
ਟਾਈਟਲਰ ਤੇ ਸੱਜਣ ਕੁਮਾਰ ਨੂੰ ਤੁਰਤ ਕਾਂਗਰਸ 'ਚੋਂ ਕੱਢਣ ਦੀ ਮੰਗ
ਨਵੀਂ ਦਿੱਲੀ, 9 ਫ਼ਰਵਰੀ (ਅਮਨਦੀਪ ਸਿੰਘ): 1984 ਦੇ ਮਾਮਲਿਆਂ ਵਿਚ ਜਗਦੀਸ਼ ਟਾਈਟਲਰ ਦੀ ਅਖੌਤੀ ਸ਼ਮੂਲੀਅਤ ਦੇ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਨਸ਼ਰ ਕੀਤੇ ਗਏ ਅਖੌਤੀ ਵੀਡੀਉ ਟੁਕੜਿਆਂ ਮਗਰੋਂ ਅੱਜ ਸਿੱਖ ਕਤਲੇਆਮ ਪੀੜਤਾਂ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਕਾਂਗਰਸ ਹੈੱਡਕੁਆਰਟਰ 24 ਅਕਬਰ ਰੋਡ 'ਤੇ ਮੁਜ਼ਾਹਰਾ ਕਰ ਕੇ ਟਾਈਟਲਰ ਤੇ ਸੱਜਣ ਕੁਮਾਰ ਨੂੰ ਕਾਂਗਰਸ 'ਚੋਂ ਕੱਢਣ ਦੀ ਮੰਗ ਕੀਤੀ।ਪੀੜਤ ਬੀਬੀਆਂ ਭਾਗੀ ਕੌਰ ਤੇ ਹੋਰਨਾਂ ਦੀ ਪੁਲਿਸ ਨਾਲ ਤਕਰਾਰਬਾਜ਼ੀ ਵੀ ਹੋਈ ਤੇ ਰੋਕਾਂ ਲਾ ਕੇ ਪੀੜਤਾਂ ਨੂੰ ਅੱਗੇ ਵੱਧਣ ਤੋਂ ਰੋਕ ਦਿਤਾ ਗਿਆ ਜਿਸ ਕਰ ਕੇ ਕਤਲੇਆਮ ਪੀੜਤ ਰੋਹ ਵਿਚ ਆ ਗਏ। ਟਾਈਟਲਰ, ਸੱਜਣ ਕੁਮਾਰ, ਤੇ ਕਾਂਗਰਸ ਖਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਵੀ ਕੀਤੀ ਗਈ।
ਮੁਜ਼ਾਹਰੇ ਵਿਚ ਸਿੱਖ ਕਤਲੇਆਮ ਦੀਆਂ ਵਿਧਵਾ ਬੀਬੀਆਂ, ਬੱਚਿਆਂ ਸਣੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ, ਸ. ਹਰਮੀਤ ਸਿੰਘ ਕਾਲਕਾ, ਸ. ਪਰਮਜੀਤ ਸਿੰਘ ਰਾਣਾ, ਸ. ਆਤਮਾ ਸਿੰਘ ਲੁਬਾਣਾ, ਸ. ਜਤਿੰਦਰ ਸਿੰਘ ਸ਼ੰਟੀ ਸਣੇ ਅਕਾਲੀ ਕਾਰਕੁਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਕਮੇਟੀ ਅਹੁਦੇਦਾਰਾਂ ਤੇ ਪੀੜਤ ਪਰਵਾਰਾਂ ਨੇ ਕਿਹਾ ਕਿ ਨਵੇਂ ਵੀਡੀਉ ਸਬੂਤਾਂ ਪਿੱਛੋਂ ਵੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਿਉਂ ਟਾਈਟਲਰ ਦਾ ਪੱਖ ਪੂਰ ਰਹੇ ਹਨ, ਦੋਸ਼ੀਆਂ ਨੂੰ ਕਾਂਗਰਸ 'ਚੋਂ ਕਿਉਂ ਨਹੀਂ ਕਢਿਆ ਜਾ ਰਿਹਾ? ਕੀ ਇਸ ਤਰ੍ਹਾਂ ਪੀੜਤਾਂ ਦੇ ਜ਼ਖ਼ਮਾਂ 'ਤੇ ਲੂਣ ਨਹੀਂ ਭੁਕਿਆ ਜਾ ਰਿਹਾ?