
ਬੱਸੀ ਪਠਾਣਾਂ ਸਬ-ਜੇਲ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦਗਾਰ ਸਥਾਪਤ ਕੀਤੀ ਜਾਵੇਗੀ
ਚੰਡੀਗੜ੍ਹ, 27 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਮੈਨੇਜਰ ਦੀਆਂ ਮੰਗਾਂ ਨੂੰ ਤੁਰਤ ਪ੍ਰਵਾਨ ਕਰਦਿਆਂ ਸਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਨੂੰ ਬੱਸੀ ਪਠਾਣਾਂ ਦੀ ਸਬ-ਜੇਲ ਵਿਚ ਯਾਦਗਾਰ ਸਥਾਪਤ ਕਰਨ ਲਈ ਵਿਸਥਾਰਤ ਤਜਵੀਜ਼ ਤਿਆਰ ਕਰਨ ਦੀ ਹਦਾਇਤ ਕੀਤੀ ਹੈ। ਇਸ ਜੇਲ ਵਿਚ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਨੂੰ ਉਸ ਵੇਲੇ ਦੀ ਮੁਗਲ ਹਕੂਮਤ ਵਲੋਂ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਕੈਦ ਰਖਿਆ ਗਿਆ ਸੀ। ਮੁੱਖ ਮੰਤਰੀ ਨੇ ਬੀਤੇ ਦਿਨ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਚੰਡੀਗੜ੍ਹ ਪਰਤਦਿਆਂ ਹੀ ਅਪਣੀ ਸਰਕਾਰੀ ਰਿਹਾਇਸ਼ 'ਤੇ ਉੱਚ ਪਧਰੀ ਮੀਟਿੰਗ ਬੁਲਾਈ ਜਿਸ ਵਿਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਅਤੇ ਮੈਨੇਜਰ ਜਸਬੀਰ ਸਿੰਘ ਵਲੋਂ ਯਾਦ ਪੱਤਰ ਰਾਹੀਂ ਰੱਖੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ। ਇਨ੍ਹਾਂ ਮੰਗਾਂ ਵਿਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ 10 ਕਿਲੋਮੀਟਰ ਦੇ ਘੇਰੇ ਵਿਚ ਪੈਂਦੀਆਂ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਬਾਬਾ ਮੋਤੀ ਰਾਮ ਮਹਿਰਾ ਗੇਟ (ਨੇੜੇ ਤਲਾਣੀਆਂ) ਤੋਂ ਬਾਬਾ ਬੰਦਾ ਸਿੰਘ ਬਹਾਦਰ ਗੇਟ ਤਕ ਸੜਕ ਜੋ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਗੁਰਦਵਾਰਾ ਜੋਤੀ ਸਰੂਪ ਕੋਲੋਂ ਗੁਜ਼ਰਦੀ ਹੈ, ਦਾ ਸੁੰਦਰੀਕਰਨ ਕੀਤਾ ਜਾਣਾ ਸ਼ਾਮਲ ਹੈ। ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਛੇਤੀ ਤੋਂ ਛੇਤੀ ਅਮਲ ਵਿਚ ਲਿਆਉਣ ਲਈ ਵਿਸਥਾਰਤ ਤਜਵੀਜ਼ ਤਿਆਰ ਕਰਨ ਤੇ ਅਨੁਮਾਨ ਲਾਉਣ ਦੇ ਹੁਕਮ ਦਿਤੇ।
ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਰੋਪੜ ਵਿਚ ਪੈਂਦੇ ਇਤਿਹਾਸਕ ਗੁਰਦਵਾਰਾ ਕੁੰਮਾ ਮਾਸ਼ਕੀ ਤੋਂ ਰੋਪੜ ਹੈੱਡਵਰਕਸ ਤਕ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਤੋਂ ਇਲਾਵਾ ਇਸ ਸੜਕ 'ਤੇ ਚਾਰ ਪੁਲਾਂ ਦੀ ਉਸਾਰੀ ਦਾ ਚੱਲ ਰਿਹਾ ਕੰਮ ਨਿਪਟਾਉਣ ਲਈ ਪੰਜ ਕਰੋੜ ਦੀ ਰਾਸ਼ੀ ਨੂੰ ਪ੍ਰਵਾਨਗੀ ਦਿਤੀ। ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਹੁਣ ਤਕ ਇਸ ਪ੍ਰਾਜੈਕਟ 6.69 ਕਰੋੜ ਰੁਪਏ ਖ਼ਰਚੇ ਜਾ ਚੁਕੇ ਹਨ ਅਤੇ ਬਾਕੀ ਪੰਜ ਕਰੋੜ ਰੁਪਏ ਵੀ ਛੇਤੀ ਜਾਰੀ ਕਰ ਦਿੱਤੇ ਜਾਣਗੇ ਤਾਂ ਕਿ ਗੁਰਦਵਾਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੀ ਸੰਗਤ ਦੀ ਸਹੂਲਤ ਲਈ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਸ਼ਹੀਦੀ ਸਭਾ ਮੌਕੇ ਜੁੜਦੀ ਸੰਗਤ ਦੀ ਸਹੂਲਤ ਲਈ ਫ਼ਤਿਹਗੜ੍ਹ ਸਾਹਿਬ ਨਾਲ ਲਗਦੇ ਖੇਤਰ ਵਿਚ ਖੁਲ੍ਹੇ-ਡੁੱਲ੍ਹੇ 10 ਬਾਥਰੂਮ ਬਣਾਉਣ ਦੀ ਪ੍ਰਵਾਨਗੀ ਦਿੰਦਿਆਂ ਜਨ ਸਿਹਤ ਮਹਿਕਮੇ ਦੇ ਸਕੱਤਰ ਕੋਲੋਂ ਰੀਪੋਰਟ ਮੰਗੀ ਹੈ।