
ਨਵੰਬਰ 1984 ਸਿੱਖ ਨਸਲਕੁਸ਼ੀ ਦੇ ਗਵਾਹ ਤੇਜਿੰਦਰ ਸਿੰਘ ਦੀ ਅੰਤਮ ਅਰਦਾਸ ਮੌਕੇ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਦਾ ਕੋਈ ਨੁਮਾਇੰਦਾ ਨਾ ਪਹੁੰਚਿਆ।
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਨਵੰਬਰ 1984 ਸਿੱਖ ਨਸਲਕੁਸ਼ੀ ਦੇ ਗਵਾਹ ਤੇਜਿੰਦਰ ਸਿੰਘ ਦੀ ਅੰਤਮ ਅਰਦਾਸ ਮੌਕੇ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਦਾ ਕੋਈ ਨੁਮਾਇੰਦਾ ਨਾ ਪਹੁੰਚਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਤੇਜਿੰਦਰ ਸਿੰਘ ਬਲੌਂਗੀ ਨੇ 35 ਸਾਲ ਬੈੱਡ 'ਤੇ ਜ਼ਿੰਦਗੀ ਤੇ ਮੌਤ ਵਿਚਕਾਰ ਸੰਘਰਸ਼ ਕਰ ਕੇ ਗੁਜਾਰੇ ਪਰ ਅਖ਼ੀਰ ਦੁਨੀਆਂ ਤਂੋ ਰੁਖ਼ਸਤ ਹੋਣ ਸਮੇਂ ਵੀ ਇਨਸਾਫ਼ ਪ੍ਰਾਪਤ ਨਹੀਂ ਹੋਇਆ।
SGPC
ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਨੇ ਕਿਹਾ ਕਿ ਬਾਦਲ ਅਕਾਲੀ ਦਲ ਨੇ ਸਿਰਫ਼ ਨਵੰਬਰ 1984 ਸਿੱਖ ਨਸਲਕੁਸ਼ੀ ਉਪਰ ਸਿਆਸਤ ਕਰ ਕੇ ਲਾਹਾ ਲਿਆ ਹੈ ਪਰ ਪੀੜਤਾਂ ਦੀ ਬਣਦੀ ਸਹਾਇਤਾ ਤੋਂ ਮੁਨਕਰ ਹੀ ਰਿਹਾ ਹੈ। ਅੱਜ ਵੀ ਬਾਦਲ ਦਲ ਦਾ ਕੋਈ ਨੁਮਾਇੰਦਾ ਨਜ਼ਰ ਨਹੀਂ ਆਇਆ ।
Balbir Singh Sidhu
ਉਨ੍ਹਾਂ ਪੀੜਤ ਪ੍ਰਵਾਰ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਉਹ ਹਰ ਸੰਭਵ ਸਹਾਇਤਾ ਕਰਨਗੇ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਬੇਟੇ ਕੰਵਲਬੀਰ ਸਿੰਘ ਸਿੱਧੂ, ਬਲਾਕ ਸੰਮਤੀ ਮੈਂਬਰ ਤੇਜਵੰਤ ਸਿੰਘ ਗਰੇਵਾਲ, ਲੰਬੜਦਾਰ ਤਿਰਲੋਚਨ ਸਿੰਘ ਮਾਨ, ਸੂਰਜਾ ਦੇਵੀ ਪਤਨੀ ਦਿਨੇਸ਼ ਚੰਦ ਸਰਪੰਚ ਬਲੌਗੀ, ਕੁਲਦੀਪ ਸਿੰਘ ਬਿੱਟੂ, ਬੀ ਐਸ ਪ੍ਰੇਮੀ ਬਾਲਾ ਜੀ, ਵਿਜੇ ਪਾਠਕ ਸਮੇਤ ਅਨੇਕਾ ਸ਼ਖ਼ਸੀਅਤਾਂ ਹਾਜ਼ਰ ਸਨ। ਸ. ਤੇਜਿੰਦਰ ਸਿੰਘ ਦੇ ਵੱਡੇ ਭਰਾ ਮਨਜੀਤ ਸਿੰਘ ਬਲੌਂਗੀ ਨੇ ਆਈਆਂ ਸੰਗਤਾਂ ਦਾ ਧਨਵਾਦ ਕੀਤਾ।