ਪਰ ਪ੍ਰੋ : ਸਾਹਿਬ ਸਿੰਘ ਤੇ ਉਨ੍ਹਾਂ ਦੀ ਮੁਕੰਮਲ ਅਗਵਾਈ ਕਬੂਲ ਕਰਨ ਵਾਲੇ, ਬਾਕੀ ਦੇ ਟੀਕਾਕਾਰਾਂ ਨੇ, ਇਸ ਸ਼ਬਦ ਦੇ ਪਹਿਲੇ ਭਾਗ ਦੀ ਵਿਆਖਿਆ ਕਰਨ ਸਮੇਂ, ਅਰਥਾਂ...
ਅੱਗੇ...
ਪਰ ਪ੍ਰੋ : ਸਾਹਿਬ ਸਿੰਘ ਤੇ ਉਨ੍ਹਾਂ ਦੀ ਮੁਕੰਮਲ ਅਗਵਾਈ ਕਬੂਲ ਕਰਨ ਵਾਲੇ, ਬਾਕੀ ਦੇ ਟੀਕਾਕਾਰਾਂ ਨੇ, ਇਸ ਸ਼ਬਦ ਦੇ ਪਹਿਲੇ ਭਾਗ ਦੀ ਵਿਆਖਿਆ ਕਰਨ ਸਮੇਂ, ਅਰਥਾਂ ਨੂੰ ਬਿਲਕੁਲ ਹੀ ਉਲਟਾ ਕਿਉਂ ਦਿਤਾ ਤੇ ਉਨ੍ਹਾਂ ਨੂੰ ਏਨਾ ਵੱਡਾ ਭੁਲੇਖਾ ਕਿਉਂ ਲੱਗ ਗਿਆ? ਸਾਡਾ ਨਿਜੀ ਵਿਚਾਰ ਹੈ ਕਿ ਇਸ ਪਾਵਨ ਸ਼ਬਦ ਦੀ ਇਕ ਤੁਕ 'ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ' ਵਿਚ ਕਿਸੇ ਲਿਖਾਰੀ ਨੇ 'ਜੇ ਸਉ ਵੇਸ ਕਮਾਈਐ' ਨੂੰ 'ਜੇ ਸਉ ਵੇਰ ਕਮਾਈਐ' ਕਰ ਦਿਤਾ ਜਿਸ ਕਾਰਨ ਟੀਕਾਕਾਰ ਵੀ ਸਹੀ ਸੇਧ ਨਾ ਲੈ ਸਕੇ।
ਸਾਡਾ ਕੋਈ ਦਾਅਵਾ ਨਹੀਂ, ਕੇਵਲ ਸੁਝਾਅ ਹੈ ਕਿ ਵਿਦਵਾਨਾਂ ਦੀ ਰਾਏ ਲਈ ਜਾਵੇ ਕਿ 'ਵੇਰ ਕਮਾਈਐ' ਦੀ ਬਜਾਏ ਬਾਬਾ ਨਾਨਕ ਜੀ ਨੇ 'ਵੇਸ ਕਮਾਈਐ' ਤਾਂ ਨਹੀਂ ਸੀ ਲਿਖਿਆ? ਸਾਡੇ ਕੋਲ ਬਾਬੇ ਨਾਨਕ ਦੀ ਹੱਥ ਲਿਖਤ 'ਪੋਥੀ ਸਾਹਿਬ' ਤਾਂ ਹੈ ਨਹੀਂ ਤੇ ਸਾਨੂੰ 'ਨਕਲ ਕੀ ਨਕਲ ਕੀ ਨਕਲ' ਵਾਲੀਆਂ ਬੀੜਾਂ ਉਤੇ ਹੀ ਟੇਕ ਰਖਣੀ ਪੈਂਦੀ ਹੈ। ਨਕਲ ਕਰਨ ਵਾਲਿਆਂ ਕੋਲੋਂ ਗ਼ਲਤੀ ਵੀ ਹੋ ਸਕਦੀ ਹੈ, ਭਾਵੇਂ ਇਹ ਵੀ ਠੀਕ ਹੈ ਕਿ ਗੁਰਬਾਣੀ ਵਿਚ ਲਗਾਂ ਮਾਤਰਾਂ ਦੀ ਵੀ ਕੋਈ ਤਬਦੀਲੀ ਨਹੀਂ ਹੋ ਸਕਦੀ, ਫਿਰ ਜੇ ਕਾਤਬ ਜਾਂ ਨਕਲ ਕੀ ਨਕਲ ਕੀ ਨਕਲ ਕਰਨ ਵਾਲੇ ਜਾਂ ਛਾਪਕ ਦੀ ਕੋਈ ਗ਼ਲਤੀ ਸਾਹਮਣੇ ਆ ਜਾਏ ਤਾਂ ਕੀ ਕੀਤਾ ਜਾਏ?
ਇਸ ਦਾ ਫ਼ੈਸਲਾ ਅਸੀ ਨਹੀਂ ਕਰ ਸਕਦੇ, ਪੰਥ ਪੱਧਰ ਤੇ ਹੀ ਹੋ ਸਕਦਾ ਹੈ। ਅਸੀ ਕਈ ਪੱਖਾਂ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਹੈ, ਇਸ ਸ਼ਬਦ ਵਿਚ 'ਸਉ ਵੇਸ' ਹੀ ਸ਼ਬਦ ਦੀ ਭਾਵਨਾ ਅਨੁਸਾਰ ਠੀਕ ਲਗਦਾ ਹੈ। ਪਰ ਗੁਰੂ ਦਾ ਪੰਥ, ਜਿਨ੍ਹਾਂ ਲੋਕਾਂ ਦੇ ਕਬਜ਼ੇ ਹੇਠ ਹੈ, ਉਹ ਡਾਂਗ ਮੋਢੇ ਤੇ ਰੱਖ ਕੇ ਗੱਲ ਕਰਦੇ ਹਨ, ਦਲੀਲ ਜਾਂ 'ਵਿਵੇਕ ਦਾਨ' ਦੀ ਗੱਲ ਉਨ੍ਹਾਂ ਲਈ ਅਰਦਾਸ ਵਿਚ ਦੁਹਰਾਉਣ ਵਾਲਾ ਕੇਵਲ ਇਕ ਵਾਕ ਹੀ ਹੈ ਤੇ ਜੀਵਨ ਵਿਚ ਇਸ ਦੇ ਕੋਈ ਵਿਸ਼ੇਸ਼ ਅਰਥ ਨਹੀਂ, ਇਸ ਲਈ ਕਿਸੇ ਕਾਤਬ ਦੀ ਗ਼ਲਤੀ ਵਲ ਧਿਆਨ ਦਿਵਾਉਣ ਨੂੰ ਵੀ ਪਤਾ ਨਹੀਂ ਉਹ ਕਿਸ ਤਰ੍ਹਾਂ ਲੈ ਲੈਣ।
ਫਿਰ ਵੀ ਅਸੀ ਚਾਹਾਂਗੇ ਕਿ ਸਾਰੇ ਹੀ ਇਸ ਬਾਰੇ ਸੋਚਣ ਕਿ ਬਾਬਾ ਨਾਨਕ ਨੇ ਇਸ ਪਾਵਨ ਸ਼ਬਦ ਵਿਚ 'ਵੇਰ' ਜਾਂ 'ਵੇਸ' ਵਿਚੋਂ ਕਿਹੜਾ ਅੱਖਰ ਵਰਤਿਆ ਹੋਵੇਗਾ ਤੇ ਕਿਸੇ ਕਾਤਬ ਜਾਂ ਨਕਲ ਕੀ ਨਕਲ ਕੀ ਨਕਲ... ਕਰਨ ਵਾਲੇ ਨੇ ਅਪਣੇ ਕੋਲੋਂ ਤਾਂ ਕੋਈ ਅੱਖਰ ਤਬਦੀਲ ਨਹੀਂ ਕਰ ਦਿਤਾ? ਉਂਜ ਸ਼੍ਰੋਮਣੀ ਕਮੇਟੀ ਦੀਆਂ ਛਾਪੀਆਂ ਵੱਖ ਵੱਖ ਬੀੜਾਂ ਦੀਆਂ ਬਾਣੀਆਂ ਵਿਚ ਵੀ ਕਈ ਥਾਂ ਵੇਖਿਆ ਜਾ ਸਕਦਾ ਹੈ ਤੇ ਹੱਥ-ਲਿਖਤ ਬੀੜਾਂ ਵਿਚੋਂ ਤਾਂ 50 ਬੀੜਾਂ ਦਾ ਅਧਿਐਨ ਵੀ ਕਰੋਗੇ ਤਾਂ ਪੰਜਾਹਾਂ ਵਿਚ ਹੀ ਬਾਣੀ ਫ਼ਰਕ ਨਾਲ ਲਿਖੀ ਮਿਲੇਗੀ। ਵਿਦਵਾਨ ਅਕਸਰ ਇਸ ਮਸਲੇ ਵਲ ਧਿਆਨ ਦਿਵਾਉਂਦੇ ਰਹਿੰਦੇ ਹਨ ਪਰ ਇਧਰ ਕੋਈ ਧਿਆਨ ਹੀ ਨਹੀਂ ਦਿੰਦਾ।
ਪਰ ਸਾਡੇ ਵਰਗਾ ਕੋਈ ਸਾਧਾਰਣ ਸ਼ਰਧਾਲੂ ਚੰਗਾ ਸੁਝਾਅ ਵੀ ਦੇਵੇ ਤਾਂ 'ਗੁਰਬਾਣੀ ਉਤੇ ਕਿੰਤੂ ਕਰਦਾ ਹੈ' ਤੋਂ ਲੈ ਕੇ ਕਈ ਤਰ੍ਹਾਂ ਦੇ ਦੋਸ਼ ਲਾ ਕੇ, ਉਸ ਨੂੰ ਬੋਲਣ ਨਹੀਂ ਦਿਤਾ ਜਾਂਦਾ। ਅਤੇ ਹੁਣ ਅਸੀ ਆਉਂਦੇ ਹਾਂ, ਸ਼ਬਦ ਦੀ ਤੁਕ-ਵਾਰ ਵਿਆਖਿਆ ਵਲ। ਬਾਬਾ ਨਾਨਕ ਜੀ ਧਾਰਮਕ ਵੇਸ ਵਿਚ ਲਿਪਟੇ ਇਕ ਵਿਅਕਤੀ ਨੂੰ ਸੰਬੋਧਨ ਹੋ ਕੇ ਫ਼ਰਮਾਉਂਦੇ ਹਨ: ਹੇ ਭਾਈ, ਤੂੰ ਅਪਣੇ ਸ੍ਰੀਰ ਉਤੇ ਕੇਸਰ ਦੀ ਖ਼ੂਬ ਵਰਤੋਂ ਕੀਤੀ ਹੋਈ ਹੈ ਤੇ ਤੇਰਾ ਸ੍ਰੀਰ ਕੇਸਰ ਵਾਂਗ ਸੁੰਦਰ ਤੇ ਸੁਗੰਧਿਤ ਲੱਗ ਰਿਹਾ ਹੈ। ਤੂੰ ਮੱਥੇ ਉਤੇ ਉਹ ਟਿੱਕਾ ਵੀ ਲਾਇਆ ਹੋਇਆ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਤੂੰ ਅਠਾਹਠ ਤੀਰਥਾਂ ਦਾ ਭ੍ਰਮਣ ਕਰ ਚੁੱਕਾ ਹੈਂ।
ਅਤੇ ਤੇਰਾ ਦਾਅਵਾ ਇਹ ਵੀ ਹੈ ਕਿ ਤੇਰੇ ਕੋਲ ਉਹ ਸੂਝ ਵੀ ਹੈ ਜੋ ਤੇਰੇ ਮਨ ਨੂੰ ਖੇੜੇ ਨਾਲ ਭਰੀ ਰਖਦੀ ਹੈ। ਇਸ ਸੂਝ (ਮਤਿ) ਨਾਲ ਤੂੰ ਸਾਰੇ ਗੁਣਾਂ ਦੇ ਮਾਲਕ ਦੀ ਸਰਾਹਣਾ ਕਰਦਾ ਦਿਖਾਈ ਦੇਣ ਦਾ ਆਹਰ ਵੀ ਕਰਦਾ ਹੈਂ। ਪਰ ਮੇਰੇ ਭਾਈ, ਤੇਰੇ ਅਮਲਾਂ ਵਿਚੋਂ ਤਾਂ ਤੇਰੀ ਸੂਝ ਨਜ਼ਰ ਨਹੀਂ ਪੈਂਦੀ ਤੇ ਅਮਲ ਵਿਚ ਤਾਂ ਤੂੰ ਹੋਰ ਹੋਰ ਕਿਸਮ ਦੀ ਮੱਤ ਦਾ ਵਿਖਾਵਾ ਹੀ ਕਰਦਾ ਹੈਂ ਜਿਸ ਵਿਚ ਧਰਮ ਕਰਮ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਸੌ ਪ੍ਰਕਾਰ ਦੇ ਵੇਸ ਵੀ ਕਰ ਲਈਏ, ਕੂੜ ਤੇ ਕੂੜਾ ਵਿਹਾਰ ਤਾਂ ਇਸ ਨਾਲ ਜ਼ੋਰ ਹੀ ਪਕੜੇਗਾ ਤੇ ਤੇਰਾ ਧਰਮੀ ਵੇਸ ²ਤੈਨੂੰ ਨਹੀਂ ਰੋਕ ਸਕੇਗਾ (ਅੱਜ ਦੇ ਸਿੱਖਾਂ ਬਾਰੇ ਇਹ ਗੱਲ ਕਿੰਨੀ ਸੱਚੀ ਹੈ)।
ਹੇ ਭਾਈ! ਤੇਰੀ ਤਰ੍ਹਾਂ ਹੀ ਕੋਈ ਪੀਰ ਦਾ ਵੇਸ ਧਾਰ ਕੇ ਪੀਰ ਅਖਵਾਉਣ ਲੱਗ ਪਵੇ, ਸਾਰਾ ਸੰਸਾਰ ਅਰਥਾਤ ਬਹੁਤ ਸਾਰੇ ਲੋਕ ਉਸ ਨੂੰ ਪੀਰ ਮੰਨ ਕੇ ਉਸ ਦੇ ਦਰਸ਼ਨ ਕਰਨ ਨੂੰ ਆਉਣ ਲੱਗ ਪੈਣ, ਉਸ ਦੀ ਪੂਜਾ ਹੋਣ ਲੱਗ ਪਵੇ, ਉਸ ਦਾ ਬੜਾ ਨਾਂ ਬਣ ਜਾਏ, ਤਾਂ ਵੀ ਇਸ ਨਾਲ ਕੀ ਹੋ ਜਾਏਗਾ? ਪ੍ਰਭੂ ਦੇ ਦਰਬਾਰ ਵਿਚ ਤਾਂ ਉਸ ਦਾ ਵੇਸ ਨਹੀਂ, ਉਸ ਦੇ ਕੰਮ ਹੀ ਵੇਖੇ ਜਾਣਗੇ। ਉਥੇ ਤਾਂ ਉਸ ਨੂੰ ਕੋਈ ਸਤਿਕਾਰ ਨਹੀਂ ਮਿਲਦਾ ਤੇ ਝੂਠੇ ਵੇਸ ਦੇ ਸਹਾਰੇ, ਲੋਕਾਂ ਤੋਂ ਜਿੱਤੀ ਝੂਠੀ ਇੱਜ਼ਤ, ਪ੍ਰਭੂ ਦੇ ਦਰਬਾਰ ਵਿਚ ਤਾਂ ਸਗੋਂ ਖਵਾਰੀ ਹੀ ਦਿਵਾਏਗੀ।
ਉਪਰਲੀਆਂ ਪਾਵਨ ਤੁਕਾਂ ਵਿਚ ਬਾਬਾ ਨਾਨਕ, ਬਾਹਰੀ ਵੇਸ ਦੇ ਸਹਾਰੇ, ਅਪਣੇ ਆਪ ਨੂੰ 'ਧਰਮੀ' ਦੱਸ ਕੇ ਇੱਜ਼ਤ ਖੱਟਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਤਾੜਨਾ ਕਰਦੇ ਹਨ ਕਿ ਇਸ ਢੰਗ ਨਾਲ, ਹੋ ਸਕਦਾ ਹੈ, ਤੂੰ ਦੁਨੀਆਂ ਨੂੰ ਭੁਲੇਖੇ ਵਿਚ ਪਾ ਲਵੇਂ ਪਰ ਪ੍ਰਭੂ ਦੇ ਦਰਬਾਰ ਵਿਚ ਤਾਂ ਬਾਹਰੀ ਭੇਖ (ਵੇਸ) ਦੇ ਸਹਾਰੇ ਪ੍ਰਾਪਤ ਕੀਤੀ ਇੱਜ਼ਤ ਸਗੋਂ ਉਲਟੀ ਹੀ ਪਵੇਗੀ।
ਚਲਦਾ ...