
ਅੰਮ੍ਰਿਤਸਰ 19 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਸ਼ਾਹੀਵਾਲ ਵਿਖੇ ਭੂ-ਮਾਫ਼ੀਆ ਵਲੋਂ ਗੁਰਦਵਾਰਾ ਢਾਹ ਕੇ ਅਪਣੇ ਨਿਜੀ ਸਵਾਰਥਾਂ ਨੂੰ ਮੁੱਖ ਰਖਦਿਆਂ ਪਲਾਜ਼ਾ ਬਣਾਇਆ ਜਾ ਰਿਹਾ ਹੈ ਜੋ ਨਿੰਦਣਯੋਗ ਘਟਨਾ ਹੈ। ਕੋਈ ਵੀ ਸੱਚਾ ਮੁਸਲਮਾਨ ਅਜਿਹੀ ਕਾਰਵਾਈ ਨਹੀਂ ਕਰ ਸਕਦਾ, ਸਾਰੇ ਧਰਮ ਇਨਸਾਨੀਅਤ ਹੀ ਸਿਖਾਂਉਂਦੇ ਹਨ, ਭਾਵੇਂ ਕੋਈ ਸਿੱਖ, ਹਿੰਦੂ ਜਾਂ ਮੁਸਲਮਾਨ ਹੋਵੇ, ਧਰਮੀ ਬੰਦਾ ਤਾਂ ਸੱਭ ਧਰਮਾਂ ਨੂੰ ਇਕੋ ਜਿਹਾ ਹੀ ਸਮਝਦਾ ਹੈ। ਜਥੇਦਾਰ ਕਿਹਾ ਕਿ ਪਾਕਿਸਤਾਨ ਵਿਚ ਰਹਿੰਦੀ ਸਿੱਖ ਸੰਗਤ ਇਸ ਘਟਨਾ ਦਾ ਵਿਰੋਧ ਕਰੇ ਅਤੇ ਪਾਕਿਸਤਾਨ ਸਰਕਾਰ ਦੇ ਨਾਲ ਰਾਬਤਾ ਕਾਇਮ ਕਰ ਕੇ ਇਸ ਘਟਨਾ ਸਬੰਧੀ ਗੱਲਬਾਤ ਕਰੇ।
ਪਾਕਿਸਤਾਨ ਸਰਕਾਰ ਇਸ ਮੰਦਭਾਗੀ ਘਟਨਾ ਉਪਰ ਤੁਰਤ ਕਾਰਵਾਈ ਕਰਦਿਆਂ ਸਬੰਧਤ ਵਿਅਕਤੀਆਂ ਵਿਰੁਧ ਕਾਰਵਾਈ ਕਰੇ ਜਿਸ ਨਾਲ ਭਵਿੱਖ ਵਿਚ ਕੋਈ ਵੀ ਵਿਅਕਤੀ ਅਜਿਹੀ ਕਾਰਵਾਈ ਕਰਨ ਦਾ ਹੌਸਲਾ ਨਾ ਕਰ ਸਕੇ। ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਜ਼ਰੂਰੀ ਉਪਰਾਲੇ ਕਰ ਕੇ ਗੁਰਦਵਾਰਿਆਂ ਦੀ ਰਾਖੀ ਵਲ ਧਿਆਨ ਦੇਵੇ ਤਾਕਿ ਕੋਈ ਵੀ ਗੁਰੂ ਘਰ ਦੀ ਇਮਾਰਤ ਨੂੰ ਨੁਕਸਾਨ ਨਾ ਪਹੁੰਚਾ ਸਕੇ। ਉਨ੍ਹਾਂ ਕਿਹਾ ਕਿ ਗੁਰਦਵਾਰਾ ਡਾਂਗਮਾਰ ਸਾਹਿਬ ਜੋ ਸਿਕਮ ਵਿਚ ਹੈ ਅਤੇ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਾ੍ਰਪਤ ਹੈ। ਉਥੇ ਬੁੱਧ ਧਰਮ ਵਾਲਿਆਂ ਨੇ ਗੁਰਦਵਾਰਾ 'ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਲਈ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਜਲਦੀ ਤੋਂ ਜਲਦੀ ਗੁਰਦਵਾਰਾ ਡਾਂਗਮਾਰ ਸਾਹਿਬ ਨੂੰ ਆਜ਼ਾਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਕਾਨਫ਼ਰੰਸਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਸਮੇਂ ਹੁੰਦੀਆਂ ਹਨ, ਉਨ੍ਹਾਂ ਵਿਚ ਇਕ-ਦੂਜੀ ਪਾਰਟੀ 'ਤੇ ਦੂਸ਼ਣਬਾਜ਼ੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸੰਗਤ ਵਿਚ ਸ਼ਹੀਦੀ ਸਮਾਗਮ ਸਬੰਧੀ ਗੁਰ ਇਤਿਹਾਸ ਦੀ ਗੱਲ ਕੀਤੀ ਜਾਵੇ।