
ਅੰਮ੍ਰਿਤਸਰ, 21 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੌਰਾਨ ਸਿਆਸੀ ਸਟੇਜਾਂ ਨਾ ਲਾਈਆਂ ਜਾਣ। ਉਨ੍ਹਾਂ ਕਿਹਾ ਕਿ ਸ਼ਹੀਦੀ ਜੋੜ ਮੇਲੇ ਦੌਰਾਨ ਸਿਰਫ਼ ਧਾਰਮਕ ਸਟੇਜਾਂ ਰਾਹੀਂ ਸੰਗਤ ਨੂੰ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਅੰਦਰ ਸਮੁੱਚੀਆਂ ਦਾਦੀਆਂ-ਨਾਨੀਆਂ ਅਪਣੇ ਬੱਚੇ-ਬੱਚੀਆਂ ਨੂੰ ਸਿੱਖੀ ਦੇ ਵਾਰਸ ਸਾਹਿਬਜ਼ਾਦਿਆਂ ਵਾਂਗ 'ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ' ਦੇ ਸੰਕਲਪ ਨੂੰ ਉਨ੍ਹਾਂ ਦੇ ਮਨਾਂ ਅੰਦਰ ਦ੍ਰਿੜ ਕਰਵਾਉਂਦਿਆਂ ਮਾਤਾ ਗੁਜਰੀ ਜੀ ਵਾਂਗ ਅਪਣਾ ਫ਼ਰਜ਼ ਅਦਾ ਕਰਨ ਤੇ ਨਰੋਏ ਸਮਾਜ ਦੀ ਸਿਰਜਨਾ ਵਿਚ ਅਪਣਾ ਯੋਗਦਾਨ ਪਾਉਣ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਆਸੀ ਦਲਾਂ ਵਲੋਂ ਫ਼ਤਿਹਗੜ੍ਹ ਸਾਹਿਬ ਵਿਖੇ ਕਾਨਫ਼ਰੰਸਾਂ ਕੀਤੀਆਂ ਜਾ ਰਹੀਆਂ ਹਨ ਜਿਥੇ ਜਥੇਦਾਰ ਨੇ ਉਨ੍ਹਾਂ ਨੂੰ ਰਾਜਨੀਤੀ ਨਾ ਕਰਨ ਦਾ ਆਦੇਸ਼ ਦਿਤਾ ਹੈ।
ਸਮੁੱਚੇ ਸੰਸਾਰ ਅੰਦਰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਭੂਮੀ ਕੇਵਲ ਧਰਤੀ ਹੀ ਨਹੀਂ ਸਗੋ ਇਕ ਲਾਸਾਨੀ ਸ਼ਹਾਦਤ ਦੀ ਨਿਵੇਕਲੀ ਤੇ ਪਾਵਨ ਪਵਿੱਤਰ ਧਰਤੀ ਵਜੋਂ ਜਾਣੀ ਜਾਂਦੀ ਹੈ। ''ਹਮ ਜਾਨ ਅਪਨੀ ਦੇ ਕਰ ਔਰੋਂ ਕੀ ਜਾਨੇ ਬਚਾ ਚਲੇ''। ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਪਣੇ ਜ਼ਿਗਰ ਤੇ ਮਾਸੂਮ ਚਿਹਰੇ 'ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ' ਜੀ ਨੇ ਹੱਡ ਚੀਰਵੀਂ ਕੜਾਕੇ ਦੀ ਠੰਢ ਦੇ ਦਿਨਾਂ ਵਿਚ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸਥਿਤ 'ਠੰਡੇ ਬੁਰਜ' ਵਿਚ ਮਾਤਾ ਗੁਜਰੀ ਜੀ ਨਾਲ ਗੁਜ਼ਾਰਦਿਆਂ ਨਵਾਬ ਵਜੀਰ ਖ਼ਾਨ ਵਲੋਂ ਜਾਰੀ ਕੀਤੇ ਫ਼ਤਵੇ ਉਪ੍ਰਰੰਤ ਜਲਾਦਾਂ ਵਲੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕੀਤਾ। ਜਥੇਦਾਰ ਮੁਤਾਬਕ ਹਿੰਦੁਸਤਾਨ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਅੰਦਰ ਵਸਦੀਆਂ ਗੁਰੁ ਨਾਨਕ ਨਾਮ ਲੇਵਾ ਸੰਗਤ ਵਲੋਂ ਇਸ ਦਿਨ ਨੂੰ ਸੋਗਮਈ ਤੇ ਵੈਰਾਗਮਈ ਦਿਹਾੜੇ ਵਜੋ ਯਾਦ ਕਰਦਿਆਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਤਿਹਾਸਕ ਹਵਾਲਿਆਂ ਨਾਲ ਪ੍ਰਚਾਰਿਆ ਜਾਂਦਾ ਹੈ।