ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ 'ਹਾਅ ਦਾ ਨਾਅਰਾ'
Published : Dec 23, 2017, 2:51 pm IST
Updated : Dec 23, 2017, 9:21 am IST
SHARE ARTICLE

ਮੱਖਣ ਸ਼ਾਹ ਦਭਾਲੀ 

ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ 'ਤੇ ਜ਼ਬਰ ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ, ਉੱਥੇ ਸੰਕਟ ਦੀ ਘੜੀ ਵਿਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਅਤੇ ਪੁਸ਼ਤਾਂ ਤੱਕ ਉਨ੍ਹਾਂ ਦਾ ਅਹਿਸਾਨਮੰਦ ਵੀ ਰਿਹਾ। ਸਿੱਖ ਕੌਮ 'ਤੇ ਇਹੋ ਜਿਹਾ ਇੱਕ ਅਹਿਸਾਨ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਕੀਤਾ ਸੀ, ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਉਪਰੰਤ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿਚ ਅੰਤਾਂ ਦਾ ਫ਼ਖ਼ਰ ਮਹਿਸੂਸ ਕਰਦਾ ਹੈ। ਸਰਹਿੰਦ ਦੀ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫਤਿਹ ਸਿੰਘ (7 ਸਾਲ) ਨੂੰ ਪੇਸ਼ ਕੀਤਾ ਗਿਆ। ਉਸ ਸਮੇਂ ਕਚਹਿਰੀ ਵਿਚ ਹੋਰਨਾਂ ਤੋਂ ਇਲਾਵਾ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ। 



ਸੂਬੇਦਾਰ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ 'ਕਸੂਰ' ਸਮਝਾਉਂਦਿਆਂ ਉਨ੍ਹਾਂ ਵਿਰੁੱਧ ਤੁਰੰਤ ਸਜ਼ਾ ਸੁਣਾਉਣ ਦਾ ਫ਼ੈਸਲਾ ਦੇਣ ਲਈ ਕਿਹਾ ਪਰ ਕਾਜ਼ੀ ਨੇ ਵਿਚਾਰ ਪ੍ਰਗਟ ਕੀਤਾ ਕਿ ਇਸਲਾਮ, ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਕਚਹਿਰੀ ਵਿਚ ਬੈਠੇ ਦੀਵਾਨ ਸੁੱਚਾ ਨੰਦ ਦੇ ਇਸ਼ਾਰੇ 'ਤੇ ਸੂਬੇਦਾਰ ਵਜ਼ੀਰ ਖਾਂ ਨੇ ਨਵਾਬ ਮਲੇਰਕੋਟਲਾ ਨੂੰ ਚੇਤੇ ਕਰਵਾਇਆ ਕਿ ਉਸ ਦਾ ਭਰਾ, ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰਿਆ ਗਿਆ ਸੀ। ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਉਸ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਉਨ੍ਹਾਂ ਨੂੰ ਸ਼ਹੀਦ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ।

ਨਵਾਬ ਮਲੇਰਕੋਟਲਾ ਨੇ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ ਸਪੱਸ਼ਟ ਕੀਤਾ ਕਿ ਬਾਪ ਵੱਲੋਂ ਕੀਤੇ ਦਾ ਬਦਲਾ ਉਸ ਦੇ ਮਾਸੂਮ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ। ਨਵਾਬ ਮਲੇਰਕੋਟਲਾ ਦਾ ਠੋਕਵਾਂ ਜਵਾਬ ਸੁਣ ਕੇ ਸੂਬੇਦਾਰ ਤੇ ਸੁੱਚਾ ਨੰਦ ਫਿੱਕੇ ਪੈ ਗਏ। ਹਕੀਮ ਅੱਲ੍ਹਾ ਯਾਰ ਖਾਂ ਯੋਗੀ ਨੇ ਇਨ੍ਹਾਂ ਪਲਾਂ ਨੂੰ ਇੰਝ ਕਲਮਬੱਧ ਕੀਤਾ ਹੈ...


ਝਾੜੂ ਸਾ ਖਾ ਕੇ ਦੋਨੋਂ ਸ਼ਰਮਸਾਰ ਹੋ ਗਏ।
ਜੱਲਾਦ ਸਾਰੇ ਕਤਲ ਸੇ ਬੇਜ਼ਾਰ ਹੋ ਗਏ।

(ਹਕੀਮ ਅੱਲ੍ਹਾ ਯਾਰ ਖਾਂ ਜੋਗੀ, ਸਰਹਿੰਦ ਅਤੇ ਚਮਕੌਰ ਸਾਹਿਬ ਦੇ ਖ਼ੂਨੀ ਸਾਕਿਆਂ ਨੂੰ ਦੋ ਲੰਬੀਆਂ ਉਰਦੂ ਨਜ਼ਮਾਂ ਵਿਚ ਲਿਖਣ ਵਾਲੇ ਲਾਸਾਨੀ ਸ਼ਾਇਰ ਹਨ। ਇਨ੍ਹਾਂ ਦੀ ਸੰਨ 1913 ਈਸਵੀ ਵਿਚ ਲਿਖੀ ਉਰਦੂ ਨਜ਼ਮ 'ਸ਼ਹੀਦਾਨਿ ਵਫ਼ਾ' (ਸਾਕਾ ਸਰਹਿੰਦ) ਨੇ ਬਹੁਤ ਲੋਕਪ੍ਰਿਯਤਾ ਅਤੇ ਪ੍ਰਸਿੱਧੀ ਹਾਸਲ ਕੀਤੀ।)

ਇਸੇ ਦੌਰਾਨ ਚਲਾਕ ਅਤੇ ਮੱਕਾਰ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਬਾਗ਼ੀ ਸਿੱਧ ਕਰਕੇ ਸੂਬੇਦਾਰ ਅਤੇ ਕਾਜ਼ੀ ਨੂੰ ਜਚਾ ਦਿੱਤਾ ਕਿ ਮੁਸਲਿਮ ਸ਼ਰ੍ਹਾ ਅਨੁਸਾਰ ਬਾਗ਼ੀਆਂ ਨੂੰ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ। ਅੰਤ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧਾਂ ਵਿਚ ਚਿਣਵਾ ਦੇਣ ਦਾ ਮੰਦਭਾਗਾ ਫ਼ੈਸਲਾ ਕੀਤਾ ਗਿਆ। ਉਹ ਫ਼ੈਸਲਾ ਜਿਸ 'ਤੇ ਸਿੱਖ ਸਮਾਜ ਹੁਬਕੀਂ ਰੋਇਆ। ਉਹ ਫ਼ੈਸਲਾ, ਜਿਸ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਉਹ ਫ਼ੈਸਲਾ, ਜੋ ਸੂਬੇਦਾਰ ਅਤੇ ਮੁਗ਼ਲ ਹਕਮੂਤ ਨੂੰ ਬਹੁਤ ਜ਼ਿਆਦਾ ਮਹਿੰਗਾ ਪਿਆ। 



ਨਵਾਬ ਮਲੇਰਕੋਟਲਾ ਨੇ ਇਸ ਫ਼ੈਸਲੇ 'ਤੇ ਅਸਹਿਮਤੀ ਪ੍ਰਗਟ ਕਰਦਿਆਂ ਇਸ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ ਪਰ ਇਸ ਪਵਿੱਤਰ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਸ ਫ਼ੈਸਲੇ ਤੋਂ ਬਾਅਦ ਨਵਾਬ ਮਲੇਰਕੋਟਲਾ ਰੋਸ ਵਜੋਂ ਕਚਹਿਰੀ ਵਿੱਚੋਂ ਉੱਠ ਕੇ ਚਲੇ ਗਏ ਸਨ। ਉਨ੍ਹਾਂ ਦੇ ਇਸ ਰੋਸ ਪ੍ਰਗਟਾਵੇ ਨੂੰ ਸਿੱਖ ਜਗਤ ਵੱਡੀ ਸ਼ਰਧਾ ਨਾਲ 'ਹਾਅ ਦਾ ਨਾਅਰਾ' ਦੇ ਨਾਂਅ ਨਾਲ ਯਾਦ ਕਰਦਾ ਹੈ ਅਤੇ ਸਿੱਖ ਇਤਿਹਸ ਵਿਚ ਇਹ ਘਟਨਾ ਸੁਨਹਿਰੀ ਅੱਖਾਂ ਵਿਚ ਦਰਜ ਹੈ।

ਕੁਝ ਲਿਖਤਾਂ ਅਨੁਸਾਰ ਇਹ ਘਟਨਾ 27 ਦਸੰਬਰ 1704 ਨੂੰ ਵਾਪਰੀ ਦੱਸੀ ਜਾਂਦੀ ਹੈ ਪਰ ਆਧੁਨਿਕ ਖੋਜ ਤੋਂ ਸਿੱਧ ਹੋ ਚੁੱਕਿਆ ਹੈ ਕਿ ਕੰਧ ਵਿੱਚ ਚਿਣਵਾਉਣ ਦੀ ਘਟਨਾ 25 ਦਸੰਬਰ ਨੂੰ ਵਾਪਰੀ ਸੀ। 27 ਦਸੰਬਰ ਨੂੰ ਤਾਂ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਕੇ ਸ਼ਹੀਦੀ ਜਾਮ ਪਿਲਾਏ ਗਏ ਸਨ। ਇਸ ਤੱਥ ਦੀ ਪੁਸ਼ਟੀ ਲਈ ਮਹਾਨ ਵਿਦਵਾਨ ਸ. ਹਰਬੰਸ ਸਿੰਘ ਦੀ ਪੁਸਤਕ 'ਗੁਰੂ ਗੋਬਿੰਦ ਸਿਘ' 'ਚੋਂ ਹਵਾਲਾ ਦਿੱਤਾ ਜਾ ਸਕਦਾ ਹੈ। 



ਬੇਸ਼ੱਕ ਇਹ 'ਹਾਅ ਦਾ ਨਾਅਰਾ' ਸਾਹਿਬਜ਼ਾਦਿਆਂ ਨੂੰ ਦਿੱਤੇ ਦੰਡ ਦੇ ਫ਼ੈਸਲੇ ਨੂੰ ਅਮਲੀ ਰੂਪ ਵਿਚ ਕੋਈ ਫ਼ਰਕ ਨਹੀਂ ਪਾ ਸਕਿਆ, ਫਿਰ ਵੀ ਨਵਾਬ ਨੇ ਸਿੱਖਾਂ 'ਤੇ ਇੱਕ ਅਜਿਹਾ ਅਹਿਸਾਨ ਚੜ੍ਹਾ ਦਿੱਤਾ ਹੈ, ਜਿਸ ਨੂੰ ਉਤਾਰਨ ਲਈ ਉਹ ਪਿਛਲੇ 309 ਵਰ੍ਹਿਆਂ ਤੋਂ ਯਤਨਸ਼ੀਨ ਹਨ। ਸਿੱਖ ਬੱਚਾ ਜਿੱਥੇ ਹੋਸ਼ ਸੰਭਾਲਦੇ ਹੀ ਸਰਹਿੰਦ ਦਾ ਸਾਕਾ ਕੰਠ ਕਰ ਲੈਂਦਾ ਹੈ, ਉੱਥੇ ਹਾਅ ਦਾ ਨਾਅਰਾ ਵੀ ਉਸ ਦੇ ਨਰਮ ਮਨ 'ਤੇ ਡੂੰਘਾ ਉੱਕਰਿਆ ਜਾਂਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਤ ਸਮੁੱਚਾ ਸਿੱਖ ਜਗਤ ਇਸ ਜ਼ੁਲਮ ਦਾ ਬਦਲਾ ਲੈਣ ਲਈ ਸਹੀ ਸਮੇਂ ਦੀ ਉਡੀਕ ਕਰਨ ਲੱਗਾ। ਅੰਤ ਸੰਨ 1710 ਈਸਵੀ ਵਿਚ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਰਹਿੰਦ ਤੋਂ 12 ਕੋਹ ਦੀ ਵਿੱਥ 'ਤੇ ਚੱਪੜਚਿੜੀ ਦੇ ਮੈਦਾਨ ਵਿਚ ਇੱਕ ਫ਼ੈਸਲਾਕੁੰਨ ਜੰਗ ਲੜੀ। ਇਸ ਜੰਗ ਵਿਚ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਇੱਕ ਉੱਘੇ ਜਰਨੈਲ ਫਤਿਹ ਸਿੰਘ ਨੇ ਖੰਡੇ ਦੇ ਇੱਕੋ ਵਾਰ ਨਾਲ ਸੂਬੇਦਾਰ ਵਜ਼ੀਰ ਖਾਂ ਨੂੰ ਗਰਦਨ ਤੋਂ ਲੈ ਕੇ ਲੱਕ ਤੱਕ ਦੋਫਾੜ ਕਰ ਦਿੱਤਾ ਸੀ। (ਕੁੱਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਸੂਬੇਦਾਰ ਦੀ ਮੌਤ ਕਿਸੇ ਸਿੰਘ ਦੇ ਤੀਰ ਨਾਲ ਹੋਈ ਸੀ।)



ਸਿੱਖ ਜਗਤ ਨੇ 'ਹਾਅ ਦਾ ਨਾਅਰੇ' ਦਾ ਮੁੱਲ ਵੀ ਮੋੜਿਆ। 18ਵੀਂ ਸਦੀ ਸਿੱਖਾਂ ਦੇ ਇਮਤਿਹਾਨ ਦਾ ਸਮਾਂ ਸੀ। ਸਿੱਖਾਂ ਨੂੰ ਪਰਖਿਆ ਜਾਣ ਲੱਗਾ। ਮੁ਼ਗ਼ਲ ਹਕੂਮਤ ਨੇ ਜੀਅ ਭਰ ਕੇ ਸਿੱਖਾਂ 'ਤੇ ਜ਼ੁਲਮ ਢਾਹੇ। ਅੰਤ ਮੁਗ਼ਲ ਰਾਜ ਆਪਣੇ ਆਪ ਹੀ ਪਾਪਾਂ ਦੇ ਭਾਰ ਹੇਠ ਦਬਣਾ ਸ਼ੁਰੂ ਹੋ ਗਿਆ ਅਤੇ ਸਿੱਖਾਂ ਦੀ ਚੜ੍ਹਤ ਹੋਣ ਲੱਗ ਪਈ। ਇਸੇ ਚੜ੍ਹਤ ਦੌਰਾਨ ਸਿੱਖ ਸੰਨ 1783 ਵਿਚ ਲਾਲ ਕਿਲ੍ਹੇ ਵਿਚ ਦਾਖ਼ਲ ਹੋ ਗਏ ਅਤੇ ਦੀਵਾਨੇ-ਏ-ਆਮ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। (ਸਿੱਖਾਂ ਨੇ ਇੱਕ ਵਾਰ ਸ. ਬਘੇਲ ਸਿੰਘ ਦੀ ਕਮਾਨ ਹੇਠ ਵੀ ਦਿੱਲੀ ਨੂੰ ਫਤਿਹ ਕੀਤਾ ਸੀ।)

ਇਸ ਤੋਂ ਬਾਅਦ ਸਿੱਖ ਪੰਜਾਬ ਦੇ ਮਾਲਕ ਬਣ ਗਏ। ਫਿਰ ਇੱਕ ਸਮਾਂ ਆਇਆ ਜਦੋਂ ਕੈਥਲ-ਕਰਨਾਲ ਤੋਂ ਲੈ ਕੇ ਦੱਰਾ ਖੈਬਰ ਤੱਕ ਸਿੱਖਾਂ ਦਾ ਬੋਲਬਾਲਾ ਸੀ। (ਰਿਆਸਤ ਕੈਥਲ ਦੇ ਆਖਰੀ ਰਾਜੇ ਭਾਈ ਉਦੈ ਸਿੰਘ ਦਾ ਕਿਲ੍ਹਾ ਅੱਜ ਵੀ ਸਿੱਖ ਚੜ੍ਹਤ ਦੀ ਯਾਦ ਨੂੰ ਸਾਂਭੀ ਬੈਠਾ ਹੈ।) ਪਰ 'ਹਾਅ ਦੇ ਨਾਅਰੇ' ਦਾ ਸਤਿਕਾਰ ਕਰਦਿਆਂ ਕਿਸੇ ਵੀ ਸਿੱਖ ਨੇ ਮਲੇਰਕੋਟਲੇ ਵੱਲ ਅੱਖ ਭਰ ਵੀ ਦੇਖਣ ਦੀ ਹਿੰਮਤ ਨਹੀਂ ਕੀਤੀ, ਬਲਕਿ ਸਦਾ ਉਸ ਨਵਾਬ ਮਲੇਰਕੋਟਲਾ ਅਤੇ ਉਸ ਦੇ ਵੰਸ਼ ਨੂੰ ਸਨਮਾਨਿਤ ਕਰਦੇ ਰਹੇ। 



ਇਸ ਤਰ੍ਹਾਂ ਸਿੱਖ ਰਿਆਸਤਾਂ ਵਿਚ ਘਿਰੀ ਇਹ ਮੁਸਲਮਾਨ ਰਿਆਸਤ ਸੰਨ 1948 ਈਸਵੀ ਤੱਕ ਕਾਇਮ ਰਹੀ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਦੀ ਵੰਸ਼ ਧੌਣ ਉੱਚੀ ਕਰਕੇ ਰਾਜ ਕਰਦੀ ਰਹੀ, ਜਾਂ ਇੰਝ ਕਹਿ ਲਓ ਕਿ ਸਿੱਖਾਂ ਨੇ ਨਵਾਬ ਮਲੇਰਕੋਟਲਾ ਨੂੰ ਇੱਕ 'ਹਾਅ ਦੇ ਨਾਅਰੇ' ਬਦਲੇ ਲਗਭਗ ਦੋ ਸਦੀਆਂ ਦਾ ਰਾਜ ਬਖਸ਼ਿਆ। ਇਹ ਉਸ 'ਹਾਅ ਦੇ ਨਾਅਰੇ' ਦਾ ਹੀ ਚਮਤਕਾਰ ਹੈ ਕਿ ਅੱਜ ਵੀ ਮਲੇਰਕੋਟਲਾ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡ ਮੁਸਲਮਾਨਾਂ ਦਾ ਗੜ੍ਹ ਹਨ।

'ਹਾਅ ਦੇ ਨਾਅਰੇ' ਦੀ ਦਾਸਤਾਨ ਦਾ ਸਬਕ ਹਰ ਸਿੱਖ ਅੰਤਰ ਪ੍ਰੇਰਣਾ ਸਦਕਾ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਹੀ ਦੇਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਕਰਕੇ ਸ਼ਾਇਦ ਉਹ ਅਚੇਤ ਹੀ ਇਸ ਅਹਿਸਾਨ ਦੇ ਭਾਰ ਨੂੰ ਬੱਚਿਆਂ ਨਾਲ ਸਾਂਝਾ ਕਰਕੇ ਹੌਲਾ ਕਰਨ ਦਾ ਯਤਨ ਕਰ ਰਿਹਾ ਹੁੰਦਾ ਹੈ। ਗੱਲ ਕੀ, ਸਿੱਖ ਮਾਨਸਿਕਤਾ ਕਦੇ ਇਸ ਅਹਿਸਾਨ ਨੂੰ ਭੁਲਾ ਨਹੀਂ ਕਰੇਗੀ, ਸਿੱਖ ਨਵਾਬ ਮਲੇਰਕੋਟਲਾ ਦੇ ਹਮੇਸ਼ਾਂ ਰਿਣੀ ਰਹਿਣਗੇ। ਸ਼ਹੀਦ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਚੜ੍ਹਦੀ ਦਿਸ਼ਾ ਵੱਲ ਗੇਟ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਦੀ ਯਾਦ ਨੂੰ ਸਮਰਪਿਤ ਹੈ ਜੋ ਸਿੱਖ ਸਮਾਜ ਦੀ ਉਨ੍ਹਾਂ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement