
ਜਿਸ ਘਰ ਵਿਚ 'ਪ੍ਰੀਤਮ' ਦੀ ਕੀਰਤੀ ਵਿਚ ਕੁੱਝ ਕਿਹਾ ਜਾ ਰਿਹਾ ਹੈ..
ਅੱਗੇ....
ਜਿਸ ਘਰ ਵਿਚ 'ਪ੍ਰੀਤਮ' ਦੀ ਕੀਰਤੀ ਵਿਚ ਕੁੱਝ ਕਿਹਾ ਜਾ ਰਿਹਾ ਹੈ ਜਾਂ ਉਸ ਕਰਤਾ ਪੁਰਖ, ਮਾਲਕ ਪ੍ਰਭੂ ਦੀ ਚਰਚਾ (ਬੀਚਾਰੋ) ਹੋ ਰਹੀ ਹੈ, ਉਹੀ ਤਾਂ ਇਹ ਘਰ ਹੈ ਜਿਥੇ ਅੱਜ ਸੋਹਿਲਾ ਗਾਉਣ ਵਾਲਾ ਮੌਕਾ ਬਣਿਆ ਹੈ ਤੇ ਜਿਥੇ ਸਿਰਜਣਹਾਰ ਦਾ ਸੋਹਿਲਾ ਗਾ ਕੇ ਉਸ ਨੂੰ ਸਿਮਰਿਆ (ਯਾਦ ਕੀਤਾ) ਜਾ ਰਿਹਾ ਹੈ। ਹਾਏ ਮੈਂ ਵਾਰੀ ਜਾਵਾਂ ਉਸ ਪ੍ਰੀਤਮ ਤੋਂ ਜਿਸ ਦਾ ਸੋਹਿਲਾ ਗਾਉਣ ਦਾ ਅੱਜ ਇਸ ਘਰ ਵਿਚ ਮੌਕਾ ਬਣਿਆ ਹੈ।
ਆਉ ਸਾਰੇ ਰਲ ਕੇ ਉਸ ਨਿਰਭਉ ਦਾ ਸੋਹਿਲਾ ਗਾਈਏ 'ਨਿਰਭਉ' ਦਾ ਇਥੇ ਇਕ ਖ਼ਾਸ ਮਤਲਬ ਹੈ।ਲਾੜੀ ਨੂੰ ਲੈਣ ਲਈ ਆਉਣ ਵਾਲਾ ਲਾੜਾ ਅਪਣੇ ਹੱਥ ਵਿਚ ਕ੍ਰਿਪਾਨ ਫੜੀ ਆਉਂਦਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਉਹ ਬੜਾ ਬਹਾਦਰ ਹੈ। ਪੁਰਾਣੇ ਸਮਿਆਂ ਵਿਚ ਵਿਆਹ ਦਾ ਹੱਕ ਹੀ ਉਸ ਦਾ ਮੰਨਿਆ ਜਾਂਦਾ ਸੀ ਜੋ ਪਹਿਲਾਂ ਇਹ ਸਾਬਤ ਕਰ ਵਿਖਾਂਦਾ ਸੀ ਕਿ ਉਹ ਸਚਮੁਚ ਹੀ ਬੜਾ ਬਹਾਦਰ ਤੇ ਡਰ-ਰਹਿਤ ਹੈ।
ਕਈ ਕਬੀਲਿਆਂ ਵਿਚ ਅਜੇ ਵੀ ਲਾੜਾ ਬਣਨ ਤੋਂ ਪਹਿਲਾਂ, ਨੌਜਵਾਨ ਨੂੰ ਸਾਹਨ ਨਾਲ ਲੜ ਕੇ ਜਿਤਣਾ ਪੈਂਦਾ ਹੈ। ਜੇ ਉਹ ਹਾਰ ਜਾਏ ਤਾਂ ਉਸ ਨਾਲ ਕੋਈ ਲੜਕੀ ਵਿਆਹ ਨਹੀਂ ਕਰਦੀ।ਬਾਬਾ ਨਾਨਕ ਕਹਿੰਦੇ ਹਨ ਕਿ ਆਤਮਾ ਦਾ ਲਾੜਾ ਪ੍ਰੀਤਮ ਵੀ ਨਿਰਭਉ ਹੈ। ਉਸ ਦੀ ਹੋਰ ਕਿਸੇ ਸਿਫ਼ਤ ਦਾ ਇਥੇ ਜ਼ਿਕਰ ਨਹੀਂ ਕੀਤਾ ਗਿਆ ਕਿਉਂਕਿ ਲਾੜੇ ਵਿਚ ਇਹ ਸਿਫ਼ਤ ਹੀ, ਰਵਾਇਤ ਅਨੁਸਾਰ, ਸੱਭਤੋਂ ਜ਼ਰੂਰੀ ਮੰਨੀ ਜਾਂਦੀ ਹੈ।
ਮੈਂ ਉਸ ਤੋਂ ਵਾਰੀ ਇਸ ਲਈ ਵੀ ਜਾਂਦੀ ਹਾਂ (ਯਾਦ ਰਹੇ, ਗੁਰਮਤਿ ਵਿਚ ਸਾਰੇ ਮਨੁੱਖਾਂ ਨੂੰ 'ਨਾਰ' (ਆਤਮਾ) ਹੀ ਮੰਨਿਆ ਗਿਆ ਹੈ ਤੇ ਰੱਬ ਨੂੰ ਪੁਰਖ, ਜਿਸ ਨਾਲ ਮਿਲਾਪ ਕਰਨ ਲਈ ਜੀਵ-ਆਤਮਾ ਸਦਾ ਬਿਹਬਲ ਰਹਿੰਦੀ ਹੈ ਕਿਉਂਕਿ ਇਸ ਮਿਲਾਪ ਨਾਲ ਹੀ ਉਹ ਸੁਖ ਮਿਲਦਾ ਹੈ ਜੋ ਸਦਾ ਰਹਿਣ ਵਾਲਾ ਸੁਖ ਹੈ। ਬਾਕੀ ਦੇ ਸੁਖ ਤਾਂ ਧੁੱਪ ਛਾਂ ਵਾਂਗ, ਆਉਣੇ ਜਾਣੇ ਸੁਖ ਹੁੰਦੇ ਹਨ।ਰਹਾਉ ਦੀਆਂ ਤੁਕਾਂ ਤੋਂ ਬਾਅਦ ਬਾਬਾ ਨਾਨਕ ਜੀਵ-ਆਤਮਾ ਦੇ ਉਹ ਸਾਰੇ ਡਰ ਦੂਰ ਕਰਦੇ ਹਨ।
ਜੋ ਜੀਵ ਦੇ ਮਨ ਵਿਚ ਮੌਤ ਨੂੰ ਇਕ ਡਰਾਉਣੀ ਚੀਜ਼ ਬਣਾ ਕੇ ਪੇਸ਼ ਕਰਨ ਵਾਲੀ ਪੁਜਾਰੀ ਸ਼੍ਰੇਣੀ ਨੇ ਪਾਏ ਹੋਏ ਹਨ। ਬਾਬਾ ਨਾਨਕ ਫ਼ਰਮਾਉਂਦੇ ਹਨ, ਹੇ ਮੇਰੀਏ ਜਿੰਦੇ, ਜੇ ਤੈਨੂੰ ਉਸ ਪ੍ਰੀਤਮ ਨੇ ਸੱਦਾ ਭੇਜ ਕੇ ਬੁਲਾ ਲਿਆ ਹੈ ਤਾਂ ਤੂੰ ਡਰਨ ਦੀ ਥਾਂ ਉਸ ਨੂੰ ਮਿਲਣ ਦੀਆਂ ਤਿਆਰੀਆਂ ਕਰ, ਜਿਸ ਤਰ੍ਹਾਂ ਵਿਆਹ ਸਮੇਂ ਲਾੜੀ ਅਪਣੇ ਲਾੜੇ ਨੂੰ ਮਿਲਣ ਲਈ ਕਰਦੀ ਹੈ।ਤੈਨੂੰ ਡਰ ਲਗਦਾ ਹੈ ਕਿ ਦੁਨੀਆਂ ਦਾ ਮਾਲਕ ਪ੍ਰੀਤਮ ਪਤਾ ਨਹੀਂ ਕਿਹੋ ਜਿਹਾ ਹੋਵੇਗਾ?
ਨਾ ਡਰ ਕਿਉੁਂਕਿ ਤੇਰਾ ਉਹ ਪ੍ਰੀਤਮ ਤਾਂ ਸਾਰੇ ਜੀਆਂ ਦੀ ਪਾਲਣਾ ਕਰਨ ਵਾਲਾ ਪ੍ਰੀਤਮ ਹੈ ਤੇ ਵੇਖ ਕਿੰਨੇ ਧਿਆਨ ਨਾਲ ਸਾਰੇ ਜੀਆਂ ਦੀ ਸੰਭਾਲ ਵੀ ਕਰਦਾ ਹੈ। ਭਲਾ ਅਜਿਹਾ ਪ੍ਰੀਤਮ ਵੀ ਕਦੇ ਡਰਾਉਣਾ ਹੋ ਸਕਦਾ ਹੈ? ਮੇਰੀਏ ਜਿੰਦੇ, ਤੇਰੇ ਇਸ ਪ੍ਰੀਤਮ ਦੀਆਂ ਤਾਂ ਦਾਤਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ, ਉਸ ਦੀ ਅਪਣੀ ਕੀਮਤ ਕੌਣ ਪਾ ਸਕੇਗਾ ਅਰਥਾਤ ਉਸ ਦੀਆਂ ਪੂਰੀਆਂ ਸਿਫ਼ਤਾਂ ਦਾ ਬਖਾਨ ਕੌਣ ਕਰ ਸਕੇਗਾ? ਉਹ ਸੰਮਤ ਤੇ ਸਾਹਾ (ਸਮਾਂ ਤੇ ਘੜੀ) ਤਾਂ ਲਿਖੇ ਹੀ ਹੋਏ ਹਨ।
ਜਦੋਂ ਮੈਂ 'ਪੇਕੇ' (ਧਰਤੀ) ਛੱਡ ਕੇ ਉਸ ਕੋਲ ਜਾਣਾ ਹੈ।ਆਉ ਮੇਰੀਉ ਸਹੇਲੀਉ, ਮੇਰੇ ਨਾਲ ਮਾਤ-ਲੋਕ ਵਿਚ ਹਮਦਰਦੀ ਰੱਖਣ ਵਾਲਿਉ, ਮੇਰੇ ਸਿਰ ਵਿਚ ਉਸ ਤਰ੍ਹਾਂ ਹੀ ਸ਼ਗਣਾਂ ਦੇ ਤੇਲ ਪਾਉ ਜਿਵੇਂ ਮਾਈਆਂ ਪੈਣ ਸਮੇਂ, ਲਾੜੀ ਦੇ ਸਿਰ ਵਿਚ ਪਾਉਂਦੇ ਹੋ।ਮੈਨੂੰ ਵੀ ਉਸ ਤਰ੍ਹਾਂ ਹੀ ਅਸੀਸਾਂ ਦਿਉ ਕਿ ਮੈਂ ਅਪਣੇ ਪ੍ਰੀਤਮ ਕੋਲ ਜਾ ਕੇ ਸੁਖੀ ਰਹਾਂ, ਜਿਵੇਂ ਲਾੜੀ ਨੂੰ ਉਸ ਦੇ ਦੁਨਿਆਵੀ ਪ੍ਰੀਤਮ ਕੋਲ ਭੇਜਣ ਸਮੇਂ ਅਸੀਸਾਂ ਦੇਂਦੇ ਹੋ।ਮੈਂ ਕੋਈ ਇਕੱਲੀ ਤਾਂ ਨਹੀਂ ਜੋ ਉਸ ਪ੍ਰੀਤਮ ਦੇ ਘਰ ਜਾ ਰਹੀ ਹਾਂ।
ਹਰ ਰੋਜ਼ ਹੀ ਜੀਵ- ਇਸਤਰੀਆਂ ਨੂੰ ਪ੍ਰੀਤਮ ਦੇ ਦੇਸ਼ ਜਾਣ ਦੇ ਸੱਦੇ ਆਉਂਦੇ ਰਹਿੰਦੇ ਹਨ ਤੇ ਘਰ ਘਰ ਵਿਚ ਇਹ 'ਸਾਹੇ' ਨਿਕਲ ਰਹੇ ਹਨ ਤੇ 'ਪਾਹੁੰਚੇ' (ਸੱਦੇ) ਆ ਰਹੇ ਹਨ।ਤਾਂ ਤੇ ਆਉ ਅਸੀ ਉਸ ਮਿੱਠੇ ਪ੍ਰੀਤਮ ਨੂੰ ਮਨ ਵਿਚ ਯਾਦ ਕਰ ਲਈਏ ਜਿਸ ਨੇ ਕ੍ਰਿਪਾ ਕਰ ਕੇ, ਅਪਣੇ ਗਲ ਨਾਲ ਲਾਉਣ ਲਈ ਮੈਨੂੰ ਵੀ ਸੱਦਾ ਭੇਜ ਦਿਤਾ ਹੈ। ਆਉ ਰਲ ਕੇ ਉਸ ਦੇ ਸੋਹਿਲੇ ਗਾਈਏ ਤੇ ਸੱਚੇ ਅਨੰਦ ਦਾ ਮਾਹੌਲ ਸਿਰਜੀਏ।