 
          	ਗੁਰੂ ਨਾਨਕ ਸਾਹਿਬ ਨਾਲ ਸਬੰਧਤ ਹੈ ਗੁਰਦਵਾਰਾ ਰੋੜੀ ਸਾਹਿਬ ਏਮਨਾਬਾਦ
ਅੰਮ੍ਰਿਤਸਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੇ ਅੱਜ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਦਰਸ਼ਨ ਕੀਤੇ। ਗੁਰਦੁਆਰਾ ਰੋੜੀ ਸਾਹਿਬ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਹੈ। ਇਥੇ ਗੁਰੂ ਸਾਹਿਬ ਨੇ ਭਾਈ ਲਾਲੋ ਨੂੰ ਮਿਲ ਕੇ ਕਿਰਤ ਕਮਾਈ ਨੂੰ ਵਡਿਆਈ ਬਖ਼ਸ਼ੀ ਸੀ ਅਤੇ ਲੋਕਾਈ ਨੂੰ ਕਿਰਤ ਨਾਲ ਜੁੜਨ ਦਾ ਉਪਦੇਸ਼ ਦਿਤਾ ਸੀ।
 Pakistan
Pakistan
ਜਥੇ ਵਿਚ ਸ਼ਾਮਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਏਮਨਾਬਾਦ ਤੋਂ ਜਾਣਕਾਰੀ ਦਿੰਦਿਆਂ ਦਸਿਆ ਕਿ ਜਥੇ ਵਿਚ ਸ਼ਾਮਲ ਸੰਗਤ ਨੇ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ਤੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਅਤੇ ਕੀਰਤਨ ਸਰਵਣ ਕੀਤਾ। ਡਾ. ਰੂਪ ਸਿੰਘ ਅਨੁਸਾਰ ਗੁਰਦਵਾਰਾ ਸਾਹਿਬ ਵਿਖੇ ਸੰਗਤ ਲਈ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।
 Jatha of Sikh pilgrims - File Photo
Jatha of Sikh pilgrims - File Photo
ਉਨ੍ਹਾਂ ਕਿਹਾ ਕਿ ਇਸ ਗੁਰ ਅਸਥਾਨ ਦੀ ਮਹਾਨਤਾ ਮਿਹਨਤ ਦੀ ਘਾਲ ਨਾਲ ਜੁੜੀ ਹੋਈ ਹੈ ਕਿਉਂਕਿ ਗੁਰੂ ਸਾਹਿਬ ਵਲੋਂ ਹੱਥੀਂ ਕਿਰਤ ਕਰਨ ਦਾ ਦਿਤਾ ਗਿਆ, ਸਿਧਾਂਤ ਇਥੇ ਹੋਰ ਦ੍ਰਿੜ੍ਹ ਹੋਇਆ ਸੀ। ਡਾ. ਰੂਪ ਸਿੰਘ ਕਿਹਾ ਕਿ ਬੇਸ਼ੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਛੋਟੀ ਹੈ ਪਰੰਤੂ ਜਿਹੜਾ ਉਪਦੇਸ਼ ਲੋਕਾਈ ਨੂੰ ਗੁਰੂ ਸਾਹਿਬ ਨੇ ਇਥੋਂ ਦਿਤਾ ਉਹ ਵੱਡੇ ਮਹੱਤਵ ਵਾਲਾ ਹੈ। ਉਨ੍ਹਾਂ ਦਸਿਆ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਆਗੂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਮੀਤ ਸਿੰਘ ਬੂਹ ਨੇ ਪ੍ਰਬੰਧਕਾਂ ਦਾ ਧਨਵਾਦ ਕੀਤਾ ਅਤੇ ਗ੍ਰੰਥੀ ਸਿੰਘ ਤੇ ਰਾਗੀ ਜਥੇ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨ ਦਿਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਕਰਨਜੀਤ ਸਿੰਘ, ਸ. ਪਰਵਿੰਦਰ ਸਿੰਘ ਡੰਡੀ ਵੀ ਮੌਜੂਦ ਸਨ।
 
                     
                
 
	                     
	                     
	                     
	                     
     
     
     
     
     
                     
                     
                     
                     
                    