
ਨਾਮਧਾਰੀ ਸੰਪਰਦਾ ਵੱਲੋਂ ਵਿਗਾੜ ਕੇ ਕੀਤੀ ਗਈ 'ਅਰਦਾਸ'
ਚੰਡੀਗੜ੍ਹ: ਸਿੱਖਾਂ ਅਤੇ ਸਿੱਖੀ 'ਤੇ ਹਮਲੇ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਦੇ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਹੋਰ ਤਾਂ ਹੋਰ ਸਿੱਖਾਂ ਦੇ ਗੌਰਵਮਈ ਇਤਿਹਾਸ ਨਾਲ ਵੀ ਛੇੜਛਾੜ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਪਰ ਨਾਮਧਾਰੀ ਸੰਪਰਦਾ ਵੱਲੋਂ ਸਿੱਖਾਂ ਦੀ ਅਰਦਾਸ 'ਤੇ ਹਮਲਾ ਕੀਤਾ ਗਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Guru Granth sahib ji
ਇਸ ਵੀਡੀਓ ਵਿਚ ਇਕ ਨਾਮਧਾਰੀ ਵਿਅਕਤੀ ਅਰਦਾਸ ਨੂੰ ਅਪਣੇ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਵਿਚ ਅਰਦਾਸ ਕਰ ਰਿਹਾ ਸਖ਼ਸ਼ 12ਵੇਂ ਗੁਰੂ ਦੀ ਗੱਲ ਕਰ ਰਿਹਾ ਹੈ, ਉਥੇ ਹੀ ਉਸ ਵੱਲੋਂ ਅਪਣੇ ਹੋਰ ਧਾਰਮਿਕ ਆਗੂਆਂ ਦਾ ਨਾਮ ਵੀ ਅਰਦਾਸ ਵਿਚ ਗੁਰੂਆਂ ਵਜੋਂ ਵਰਤਿਆ ਜਾ ਰਿਹਾ ਹੈ ਜੋ ਸਿੱਖ ਮਰਿਆਦਾ ਅਤੇ ਅਰਦਾਸ ਦੀ ਬੇਅਦਬੀ ਹੋਣ ਦੇ ਨਾਲ-ਨਾਲ ਬਜ਼ਰ ਪਾਪ ਹੈ।
Gurbani
ਇਸ ਨੂੰ ਲੈ ਕੇ ਸਿੱਖ ਕੌਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਂਝ ਇਹ ਪਹਿਲੀ ਵਾਰ ਨਹੀਂ ਜਦੋਂ ਨਾਮਧਾਰੀ ਸੰਪਰਦਾ ਨਾਲ ਜੁੜੇ ਲੋਕਾਂ ਨੇ ਸਿੱਖ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੋਵੇ। ਇਸ ਤੋਂ ਕੁੱਝ ਦਿਨ ਪਹਿਲਾਂ ਕੁੱਝ ਨਾਮਧਾਰੀਆਂ ਵੱਲੋਂ ਅਪਣੇ ਇਕ ਬਿਆਨ ਵਿਚ ਗਿਆਨੀ ਇਕਬਾਲ ਸਿੰਘ ਦੇ ਉਸ ਬਿਆਨ ਦਾ ਸਮਰਥਨ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਮ ਪਿਤਾ ਨੂੰ ਲਵ-ਕੁਸ਼ ਦੀ ਸੰਤਾਨ ਦੱਸਿਆ ਸੀ।
Akal Takht sahib
ਇਸ ਤੋਂ ਪਹਿਲਾਂ ਫਰੀਦਕੋਟ ਦੇ ਬਾਜਾਖਾਨਾ ਵਿਖੇ ਸਥਿਤ ਇਕ ਗੁਰਦੁਆਰਾ ਸਾਹਿਬ ਵਿਚੋਂ ਵੱਡੀ ਮਾਤਰਾ ਵਿਚ ਗੁਟਕਾ ਸਾਹਿਬ ਮਿਲੇ ਸਨ, ਜਿਨ੍ਹਾਂ ਵਿਚ ਗੁਰਬਾਣੀ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਵਿਚੋਂ ਕਈ ਕਿਤਾਬਾਂ 'ਤੇ ਨਾਮਧਾਰੀਆਂ ਦੇ ਗੁਰੂ ਦਾ ਨਾਮ ਲਿਖਿਆ ਹੋਇਆ ਸੀ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਆਰਐਸਐਸ ਸਿੱਧੇ ਤੌਰ 'ਤੇ ਸਿੱਖਾਂ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਬਲਕਿ ਉਸ ਵੱਲੋਂ ਅਜਿਹੇ ਲੋਕਾਂ ਜ਼ਰੀਏ ਸਿੱਖੀ ਦਾ ਘਾਣ ਕਰਵਾਇਆ ਜਾ ਰਿਹਾ ਹੈ ਜੋ ਬਾਹਰੀ ਤੌਰ 'ਤੇ ਦੇਖਣ ਵਿਚ ਸਿੱਖ ਲਗਦੇ ਹਨ ਪਰ ਅੰਦਰੋਂ ਸਿੱਖੀ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ।
SGPC
ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਵੀ ਕੁੱਝ ਅਜਿਹਾ ਹੀ ਜਾਪਦਾ ਹੈ। ਆਮ ਸਿੱਖਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਗੁਰੂ, ਇਤਿਹਾਸ ਅਤੇ ਹੁਣ ਅਰਦਾਸ 'ਤੇ ਹਮਲਾ ਕੀਤਾ ਜਾਣਾ ਛੋਟੀ ਗੱਲ ਨਹੀਂ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹੇ ਮਸਲਿਆਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਇਸ ਮੰਦਭਾਗੇ ਵਰਤਾਰੇ ਨੂੰ ਠੱਲ੍ਹ ਪਾਈ ਜਾ ਸਕੇ ਪਰ ਦੇਖਣਾ ਹੋਵੇਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐਸਜੀਪੀਸੀ ਵੱਲੋਂ ਇਸ ਮਾਮਲੇ 'ਤੇ ਕੀ ਕਾਰਵਾਈ ਕਰਦੀ ਹੈ।