
'ਜਥੇਦਾਰ' ਨੇ ਕਿਹਾ ਘਰੇਲੂ ਕਾਰਨਾਂ ਕਰ ਕੇ ਬੀਬੀ ਨਵਿਤਾ ਕੌਰ ਨੇ ਅਸਮਰੱਥਾ ਜ਼ਾਹਰ ਕੀਤੀ
ਅੰਮ੍ਰਿਤਸਰ, 30 ਜੁਲਾਈ (ਪਰਮਿੰਦਰ, ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 267 ਸਰੂਪਾਂ ਦੇ ਮਾਮਲੇ 'ਤੇ ਬਣੀ ਜਾਂਚ ਕਮੇਟੀ ਦੀ ਮੁਖੀ ਬੀਬੀ ਨਵਿਤਾ ਸਿੰਘ (ਰਿਟਾਇਰਡ ਜੱਜ) ਪੰਜਾਬ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਨੇ ਜਾਂਚ ਤੋਂ ਅਸਮਰੱਥਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਇਸ ਪਿਛੇ ਘਰੇਲੂ ਮਜਬੂਰੀ ਦਸਦਿਆਂ ਜਾਂਚ ਕਰਨ ਤੋਂ ਅਪਣੀ ਅਸਮਰੱਥਾ ਜ਼ਾਹਰ ਕਰਦਿਆਂ ਅੱਜ ਇਕ ਪੱਤਰ ਭੇਜਿਆ ਹੈ। ਇਸ ਲਈ ਉਨ੍ਹਾਂ ਦੀ ਥਾਂ 'ਤੇ ਜਥੇਦਾਰ ਨੇ ਡਾ. ਈਸ਼ਰ ਸਿੰਘ (ਐਡਵੋਕੇਟ) ਤੇਲੰਗਾਨਾ ਹਾਈ ਕੋਰਟ ਨੂੰ ਮੁੱਖ ਜਾਂਚ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪ ਦਿਤੀ ਹੈ
ਅਤੇ ਉਨ੍ਹਾਂ ਨਾਲ ਸਹਿਯੋਗ ਲਈ ਡਾ. ਹਰਪ੍ਰੀਤ ਕੌਰ (ਐਡਵੋਕੇਟ) ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਬੀਬੀ ਹਰਲੀਨ ਕੌਰ ਸੀ.ਏ ਨੂੰ ਸਹਾਇਕ ਵਜੋਂ ਜਾਂਚ ਕਮੇਟੀ ਵਿਚ ਸ਼ਾਮਲ ਕਰ ਦਿਤਾ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਸਲੇ 'ਤੇ ਬਣੀ ਸਬ-ਕਮੇਟੀ ਵਿਚ ਜਾਂਚ ਕਰਨ ਲਈ ਨਵੀਂ ਕਮੇਟੀ ਦੇ ਨਾਲ ਵੀ ਜਾਂਚ 'ਤੇ ਕੋਈ ਫ਼ਰਕ ਨਹੀਂ ਪਵੇਗਾ ਸਗੋਂ ਪੂਰੀ ਨਿਰਪੱਖਤਾ ਤੇ ਪਹਿਲਾ ਤੋਂ ਹੀ ਨਿਸ਼ਚਿਤ ਕੀਤੇ ਸਮੇਂ ਅਨੁਸਾਰ ਹੀ ਜਾਂਚ ਪੂਰੀ ਹੋਵੇਗੀ ਅਤੇ ਜਾਂਚ ਕਮੇਟੀ ਵਲੋਂ ਦਿਤੀ ਗਈ ਰੀਪੋਰਟ ਅਨੁਸਾਰ ਦੋਸ਼ੀ ਕੋਈ ਵੀ ਹੋਵੇ, ਉਹ ਬਖ਼ਸ਼ਿਆ ਨਹੀਂ ਜਾਵੇਗਾ।