
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਨਗਰ ਕੀਰਤਨ ਕੱਢਣ ‘ਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ...
ਪੀਲੀਭੀਤ: ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਨਗਰ ਕੀਰਤਨ ਕੱਢਣ ‘ਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ 55 ਸਿੱਖਾਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਨਿਸ਼ਾਨ ਸਾਹਿਬ ਲੱਗੇ ਇਕ ਉਸ ਵਾਹਨ ਨੂੰ ਵੀ ਕਬਜ਼ੇ ਵਿਚ ਲਿਆ ਗਿਆ ਹੈ ਜਿਹੜਾ ਇਸ ਨਗਰ ਕੀਰਤਨ ਦਾ ਹਿੱਸਾ ਸੀ। ਇਹ ਲੋਕ ਪੀਲੀਭੀਤ ਦੇ ਕੀਰਤਪੁਰ ਗੁਰਦੁਆਰੇ ਤੋਂ ਮੁਕੰਮਲ ਤੌਰ ‘ਤੇ ਸ਼ਾਂਤਮਈ ਨਗਰ ਕੀਰਤਨ ਕੱਢਣ ਦੇ ਦੋਸ਼ੀ ਪਾਏ ਗਏ ਹਨ।
Nagar Kirtan
ਹਾਲਾਂਕਿ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਧਾਰਾ 144 ਅਧੀਨ ਕੀਤੀ ਗਈ ਹੈ ਪਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਗਰ ਕੀਰਤਨ ਕੱਢਣ ਲਈ ਐਸਡੀਐਮ ਤੋਂ ਬਾਕਾਇਦਾ ਪ੍ਰਵਾਨਗੀ ਮੰਗੀ ਸੀ ਪਰ ਉਨ੍ਹਾਂ ਨੂੰ ਇਸ ਲਈ ਨਾਂਹ ਕਰ ਦਿੱਤੀ ਗਈ। ਦਰਜ ਕੀਤੀ ਗਈ ਐਫ਼ਆਈਆਰ ਵਿਚ 5 ਵਿਅਕਤੀਆਂ ਦੇ ਨਾਂਮ ਸ਼ਾਮਲ ਹਨ ਅਤੇ ਇਸ ਤੋਂ ਇਲਾਵਾ 50 ਦੇ ਲਗਪਗ ਹੋਰਾਂ ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
Up Police
ਐਸਐਚਓ ਸੰਜੀਵ ਕੁਮਾਰ ਉਪਾਧਿਆਏ ਅਨੁਸਾਰ ਨਗਰ ਕੀਰਤਨ ਵਿਚ ਸ਼ਾਮਲ ਲੋਕਾਂ ‘ਤੇ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਪਿੰਡ ਖੇੜੀ ਨੌਬਰਾਮਾਦ ਦੇ ਸਰਪੰਚ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਲੀਨਗਰ ਸਰਕਲ ਦੇ ਐਸਡੀਐਮ ਹਰੀ ਉਮ ਸ਼ਰਮਾ ਤੋਂ ਨਗਰ ਕੀਰਤਨ ਲਈ ਪ੍ਰਵਾਨਗੀ ਮੰਗੀ ਸੀ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ।
Nagar Kirtan
ਸਰਪੰਚ ਅਨੁਸਾਰ ਸਿੱਖਾਂ ਵੱਲੋਂ ਹਰ ਸਾਲ ਵਾਂਗ ਨਗਰ ਕੀਰਤਨ ਇਸ ਭਰੋਸੇ ਕੱਢਿਆ ਗਿਆ ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣੇ ਧਾਰਮਿਕ ਅਕੀਦੇ ਅਨੁਸਾਰ ਕੰਮ ਕਰ ਰਹੇ ਹੋਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜ ਫ਼ੈਲਾਉਣ ਦਾ ਕੋਈ ਮਤਲਬ ਹੀ ਨਹੀਂ ਸੀ। ਸ. ਰਣਜੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਨੇ ਕਾਰਵਾਈ ਕੀਤੀ ਹੈ ਉਹ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਸਨ।
Nagar Kirtan
ਪਤਾ ਲੱਗਿਆ ਹੈ ਕਿ ਪ੍ਰਬੰਧਕਾਂ ਨੇ ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਧਿਆਨ ਵਿਚ ਲਿਆਂਦਾ ਹੈ ਜਿਨ੍ਹਾਂ ਨੇ ਪੁਲਿਸ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਉਹ ਇਹ ਮਾਮਲਾ ਉੱਤਰ ਪ੍ਰਦੇਸ਼ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਾਹਮਣੇ ਉਠਾਉਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੁਲਿਸ ਇਸ ਤਰ੍ਹਾਂ ਦੀਆਂ ਕਾਰਵਾਈਆਂ ਮੁੜ ਨਾ ਕਰੇ।