
ਅਧਿਕਾਰੀਆਂ ਨੇ ਖ਼ੁਦ ਹੀ ਕਰ ਲਿਆ ਮਾਮਲਾ ਹੱਲ
ਬੀਤੇ ਦਿਨੀ ਇਕ ਸ਼ਰਧਾਲੂ ਦਰਬਾਰ ਸਾਹਿਬ ਦੇ ਲੰਗਰ ਲਈ ਪੰਜ ਹਜ਼ਾਰ ਦੀ ਰਸੀਦ ਕਟਵਾਉਣ ਲੱਗ ਪਰ ਭੀੜ ਜਿਆਦਾ ਹੋਣ ਕਾਰਨ ਉਸ ਨੇ ਇਕ ਸੇਵਾਦਾਰ ਨੂੰ ਕਿਹਾ ਕਿ ਉਹ ਇਹ ਰਕਮ ਲੈ ਲਵੇ ਅਤੇ ਉਹ ਬਾਅਦ ਵਿਚ ਰਸੀਦ ਲੈ ਲਵੇਗਾ। ਸੇਵਾਦਾਰ ਨੇ ਚਾਰ ਹਜ਼ਾਰ ਦੀ ਰਸੀਦ ਕੱਟ ਕੇ ਸ਼ਰਧਾਲੂ ਦੇ ਹਵਾਲੇ ਕਰ ਦਿਤੀ। ਗੁਰਮੁਖੀ ਅਖਰਾਂ ਤੋ ਅਣਜਾਣ ਸ਼ਰਧਾਲੂ ਰਸੀਦ ਲੈ ਕੇ ਤੁਰਦਾ ਬਣਿਆ। ਇਹ ਰਸੀਦ ਉਸ ਨੇ ਅਪਣੇ ਇਕ ਜਾਣਕਾਰ ਜੋ ਸ਼੍ਰੋਮਣੀ ਕਮੇਟੀ ਵਿਚ ਇੰਚਾਰਜ ਪੱਧਰ ਦਾ ਅਧਿਕਾਰੀ ਹੈ, ਨੂੰ ਵਿਖਾਈ ਤਾਂ ਇੰਚਾਰਜ ਨੇ ਲੰਗਰ ਦੇ ਇਸ ਕਰਮਚਾਰੀ ਦੀ ਖਿਚਾਈ ਕੀਤੀ ਜਿਸ ਤੋਂ ਬਾਅਦ ਉਕਤ ਕਰਮਚਾਰੀ ਨੇ ਇਕ ਹਜ਼ਾਰ ਰੁਪਏ ਦੀ ਹੋਰ ਰਸੀਦ ਕਟਵਾ ਦਿਤੀ। ਅਧਿਕਾਰੀਆਂ ਨੇ ਇਹ ਮਾਮਲਾ ਉਪਰਲੇ ਅਧਿਕਾਰੀਆਂ ਤਕ ਨਹੀਂ ਪੁਜਣ ਦਿਤਾ ਤੇ ਆਪ ਹੀ ਇਹ ਮਾਮਲਾ ਹੱਲ ਕਰ ਲਿਆ। ਹਾਲ ਹੀ ਵਿਚ ਵਾਪਰੇ ਅਜਿਹੇ ਹੀ ਇਕ ਮਾਮਲੇ ਵਿਚ ਮੁੰਬਈ ਦਾ ਇਕ ਸ਼ਰਧਾਲੂ ਇਕ ਅਧਿਕਾਰੀ ਨੂੰ ਇਕ ਲੱਖ ਰੁਪਏ ਖੀਰ ਦੇ ਲੰਗਰ ਲਈ ਭੇਂਟ ਕਰ ਗਿਆ।
Darbar Sahib
ਅਧਿਕਾਰੀ ਨੇ ਖੀਰ ਤਾਂ ਲੰਗਰ ਵਿਚ ਮੌਜੂਦ ਸਾਮਾਨ ਨਾਲ ਹੀ ਤਿਆਰ ਕਰ ਦਿਤੀ ਪਰ ਬਿਲ ਸ਼ਹਿਰ ਦੇ ਇਕ ਨਾਮੀ ਹਲਵਾਈ ਕੋਲੋਂ ਲੈ ਕੇ ਦੇ ਦਿਤਾ। ਭੁਪਾਲ ਤੋਂ ਆਏ ਇਕ ਸ਼ਰਧਾਲੂ ਨਾਲ ਵੀ ਅਜਿਹਾ ਹੀ ਵਾਪਰਿਆ। ਉਸ ਵਲੋਂ ਭੇਂਟ ਕੀਤੀ ਰਾਸ਼ੀ ਇਕ ਅਧਿਕਾਰੀ ਜ਼ੇਬ ਵਿਚ ਲੈ ਕੇ ਘੁੰਮਦਾ ਰਿਹਾ ਜਦ ਉਕਤ ਸ਼ਰਧਾਲੂ ਅਚਾਨਕ ਗੁਰੂ ਕੇ ਲੰਗਰ ਵਿਚ ਉਸ ਦੀ ਮਾਇਆ ਨਾਲ ਤਿਆਰ ਹੋਣ ਵਾਲੇ ਲੰਗਰ ਵਾਲੇ ਦਿਨ ਅੰਮ੍ਰਿਤਸਰ ਵਿਚ ਆਇਆ ਤਾਂ ਅਧਿਕਾਰੀਆਂ ਨੇ ਦਸਿਆ ਕਿ ਉਸ ਦਾ ਨਾਂ ਤਾਂ ਅਰਦਾਸ ਵਾਲੀ ਸੂਚੀ ਵਿਚ ਹੈ ਹੀ ਨਹੀਂ। ਲੰਗਰ ਦੇ ਕਰਮਚਾਰੀਆਂ ਵਲੋਂ ਉਕਤ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਹਫ਼ੜਾ-ਦਫ਼ੜੀ ਵਿਚ ਉਸ ਨੇ ਅਰਦਾਸ ਕਰਨ ਦਾ ਨਿਰਦੇਸ਼ ਜਾਰੀ ਕਰਦਿਆਂ ਦਸਿਆ ਕਿ ਉਸ ਦੀ ਜ਼ੇਬ ਵਿਚ ਮਾਇਆ ਹੈ। ਅਰਦਾਸ ਹੋ ਜਾਣ ਤੋਂ ਬਾਅਦ ਮਜਬੂਰੀ ਵਸ ਅਧਿਕਾਰੀ ਨੂੰ ਮਾਇਆ ਜਮ੍ਹਾਂ ਕਰਵਾਉਣੀ ਪਈ।