
ਫ਼ਤਿਹਗੜ੍ਹ ਸਾਹਿਬ, 26 ਦਸੰਬਰ (ਸੁਰਜੀਤ ਸਿੰਘ ਸਾਹੀ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਯਾਦ ਵਿਚ ਚਲ ਰਹੇ ਤਿੰਨ ਦਿਨਾ ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਭਾਵੇਂ ਰਾਜਸੀ ਕਾਨਫ਼ਰੰਸਾਂ ਨਹੀਂ ਹੋਈਆਂ ਪਰ ਫਿਰ ਵੀ ਪ੍ਰਮੁੱਖ ਰਾਜਨੀਤਕ ਪਾਰਟੀਆਂ ਖ਼ਾਸ ਕਰ ਕਾਂਗਰਸ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਲਈ ਪੁੱਜੇ। ਉਧਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪੰਜਾਬ ਦੀ ਅਮਨ ਤੇ ਖ਼ੁਸ਼ਹਾਲੀ ਦੇ ਨਾਲ-ਨਾਲ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸਿਰੋਪਾ ਭੇਂਟ ਕੀਤਾ । ਇਸ ਮੌਕੇ ਉਨ੍ਹਾਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮਾਤਾ ਗੁਜਰੀ ਲੰਗਰ ਹਾਲ ਵਿਚ ਜਾ ਕੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਸ਼ਹੀਦੀ ਜੋੜ ਮੇਲ ਦੇ ਤੀਜੇ ਦਿਨ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਲਈ ਰਵਾਨਾ ਹੋਵੇਗਾ ਜੋ ਕਿ ਬਾਅਦ ਦੁਪਹਿਰ 1 ਵਜੇ ਅਰਦਾਸ ਉਪਰੰਤ ਸਮਾਪਤ ਹੋਵੇਗ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਵਲੋਂ ਸਿੱਖ ਕੌਮ ਦੇ ਨਾਮ ਸੰਦੇਸ਼ ਦਿਤੇ ਜਾਣ ਦੀ ਸੰਭਾਵਨਾ ਹੈ।
ਵਰਣਨਯੋਗ ਹੈ ਕਿ ਪਿਛਲੇ ਸਾਲ ਗਰਮ ਖਿਆਲੀਆਂ ਦੇ ਦਬਾਅ ਕਾਰਨ ਕਿਸੇ ਵੀ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਅਰਦਾਸ ਉਪਰੰਤ ਸਿੱਖ ਕੌਮ ਦੇ ਨਾਮ ਸੰਦੇਸ਼ ਨਹੀਂ ਸੀ ਦੇਣ ਦਿਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ, ਸੰਸਦ ਮੈਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੁੰਦੜ ਮੈਬਰ ਰਾਜ ਸਭਾ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ, ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਲਕਾ ਬਸੀ ਪਠਾਣਾ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ, ਜਗਜੀਤ ਸਿੰਘ ਕੋਹਲੀ, ਹਰਵਿੰਦਰ ਸਿੰਘ ਹਰਪਾਲਪੁਰ, ਕਰਨੈਲ ਸਿੰਘ ਪੰਜੋਲੀ, ਕਰਮਜੀਤ ਸਿੰਘ ਭਗੜਾਣਾ, ਗੁਰਮੀਤ ਸਿੰਘ ਚੀਮਾ, ਬਰਿੰਦਰ ਸਿੰਘ ਸੌਢੀ, ਅਵਤਾਰ ਸਿੰਘ ਰਿਆ, ਮਨਪ੍ਰੀਤ ਕੌਰ ਹੁੰਦਲ, ਗੁਰਵਿੰਦਰ ਸਿੰਘ ਮਲਕਪੁਰ, ਬਲਜੀਤ ਸਿੰਘ ਭੁੱਟਾ, ਸਰਬਜੀਤ ਸਿੰਘ ਝਿੰਜਰ, ਧਰਮਪਾਲ ਭੜੀ, ਸਿਕੰਦਰ ਸਿੰਘ, ਦਲਬਾਗ ਸਿੰਘ ਬਾਘਾ, ਸਰਜਨੀਤ ਸਿੰਘ ਰਜਵਾੜਾ ਆਦਿ ਹਾਜ਼ਰ ਸਨ।