਇਹ ਆਪਣੇ ਸਪੁੱਤਰ (ਗੁਰੂ) ਹਰਗੋਬਿੰਦ ਨੂੰ ਦਿੱਤੀ। ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ-ਸੁਖਮਨੀ ਸਾਹਿਬ, ਬਾਰਾਮਾਹ (ਮਾਝ),ਬਾਵਨ ਅੱਖਰੀ, ਜੈਤਸਰੀ ਦੀ ਵਾਰ ਰੱਤੀ, ਥਿਤੀ ਆਦਿ। ਆਪ ਨੇ ਬਾਕੀ ਗੁਰੂ ਸਾਹਿਬਾਨ ਨਾਲੋਂ ਸਭ ਤੋਂ ਵੱਧ ਬਾਣੀ ਰਚੀ। ਆਪ ਨੇ 30 ਰਾਗਾਂ ਵਿਚ ਬਾਣੀ ਰਚੀ। ਆਪ ਦੀ ਸਾਰੀ ਬਾਣੀ ਅਧਿਆਤਮਵਾਦੀ ਹੈ। ਆਪ ਨੇ ਨਿਮਰਤਾ ਤੇ ਉਸ ਪ੍ਰਭੂ ਦਾ ਭਾਣਾ ਮੰਨਣ ਲਈ ਪ੍ਰਨਾ ਦਿੱਤੀ ਹੈ। ਆਪ ਲਿਖਦੇ ਹਨ :
ਬੀਸ ਬਿਸਵੇ ਗੁਰੁ ਕਾ ਮਨੁ ਮਾਨੈ ॥
ਸੋ ਸੇਵਕ ਪ੍ਰਮੇਸਰ ਕੀ ਗਤਿ ਜਾਨੈ ॥
ਆਪ ਦੇ ਪਿਤਾ ਆਪ ਦੇ ਗੁਰੂ ਵੀ ਸਨ। ਆਪ ਪਿਤਾ ਦਾ ਵਿਛੋੜਾ ਝੱਲ ਨਹੀਂ ਸਨ ਸਕਦੇ।ਇਕ ਵਾਰ ਲੰਮਾ ਵਿਛੋੜਾ ਝੱਲਣਾ ਪਿਆ ਤੇ ਆਪ ਨੇ ਇਸ ਵਿਛੋੜੇ ਤੋਂ ਪ੍ਰਭਾਵਿਤ ਹੋ ਕੇ ਲਿਖਿਆ :
ਮੇਰਾ ਮਨ ਲੋਚੈ ਗੁਰ ਦਰਸਨ ਤਾਈਂ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈਂ॥
ਤੇ ਫਿਰ ਆਪ ਦਾ ਗੁਰੂ ਪਿਤਾ ਨਾਲ ਮਿਲਾਪ ਹੋ ਗਿਆ, ਤਾਂ ਆਪ ਆਪਣੇ ਆਪ ਨੂੰ ਵਡਭਾਗੀ ਸਮਝਣ ਲੱਗੇ :
ਭਾਗ ਹੋਆ ਗੁਰੂ ਸੰਤ ਮਿਲਾਇਆ॥
ਪ੍ਰਭੂ ਅਬਿਨਾਸੀ ਘਰ ਮਹਿ ਪਾਇਆ॥
ਇਸ ਤੋਂ ਇਲਾਵਾ ਆਪ ਦੀ ਬਾਣੀ ਵਲਵਲਿਆਂ ਨਾਲ ਭਰਪੂਰ ਹੈ। ਪ੍ਰਭੂ-ਪਿਆਰ ਦੀ ਤੀਬਰ-ਤਾਂਘ ਸਪੱਸ਼ਟ ਝਲਕਦੀ ਹੈ। ਆਪ ਦੀ ਬੋਲੀ ਰਸਭਰੀ ਹੈ। ਇਸ ਵਿਚ ਕਈ ਭਾਸ਼ਾਵਾਂ ਦਾ ਮਿਸ਼ਰਨ ਹੈ। ਆਪ ਦੀਆਂ ਰਚਨਾਵਾਂ ਤੁਕਾਂ ਤੇ ਅਖਾਣ ਬਣ ਗਏ ।
ਸਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ॥
ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਇਕ ਮਹਾਨ ਸਾਹਿਤਕਾਰ, ਮਹਾਨ ਕਵੀ, ਸੰਗੀਤਾਚਾਰੀਆ, ਭਵਨ ਨਿਰਮਾਤਾ, ਸੰਪਾਦਕ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਪੁਜਾਰੀ ਤੇ ਭਗਤੀ ਦੇ ਰਸੀਏ , ਸੇਵਾ ਦੇ ਪੁਤਲੇ ਤੇ ਸ਼ਹੀਦਾਂ ਦੇ ਸਿਰਤਾਜ ਸਨ। ਸਿੱਖ ਧਰਮ ਸਭ ਤੋਂ ਪਹਿਲਾਂ ਆਪ ਨੇ ਮੁਗਲ ਹਕੂਮਤ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕੀਤਾ। ਇਸ ਵਿਰੋਧ ਕਾਰਨ ਹੀ ਆਪ ਨੂੰ ਅਕਹਿ ਤੇ ਤਸੀਹੇ ਝੱਲਣੇ ਪਏ। ਆਪ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਅਨੁਸਾਰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।