ਅੰਮ੍ਰਿਤਸਰ,
 7 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਬਣਾਈ
 ਜਾਣ ਵਾਲੀ 'ਬਾਬਾ ਗੁਰੂ ਨਾਨਕ ਯੂਨੀਵਰਸਿਟੀ' ਦਾ ਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਥਾਂ 
ਮੁਰੀਦਕੇ, ਜ਼ਿਲ੍ਹਾ ਸ਼ੇਖੂਪੁਰਾ ਵਿਖੇ ਤਬਦੀਲ ਕਰਨ ਦੀਆਂ ਰੀਪੋਰਟਾਂ ਆਉਣ ਤੋਂ ਬਾਅਦ 
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਹ ਯੂਨੀਵਰਸਟੀ 
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਬਣਾਈ 
ਜਾਣੀ ਚਾਹੀਦੀ ਹੈ। 
ਪਾਕਿਸਤਾਨ ਸਰਕਾਰ ਵਲੋਂ ਯੂਨੀਵਰਸਟੀ ਬਣਾਉਣ ਦਾ ਫ਼ੈਸਲਾ ਕਰਨ 
ਸਮੇਂ ਇਹ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਸਥਾਪਤ ਕਰਨ ਦਾ ਐਲਾਨ ਕੀਤਾ  ਸੀ ਪਰ ਹੁਣ ਇਸ 
ਦਾ ਸਥਾਨ ਬਦਲਣ ਦੀਆਂ ਮੀਡੀਆ ਰੀਪੋਰਟਾਂ ਮਿਲੀਆਂ ਹਨ। 2019 ਵਿਚ ਆ ਰਹੇ ਸ੍ਰੀ ਗੁਰੂ 
ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਤਿਆਰੀਆਂ
 ਆਰੰਭੀਆਂ ਹਨ। ਅਜਿਹੇ ਸਮੇਂ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ਦੀ ਥਾਂ ਹੋਰ ਜਗ੍ਹਾ 
ਬਣਾਉਣ ਦੀਆਂ ਕਨਸੋਆਂ ਨਾਲ ਸਿੱਖ ਸੰਗਤ ਵਿਚ ਰੋਸ ਹੈ। ਪ੍ਰੋ ਬਡੂੰਗਰ ਨੇ ਪ੍ਰਧਾਨ ਮੰਤਰੀ 
ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਦਿਆਂ ਇਹ ਮਾਮਲਾ 
ਪਾਕਿਸਤਾਨ ਸਰਕਾਰ ਕੋਲ ਉਠਾਉਣ ਦੀ ਮੰਗ ਵੀ ਕੀਤੀ ਹੈ। 
                    
                