
ਅੰਤਮ ਅੱਠ ਸਤਰਾਂ ਜਾਂ ਪਾਵਨ ਤੁਕਾਂ ਵਿਚ ਬਾਬਾ ਨਾਨਕ ਆਪ ਇਸੇ ਪ੍ਰਸ਼ਨ ਦਾ ਬੜਾ ਬਾ-ਦਲੀਲ ਉੱਤਰ....
ਅੱਗੇ .....
ਅੰਤਮ ਅੱਠ ਸਤਰਾਂ ਜਾਂ ਪਾਵਨ ਤੁਕਾਂ ਵਿਚ ਬਾਬਾ ਨਾਨਕ ਆਪ ਇਸੇ ਪ੍ਰਸ਼ਨ ਦਾ ਬੜਾ ਬਾ-ਦਲੀਲ ਉੱਤਰ ਦੇਂਦੇ ਹਨ। ਬਾਬੇ ਨਾਨਕ ਨੇ 'ਸੋਦਰੁ' ਦੇ ਅਪਣੇ ਸਾਰੇ ਸ਼ਬਦਾਂ ਵਿਚ ਜਗਿਆਸੂਆਂ ਦੇ ਪ੍ਰਸ਼ਨਾਂ ਦੇ ਹੀ ਉੱਤਰ ਦਿਤੇ ਹਨ। ਇਸ ਦੂਜੇ ਸ਼ਬਦ ਦੇ ਪਹਿਲੇ ਦੋ ਭਾਗਾਂ ਵਿਚ ਅਸੀ ਵੇਖਿਆ ਕਿ ਬਾਬਾ ਨਾਨਕ ਪਹਿਲਾਂ ਇਕ ਪ੍ਰਸ਼ਨ ਦਾ ਉੱਤਰ ਦੇਂਦੇ ਹੋਏ ਫ਼ੁਰਮਾਉਂਦੇ ਹਨ ਕਿ ਰਿਧੀਆਂ, ਸਿਧੀਆਂ, ਜਪਾਂ ਤਪਾਂ, ਸੁਰਤੀ ਟਿਕਾ ਕੇ ਉਸ ਦਾ ਪਾਰਾਵਾਰ ਜਾਣਨ ਦਾ ਦਾਅਵਾ ਕਰਨ ਵਾਲੇ ਸਾਰੇ ਹੀ ਜੀਵਾਂ ਨੇ ਅਪਣੀਆਂ ਵਿਧੀਆਂ ਦੀ ਵਰਤੋਂ ਕਰ ਕੇ, ਉਸ ਦਾ ਪਾਰਾਵਾਰ ਜਾਂ ਵੱਡਾਪਨ ਵੇਖਣ ਦੀ ਹਰ ਕੋਸ਼ਿਸ਼ ਕਰ ਲਈ ਹੈ ।
ਪਰ ਇਕ ਤਿਲ ਜਿੰਨੀ ਵਡਿਆਈ ਵੀ ਨਹੀਂ ਬਿਆਨ ਕਰ ਸਕੇ ਤੇ ਉਨ੍ਹਾਂ ਦੇ ਸਾਰੇ ਢੰਗ ਨਾਕਾਮ ਸਿਧ ਹੋਏ ਹਨ ਕਿਉਂਕਿ .....। ਇਸ 'ਕਿਉਂਕਿ' ਦਾ ਉੱਤਰ ਬਾਬਾ ਨਾਨਕ ਇਹੀ ਦੇਂਦੇ ਹਨ ਕਿ ਇਹ ਭੁਲੇਖਾ ਤਾਂ ਉਨ੍ਹਾਂ ਨੂੰ ਸੀ ਕਿ ਇਹ ਉੁਨ੍ਹਾਂ 'ਵਡਿਆਈਆਂ' ਦੇ ਸਹਾਰੇ, ਉਸ ਮਾਲਕ ਦਾ ਵੱਡਾਪਨ ਜਾਣ ਲੈਣਗੇ ਪਰ ਇਹ ਸੱਭ ਵਡਿਆਈਆਂ ਸਿਫ਼ਰ ਦੇ ਬਰਾਬਰ ਹਨ ਤੇ ਮਾਲਕ ਦੀ ਮਰਜ਼ੀ ਨਾ ਹੋਵੇ ਤਾਂ ਇਹ ਕੁੱਝ ਵੀ ਨਹੀਂ ਕਰ ਸਕਦੀਆਂ।
ਮਾਲਕ ਦੀ ਮਰਜ਼ੀ, ਬਾਬਾ ਨਾਨਕ ਨੇ ਬੜੀ ਵਾਰ ਅਪਣੀ ਬਾਣੀ ਵਿਚ ਦੱਸੀ ਹੋਈ ਹੈ ਕਿ ਉਹ ਚਤੁਰਾਈਆਂ ਤੇ ਸਿਆਣਪਾਂ ਨਾਲ ਨਹੀਂ ਮਿਲਦਾ, ਕੇਵਲ ਪ੍ਰੇਮ-ਭਾਵਨਾ ਨਾਲ ਮਿਲਦਾ ਹੈ। ਪ੍ਰੇਮ-ਮਾਰਗ 'ਤੇ ਉਹ ਲੋਕ ਚਲਣੋਂ ਰਹਿ ਜਾਂਦੇ ਹਨ ਜੋ ਅਪਣੇ ਜਪ ਤਪ, ਰਿਧੀਆਂ ਸਿਧੀਆਂ ਨੂੰ ਬਹੁਤ ਕੁੱਝ ਸਮਝਣ ਲੱਗ ਪੈਂਦੇ ਹਨ ਪਰ ਧੰਨੇ ਜੱਟ ਵਰਗਾ ਆਮ ਆਦਮੀ ਇਸ ਮਾਰਗ 'ਤੇ ਸਫ਼ਲ ਹੋ ਜਾਂਦਾ ਹੈ ਕਿਉਂਕਿ ਉਹ ਇਨ੍ਹਾਂ ਕਥਿਤ 'ਚੰਗਿਆਈਆਂ' ਜਾਂ ਸ਼ਕਤੀਆਂ ਦਾ ਸਹਾਰਾ ਲੈ ਕੇ ਰੱਬ ਨੂੰ ਨਹੀਂ ਖੋਜਦਾ ਸਗੋਂ ਸ਼ੁਧ ਹਿਰਦੇ ਵਿਚ ਪ੍ਰੇਮ ਦਾ ਦੀਪਕ ਜਗਾ ਕੇ ਉਸ ਵਲ ਦੌੜ ਪੈਂਦਾ ਹੈ ਤੇ ਅਪਣੇ ਪ੍ਰੀਤਮ ਨੂੰ ਪਾ ਲੈਂਦਾ ਹੈ।
ਬਾਬਾ ਨਾਨਕ ਫ਼ੁਰਮਾਉਂਦੇ ਹਨ ਕਿ ਉਸ ਮਾਲਕ ਦੀ ਮਰਜ਼ੀ ਨਾ ਹੋਵੇ ਤਾਂ ਦੁਨੀਆਂਦੀ ਵੱਡੀ ਤੋਂ ਵੱਡੀ ਸ਼ਕਤੀ (ਚੰਗਿਆਈਆਂ ਦਾ ਅਰਥ ਸ਼ਕਤੀਆਂ ਹੀ ਹੈ) ਵੀ ਪ੍ਰਮਾਤਮਾ ਬਾਰੇ ਸੱਚ ਲੱਭਣ ਵਾਲੇ ਨੂੰ ਇਕ ਕਦਮ ਅੱਗੇ ਪੁੱਟਣ ਯੋਗ ਨਹੀਂ ਬਣਨ ਦੇਂਦੀ। ਵੱਡੇ ਵੱਡੇ ਜਪ ਤਪ, ਪੂਜਾ, ਹਵਨ ਕਰਨ ਵਾਲੇ ਤੇ ਰਿਧੀਆਂ ਸਿਧੀਆਂ ਦੇ ਮਾਲਕ ਅਖਵਾਉਣ ਵਾਲੇ ਅਰਥਾਤ ਕੁਦਰਤੀ ਸ਼ਕਤੀਆਂ ਨੂੰ ਅਪਣੀ ਮਰਜ਼ੀ ਅਨੁਸਾਰ, ਬਦਲ ਸਕਣ ਦੀ ਸ਼ਕਤੀ ਰੱਖਣ ਦਾ ਦਾਅਵਾ ਕਰਨ ਵਾਲੇ ਜੀਵ, ਪ੍ਰਮੇਸ਼ਵਰ ਬਾਰੇ ਦੋ ਅੱਖਰ ਦੀ ਸਚਾਈ ਬਿਆਨ ਕਰਨ ਦੀ ਸਮਰੱਥਾ ਨਹੀਂ ਰਖਦੇ, ਇਹ ਆਮ ਵੇਖਿਆ ਗਿਆ ਹੈ।
ਤੁਸੀ ਦੱਸੋ ਧੰਨੇ ਭਗਤ ਨੇ ਕਿਹੜੀ ਸ਼ਕਤੀ ਵਰਤੀ ਸੀ ਤੇ ਕਿਹੜੀ ਰਿਧੀ ਸਿਧੀ ਉਸ ਕੋਲ ਸੀ? ਕੋਈ ਵੀ ਨਹੀਂ ਸੀ। ਬਾਬਾ ਨਾਨਕ ਇਕ ਤਰ੍ਹਾਂ ਨਾਲ ਅਜਿਹੀਆਂ ਸ਼ਕਤੀਆਂ ਪ੍ਰਾਪਤ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਗ਼ਲਤ ਹੀ ਕਹਿ ਰਹੇ ਹਨ, ਉਨ੍ਹਾਂ ਦੀਆਂ ਸ਼ਕਤੀਆਂ ਨੂੰ ਮਾਨਤਾ ਨਹੀਂ ਦੇ ਰਹੇ। ਪਰ ਵੇਦਾਂ ਆਦਿ ਦੇ ਪ੍ਰਭਾਵ ਹੇਠ ਅਕਸਰ ਸਾਡੇ ਵਿਆਖਿਆਕਾਰ ਵੀ ਇਹ ਭੁਲੇਖੇ ਪਾਊ ਵਿਆਖਿਆ ਕਰ ਜਾਂਦੇ ਹਨ ਕਿ ਬਾਬੇ ਨਾਨਕ ਨੇ ਰਿਧੀਆਂ ਸਿਧੀਆਂ, ਸੁਰਤੀਆਂ ਟਿਕਾਉਣ ਵਾਲਿਆਂ ਦੀ ਹੋਂਦ ਤਾਂ ਮੰਨੀ ਹੈ। ਇਹ ਬਿਲਕੁਲ ਗ਼ਲਤ ਬਿਆਨ ਹੈ। ਬਾਬਾ ਨਾਨਕ ਨੇ ਹਰ ਸਫ਼ਲਤਾ ਲਈ ਪ੍ਰਭੂ ਦੀ ਸਹਾਇਤਾ ਹੀ ਜ਼ਰੂਰੀ ਦੱਸੀ ਹੈ।
ਪਰ ਜੇ ਸਮੁੱਚੇ ਰੂਪ ਵਿਚ ਸ਼ਬਦ ਨੂੰ ਲਈਏ ਤਾਂ ਬਾਬੇ ਨਾਨਕ ਦਾ ਸੰਦੇਸ਼ ਬੜਾ ਸਪੱਸ਼ਟ ਹੈ ਕਿ :
(1) ਪ੍ਰਮਾਤਮਾ ਬਹੁਤ ਵੱਡਾ ਹੈ ਤੇ ਉਸ ਦੇ ਵੱਡੇਪਨ ਨੂੰ ਕੋਈ ਬਿਆਨ ਨਹੀਂ ਕਰ ਸਕਦਾ।
(2) ਜਿਹੜੇ ਦਾਅਵੇ ਕਰਦੇ ਹਨ ਕਿ ਉਹ ਉਸ ਨੂੰ ਜਾਣਦੇ ਹਨ, ਉਹ ਸੁਣੀ ਸੁਣਾਈ ਗੱਲ
ਕਰਦੇ ਹਨ, ਆਪ ਉਨ੍ਹਾਂ ਨੂੰ ਕੁੱਝ ਨਹੀਂ ਪਤਾ ਹੁੰਦਾ।
(3) ਮਾਲਕ ਦੀ ਮਿਹਰ ਸਦਕਾ ਜਿਸ ਨੂੰ ਉਸ ਦੇ ਦਰਸ਼ਨ ਹੋ ਜਾਂਦੇ ਹਨ, ਉਹ ਤਾਂ ਉਸ
ਪ੍ਰਭੂ ਵਿਚ ਹੀ ਅਭੇਦ ਹੋ ਜਾਂਦਾ ਹੈ ਪਰ ਚਾਹਵੇ ਵੀ ਤਾਂ, ਮਾਲਕ ਬਾਰੇ ਦਸ ਕੁੱਝ ਨਹੀਂ
ਸਕਦਾ।
(4) ਕਈ ਸ਼ਕਤੀਆਂ, ਰਿਧੀਆਂ ਸਿਧੀਆਂ, ਜਪ ਤਪ, ਸੁਰਤ ਉਤੇ ਕਾਬੂ ਪ੍ਰਾਪਤ ਹੋਣ ਦਾ ਦਾਅਵਾ ਕਰਨ ਵਾਲੇ ਵੀ ਰਲ ਕੇ ਅਪਣੀਆਂ ਸ਼ਕਤੀਆਂ ਰਾਹੀਂ, 'ਪਰਮ ਸੱਚ' ਬਾਰੇ ਜਾਣਨ ਦੀ ਕੋਸ਼ਿਸ਼ ਕਰ ਚੁਕੇ ਹਨ ਪਰ ਸਫ਼ਲ ਨਹੀਂ ਹੋਏ।
(5) ਸਫ਼ਲ ਇਸ ਲਈ ਨਹੀਂ ਹੋਏ ਕਿਉਂਕਿ ਇਹ ਸਾਰੀਆਂ ਸ਼ਕਤੀਆਂ, ਜੇ ਕਿਸੇ ਕੋਲ ਸਚਮੁਚ ਹੋਣ ਵੀ ਤਾਂ ਉਸ ਪ੍ਰਮਾਤਮਾ ਸਾਹਮਣੇ ਸਿਫ਼ਰ ਹਨ ਤੇ ਉਸ ਦੀ ਮਰਜ਼ੀ ਜਾਂ ਮਦਦ ਬਿਨਾ, ਕੋਈ ਤਿਲ ਜਿੰਨਾ ਸੱਚ ਵੀ ਉਸ ਮਾਲਕ ਬਾਰੇ ਨਹੀਂ ਜਾਣ ਸਕਦਾ।
(6) ਇਨ੍ਹਾਂ ਚਲਾਕੀਆਂ (ਚੰਗਿਆਈਆਂ) ਦਾ ਫਿਰ ਪ੍ਰਾਣੀ ਨੂੰ ਲਾਭ ਹੀ ਕੀ ਹੈ? ਕੁੱਝ ਵੀ ਨਹੀਂ।
(7) ਲਾਭ ਤਾਂ ਉਦੋਂ ਹੀ ਹੋ ਸਕਦਾ ਹੈ ਜੇ 'ਕਰਮਿ ਮਿਲੇ' ਅਰਥਾਤ ਉਸ ਦੀ ਕ੍ਰਿਪਾ ਹੋ ਜਾਏ। ਜੇ ਇਹ ਹੋ ਜਾਏ, ਫਿਰ ਤਾਂ ਕੋਈ ਰੁਕਾਵਟ (ਠਾਕ) ਪਾ ਹੀ ਨਹੀਂ ਸਕਦਾ ਤੇ ਕੋਈ ਸਿਆਣਪ, ਕੋਈ ਕਰਮ ਕਾਂਡ, ਕੋਈ ਚਤੁਰਾਈ ਕਰਨ ਦੀ ਲੋੜ ਹੀ ਨਹੀਂ ਰਹਿੰਦੀ।
(8) ਪਰ ਜੇ ਉਸ ਦਾ 'ਕਰਮਿ' ਕਿਸੇ ਜੀਵ ਨੂੰ ਪ੍ਰਾਪਤ ਨਹੀਂ ਹੁੰਦਾ ਤਾਂ ਉਸ ਵਿਚਾਰੇ ਦੀ ਕੀ ਤਾਕਤ ਹੈ ਕਿ ਪ੍ਰਮਾਤਮਾ ਬਾਰੇ ਕੁੱਝ ਵੀ ਬੋਲ ਸਕੇ।
ਬਾਬਾ ਨਾਨਕ ਸ਼ਬਦ ਦੀਆਂ ਅਖ਼ਰੀਲੀਆਂ ਤੁਕਾਂ ਵਿਚ ਫ਼ੁਰਮਾਉਂਦੇ ਹਨ ਕਿ ਇਨ੍ਹਾਂ ਰਿਧੀਆਂ ਸਿਧੀਆਂ, ਜਪ ਤਪ ਤੇ ਸੁਰਤ ਆਦਿ ਸ਼ਕਤੀਆਂ ਦਾ ਦਾਅਵਾ ਕਰਨ ਵਾਲਿਆਂ ਕੋਲ ਕੁੱਝ ਵੀ ਨਹੀਂ ਕਿਉਂਕਿ ਅਸਲ 'ਚੰਗਿਆਈਆਂ' ਤੇ 'ਸ਼ਕਤੀਆਂ' ਦਾ ਭੰਡਾਰ ਉਸ ਅਕਾਲ ਪੁਰਖ ਕੋਲ ਹੈ ਤੇ ਬਹੁਤ ਵੱਡਾ ਹੈ। (ਉਸ ਨਾਲ ਪ੍ਰੇਮ ਪਾਉਣ) ਵਾਲੇ ਨੂੰ ਉਹ ਜੋ ਆਪ ਦੇ ਦੇਂਦਾ ਹੈ, ਉਹੀ ਅਸਲ ਹੁੰਦਾ ਹੈ ਤੇ ਪ੍ਰਾਣੀ ਨੂੰ ਹੋਰ ਕੋਈ ਫ਼ਜ਼ੂਲ ਚਾਰਾ (ਪੁਜਾਰੀ ਜਗਤ ਦੇ ਝੂਠੇ ਚਾਰੇ) ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ।ਇਸ ਸੱਚ ਨੂੰ ਪ੍ਰਵਾਨ ਕਰਨ ਵਾਲੇ ਦਾ ਸੱਭ ਕੁੱਝ ਸੰਵਰ ਜਾਂਦਾ ਹੈ।
ਜਦ ਕਿ ਜਪਾਂ ਤਪਾਂ, ਸੁਰਤ ਟਿਕਾਉਣ ਵਾਲੇ, ਰਿਧੀਆਂ ਸਿਧੀਆਂ ਦੀ ਵਰਤੋਂ ਕਰਨ ਵਾਲੇ ਤੇ ਹੋਰ ਕਰਮ-ਕਾਂਡਾਂ, ਚਲਾਕੀਆਂ ਉਤੇ ਟੇਕ ਰੱਖਣ ਵਾਲੇ ਭਟਕਦੇ ਹੀ ਰਹਿੰਦੇ ਹਨ ਤੇ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦੇ। ਸੰਖੇਪ ਵਿਚ, ਕੁਲ ਮਿਲਾ ਕੇ, ਬਾਬਾ ਨਾਨਕ, ਜਗਿਆਸੂ ਨੂੰ, ਵੱਡੀਆਂ ਵੱਡੀਆਂ ਸ਼ਕਤੀਆਂ ਪ੍ਰਾਪਤ ਹੋਣ ਤੇ ਉਨ੍ਹਾਂ ਰਾਹੀਂ ਪ੍ਰਭੂ-ਪ੍ਰਾਪਤੀ ਕਰਨ ਦੇ ਦਾਅਵੇ ਕਰਨ ਵਾਲਿਆਂ ਤੋਂ ਹਟਾ ਕੇ ਤੇ 'ਪੁਜਾਰੀ ਸ਼੍ਰੇਣੀ ਦੇ ਪ੍ਰਪੰਚਾਂ' ਨੂੰ ਨਿਰਰਥਕ ਦਸ ਕੇ, ਪ੍ਰੇਮ- ਮਾਰਗ 'ਤੇ ਚਲ ਕੇ, ਅਪਣੇ ਮਾਲਕ ਨਾਲ ਸਿੱਧਾ ਪਿਆਰ ਪਾਉਣ ਲਈ ਹੀ ਤਿਆਰ ਕਰ ਰਹੇ ਹਨ ਇਸ ਸ਼ਬਦ ਰਾਹੀਂ।