ਸੋ ਦਰ ਤੇਰਾ ਕਿਹਾ- ਕਿਸਤ-75
Published : Jul 26, 2018, 5:00 am IST
Updated : Nov 22, 2018, 1:16 pm IST
SHARE ARTICLE
So Dar Tera Keha-75
So Dar Tera Keha-75

ਅੰਤਮ ਸਤਰਾਂ ਵਿਚ ਸੌਣ ਸਬੰਧੀ ਕੀਤੇ ਉਪਦੇਸ਼ ਦੇ ਅਰਥ ਐਸ਼-ਇਸ਼ਰਤ ਇਸ ਲਈ ਕੀਤੇ ਗਏ ਹਨ ਕਿਉਂਕਿ 'ਹੇ ਨਾਨਕ ਸਦਾ ਥਿਰ '' ਵਾਲੀ ਤੁਕ ਨੂੰ...

ਅੱਗੇ...

ਅੰਤਮ ਸਤਰਾਂ ਵਿਚ ਸੌਣ ਸਬੰਧੀ ਕੀਤੇ ਉਪਦੇਸ਼ ਦੇ ਅਰਥ ਐਸ਼-ਇਸ਼ਰਤ ਇਸ ਲਈ ਕੀਤੇ ਗਏ ਹਨ ਕਿਉਂਕਿ 'ਹੇ ਨਾਨਕ ਸਦਾ ਥਿਰ....'' ਵਾਲੀ ਤੁਕ ਨੂੰ ਉਪਰਲੀਆਂ ਤੁਕਾਂ ਨਾਲ ਰਲਗੱਡ ਕਰਨ ਕਰ ਕੇ, ਅੰਤਮ ਤੁਕਾਂ ਨੂੰ ਉਹਨਾਂ ਨਾਲ ਜੋੜਨੋ ਖੁੰਝ ਗਏ। (ਪਿਛਲੇ ਸ਼ਬਦਾਂ ਵਿਚ ਵੀ ਇਹੀ ਕੀਤਾ ਗਿਆ ਸੀ)। ਬਾਬਾ ਨਾਨਕ ਨੇ ਐਸ਼-ਇਸ਼ਰਤ ਦੀ ਗੱਲ ਤਾਂ ਕਿਤੇ ਕੀਤੀ ਹੀ ਨਹੀਂ, ਫਿਰ 'ਸੌਣ' ਦਾ ਅਰਥ 'ਐਸ਼-ਇਸ਼ਰਤ' ਕਿਵੇਂ ਹੋ ਗਿਆ? ਅਸਲ ਗੱਲ ਏਨੀ ਕੁ ਹੀ ਹੈ ਕਿ ਮਹਿਲ ਮਾੜੀਆਂ ਤੇ ਸੁੰਦਰ ਘਰ ਪ੍ਰਵਾਰ ਬਨਾਉਣ ਦੀ ਗੱਲ ਹੀ ਗੁਰੂ ਸਾਹਿਬ ਨੇ ਜਾਰੀ ਰੱਖੀ ਹੋਈ ਸੀ ਤੇ ਅੰਤਮ ਦੋ ਸਤਰਾਂ ਵੀ ਉਸੇ ਪ੍ਰਮਾਣ ਦਾ ਭਾਗ ਹੀ ਹਨ।

ਪੂਰੀ ਗੱਲ ਇਹ ਹੈ ਕਿ ਗੁਰੂ ਬਾਬਾ ਜਗਿਆਸੂ ਨੂੰ ਸਮਝਾ ਰਹੇ ਹਨ ਕਿ ਮਹਿਲ ਮਾੜੀਆਂ ਤੇ ਕੁਟੁੰਬ ਪ੍ਰਵਾਰ ਦਾ ਸੁੱਖ ਵੀ ਉਸ ਸੁੱਖ ਦੇ ਬਰਾਬਰ ਕੁੱਝ ਨਹੀਂ ਜੋ ਉਸ ਪ੍ਰਭੂ ਦੀ ਮਿਹਰ ਪ੍ਰਾਪਤ ਹੋਣ ਨਾਲ ਮਿਲਦਾ ਹੈ, ਇਸ ਲਈ ਇਨ੍ਹਾਂ ਵਕਤੀ ਖ਼ੁਸ਼ੀ ਦੇਣ ਵਾਲੀਆਂ ਵਸਤਾਂ ਵਿਚ ਖੱਚਤ ਹੋਣ ਨਾਲੋਂ ਜ਼ਿਆਦਾ ਚੰਗਾ ਇਹੀ ਰਹੇਗਾ ਕਿ ਸਦੀਵੀ ਖ਼ੁਸ਼ੀ ਵਾਲਾ ਰਾਹ ਚੁਣਿਆ ਜਾਵੇ।

ਬਾਬਾ ਨਾਨਕ ਪ੍ਰਭੂ ਦੇ ਸ਼ੁਕਰਾਨੇ ਦੀ ਇਕ ਤੁਕ (ਜਿਸ ਦਾ ਸ਼ਬਦ ਦੇ ਵਿਸ਼ੇ ਨਾਲ ਕੋਈ ਸਬੰਧ ਨਹੀਂ) ਉਚਾਰਣ ਤੋਂ ਬਾਅਦ ਉਹੀ ਵਿਸ਼ਾ ਜਾਰੀ ਰਖਦੇ ਹੋਏ, ਅੰਤਮ ਦੋ ਤੁਕਾਂ ਵਿਚ ਫਿਰ ਫ਼ਰਮਾਉਂਦੇ ਹਨ ਕਿ ਇਨ੍ਹਾਂ ਮਹਿਲ ਮਾੜੀਆਂ (ਜਿਨ੍ਹਾਂ ਦੀ ਉਸਾਰੀ ਕਰ ਕੇ ਤੂੰ ਏਨਾ ਮਾਣ ਮਹਿਸੂਸ ਕਰ ਰਿਹਾ ਹੈਂ) ਉਨ੍ਹਾਂ ਵਿਚ ਸੌਣਾ ਉਦੋਂ ਖ਼ੁਸ਼ੀ ਦੀ ਥਾਂ ਖਵਾਰੀ ਬਣ ਜਾਂਦੀ ਹੈ ਜਦੋਂ ਪ੍ਰਭੂ ਦੀ ਮਿਹਰ ਤੋਂ ਬਿਨਾਂ ਇਨ੍ਹਾਂ ਮਹਿਲ ਮਾੜੀਆਂ, ਕੋਠੀਆਂ ਵਿਚ ਰਹਿਣ ਦੀ ਕੋਈ ਚੇਸ਼ਟਾ ਕਰੇ।

ਇਨ੍ਹਾਂ ਵੱਡੇ ਘਰਾਂ, ਮਾੜੀਆਂ ਵਿਚ, ਪ੍ਰਭੂ ਦੀ ਮਿਹਰ ਤੋਂ ਬਿਨਾਂ ਸੌਣ ਦੀ ਇੱਛਾ ਰੱਖਣ ਵਾਲਾ ਬੰਦਾ ਸ੍ਰੀਰ ਕਰ ਕੇ ਦੁਖੀ ਹੁੰਦਾ ਹੈ ਤੇ ਉਸ ਦੇ ਮਨ ਵਿਚ ਵਿਕਾਰ (ਬੁਰੇ ਵਿਚਾਰ) ਹੀ ਪੈਦਾ ਹੁੰਦੇ ਹਨ। ਇਹ ਬਿਲਕੁਲ ਸਾਧਾਰਣ ਸੱਚ ਹੈ ਜੋ ਬਾਬੇ ਨਾਨਕ ਨੇ ਬਾਣੀ ਵਿਚ ਦਰਜ ਕੀਤਾ ਹੈ। ਇਸ ਵਿਚ ਐਸ਼ ਇਸ਼ਰਤ ਵਾਲੀ ਤਾਂ ਗੱਲ ਹੀ ਕੋਈ ਨਹੀਂ ਪਰ ਵਿਚਕਾਰ ਕਿਉਂਕਿ ਇਕ ਧਨਵਾਦੀ ਸੱਤਰ ਆ ਗਈ, ਇਸ ਲਈ ਟੀਕਾਕਾਰਾਂ ਨੇ ਅੰਤਮ ਸਤਰਾਂ ਨੂੰ ਵਖਰਿਆਂ ਕਰ ਕੇ, ਅਪਣੇ ਕੋਲੋਂ ਉਹ ਅਰਥ ਜੋੜ ਦਿਤੇ ਜੋ ਬਾਬਾ ਨਾਨਕ ਨੇ ਸ਼ਬਦ ਰਾਹੀਂ ਦੇਣੇ ਹੀ ਨਹੀਂ ਸਨ ਚਾਹੇ। ਅਸੀ ਪਿੱਛੇ ਵੀ ਵੇਖ ਆਏ ਹਾਂ ਕਿ ਇਹ ਗ਼ਲਤੀ ਵਾਰ ਵਾਰ ਦੁਹਰਾਈ ਗਈ ਹੈ।

10ਵੀਂ ਤੁਕ ਤੀਕ ਅਸੀ ਪਹਿਲਾਂ ਤੁਕ-ਵਾਰ ਵਿਆਖਿਆ ਕਰ ਚੁੱਕੇ ਹਾਂ ਤੇ ਵਿਚਕਾਰ ਉਪ੍ਰੋਕਤ 'ਗ਼ਲਤੀ' ਦਾ ਜ਼ਿਕਰ ਆ ਗਿਆ ਜਿਸ ਵਲ ਧਿਆਨ ਦਿਵਾਉਣਾ ਜ਼ਰੂਰੀ ਸੀ। ਹੁਣ ਅਗਲੀਆਂ ਸਤਰਾਂ ਦੀ ਤੁਕ-ਵਾਰ ਵਿਆਖਿਆ, ਹੇਠਾਂ ਅਨੁਸਾਰ ਬਣਦੀ ਹੈ : 11,12,13 :- ਸੋਹਣੀ ਕਾਠੀ ਤੇ ਸੋਨੇ-ਜੜਤ ਦਮਚੀਆਂ ਵਾਲੇ ਸੁੰਦਰ ਘੋੜੇ ਉਤੇ ਬੈਠ ਕੇ, ਤੀਰ ਕਮਾਨ, ਤੀਰਾਂ ਦਾ ਭੱਥਾ, ਗਾਤਰਾ ਤੇ ਬਰਛੀ ਸ੍ਰੀਰ ਨਾਲ ਬੰਨ੍ਹ ਕੇ ਤੇ ਨੇਜੇ ਵਾਜਿਆਂ ਨੂੰ ਨਾਲ ਲਈ, ਘੋੜ-ਸਵਾਰੀ ਕਰ ਕੇ, ਹੇ ਮਨੁੱਖ ਤੈਨੂੰ ਜੋ ਵਡਿਆਈ ਮਿਲਦੀ ਮਹਿਸੂਸ ਹੁੰਦੀ ਹੈ।

ਮਾਣ ਜਿਹਾ ਹੋਣ ਲਗਦਾ ਹੈ, ਇਹ ਸੱਭ ਥੋੜ-ਚਿਰੇ ਸੁੱਖ ਹਨ ਕਿਉਂਕਿ ਛੇਤੀ ਹੀ ਇਨ੍ਹਾਂ ਚੀਜ਼ਾਂ ਨੂੰ ਅਪਣੇ ਸ੍ਰੀਰ ਤੋਂ ਵੱਖ ਕਰਨ ਵਿਚ ਹੀ ਤੂੰ ਸੁੱਖ ਮਹਿਸੂਸ ਕਰਨ ਲੱਗ ਪਵੇਂਗਾ ਤੇ ਇਨ੍ਹਾਂ ਨਾਲ ਬੇਆਰਾਮੀ ਪੈਦਾ ਹੋਣ ਲੱਗੇਗੀ। ਪਰ ਇਨ੍ਹਾਂ ਬਦਲੇ, ਜੇ ਤੂੰ ਉਨ੍ਹਾਂ ਗੁਣਾਂ ਨਾਲ ਲੈਸ ਹੋ ਕੇ, ਪ੍ਰਭੂ ਦੀ ਸੂਝ ਤੇ ਤਾਂਘ ਦੇ ਘੋੜੇ ਦੀ ਸਵਾਰੀ ਕਰ ਕੇ ਉਸ ਦੀ ਵਾਟ (ਰਾਹ) ਦੀ ਖੋਜ 'ਤੇ ਚਲ ਪਵੇਂ ਤਾਂ ਤੈਨੂੰ ਸਦੀਵੀ ਖ਼ੁਸ਼ੀ ਅਤੇ ਉਹ ਮਾਣ ਸਤਿਕਾਰ ਮਿਲ ਜਾਵੇਗਾ ਕਿ ਤੂੰ ਇਕ ਪਲ ਲਈ ਵੀ ਉਸ ਤੋਂ ਵੱਖ ਹੋਣਾ ਪਸੰਦ ਨਹੀਂ ਕਰੇਂਗਾ (ਜਦਕਿ ਦੁਨਿਆਵੀ ਘੋੜ-ਸਵਾਰੀ ਤੋਂ ਤੂੰ ਛੇਤੀ ਹੀ ਵੱਖ ਹੋਣਾ ਲੋਚਣ ਲਗਦਾ ਹੈਂ) ਤੇ ਕਦੀ ਥੱਕੇਂਗਾ ਵੀ ਨਹੀਂ ਤੇ ਅੱਕੇਂਗਾ ਵੀ ਨਹੀਂ।

 14,15. ਹੋਰ ਸੱਭ ਸਵਾਰੀਆਂ ਅੰਤ ਨੂੰ, ਅਕਾ ਦੇਂਦੀਆਂ ਹਨ, ਥਕਾ ਦੇਂਦੀਆਂ ਹਨ ਤੇ ਦੁਖ (ਖੁਆਰੀ) ਹੀ ਹੱਥ ਪੱਲੇ ਫੜਾਉਂਦੀਆਂ ਹਨ। ਅਜਿਹੀਆਂ ਸਵਾਰੀਆਂ ਤਾਂ ਸ੍ਰੀਰ ਨੂੰ ਵੀ ਪੀੜਾ ਦੇਂਦੀਆਂ ਹਨ ਤੇ ਮਨ ਵਿਚ ਵਿਕਾਰ ਵੀ ਪੈਦਾ ਕਰਦੀਆਂ ਹਨ। 16. ਇਹ ਮਹਿਲ ਮਾੜੀਆਂ, ਵੱਡੇ ਘਰ, ਪ੍ਰਵਾਰ, ਜਿੰਨੀ ਖ਼ੁਸ਼ੀ ਤੈਨੂੰ ਦੇਂਦੇ ਹਨ, ਉਹ ਉਸ ਖ਼ੁਸ਼ੀ ਦੇ ਸਾਹਮਣੇ ਕੁੱਝ ਵੀ ਨਹੀਂ ਜੋ ਪ੍ਰਭੂ ਦੇ ਨਾਮ ਦੇ ਸਾਏ ਹੇਠ ਆ ਜਾਣ ਨਾਲ ਮਿਲਦੀ ਹੈ। 17,18. ਇਹ ਦੋ ਤੁਕਾਂ ਕੇਵਲ ਪ੍ਰਭੂ ਦੇ ਸ਼ੁਕਰਾਨੇ ਦੀਆਂ ਤੁਕਾਂ ਹਨ ਜਿਨ੍ਹਾਂ ਦਾ ਸ਼ਬਦ ਦੇ ਵਿਸ਼ੇ ਨਾਲ ਕੋਈ ਸਬੰਧ ਨਹੀਂ। ਇਨ੍ਹਾਂ ਬਾਰੇ ਉਪਰ ਵਿਚਾਰ ਕਰ ਚੁੱਕੇ ਹਾਂ।

19,20. (16ਵੀਂ ਤੁਕ ਨੂੰ ਹੀ ਅੱਗੇ ਚਲਾਉਂਦੇ ਹੋਏ) ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਇਨ੍ਹਾਂ ਸੁੰਦਰ ਮਕਾਨਾਂ, ਕੋਠੀਆਂ ਵਿਚ ਸੌਣਾ ਤਾਂ ਹੀ ਸਕਾਰਥਾ ਹੈ ਜੇ ਪ੍ਰਭੂ ਦੀ ਬਖ਼ਸ਼ਿਸ਼ ਵੀ ਨਾਲ ਪ੍ਰਾਪਤ ਹੋਵੇ। ਇਸ ਬਖ਼ਸ਼ਿਸ਼ ਤੋਂ ਬਿਨਾਂ, ਅਜਿਹੀਆਂ ਕੋਠੀਆਂ, ਮਹਿਲ ਮਾੜੀਆਂ ਵਿਚ ਸੌਣਾ ਜਾਂ ਸੌਣ ਦੀ ਇੱਛਾ ਰਖਣਾ ਵੀ ਸ੍ਰੀਰ ਲਈ ਕਸ਼ਟਦਾਇਕ ਹੋ ਸਕਦਾ ਹੈ ਤੇ ਮਨ ਨੂੰ ਵਿਕਾਰਾਂ ਨਾਲ ਭਰ ਸਕਦਾ ਹੈ।

ਬਾਬਾ ਨਾਨਕ ਨੇ ਸਾਰੀ ਉਮਰ ਜਿਸ ਬ੍ਰਾਹਮਣਵਾਦ ਵਿਰੁਧ ਪ੍ਰਚਾਰ ਕੀਤਾ, ਸਾਡੇ ਸ਼੍ਰੋਮਣੀ ਅਨੁਵਾਦਕ, ਉਨ੍ਹਾਂ ਦੀ ਬਾਣੀ ਨੂੰ ਕਿਵੇਂ ਧੱਕੇ ਨਾਲ ਬ੍ਰਾਹਮਣਵਾਦ ਦੀ ਪ੍ਰਚਾਰਕ ਬਣਾਉਂਦੇ ਹਨ, ਇਸ ਦੀ ਇਕ ਹੋਰ ਝਲਕ ਤੁਹਾਨੂੰ ਸਿਰੀ ਰਾਗੁ ਦੇ ਅਗਲੇ ਸ਼ਬਦ ਦੀ, ਪ੍ਰੋ:ਸਾਹਿਬ ਸਿੰਘ ਅਤੇ ਡਾ. ਤਾਰਨ ਸਿੰਘ (ਪੰਜਾਬੀ ਯੂਨੀਵਰਸਿਟੀ) ਦੇ ਅਨੁਵਾਦਾਂ ਵਿਚ ਵਿਖਾਵਾਂਗੇ। ਤੁਸੀ ਆਪ ਹੀ ਦਸਣਾ, ਇਹੋ ਜਹੇ ਅਨੁਵਾਦਾਂ ਦੇ ਹੁੰਦਿਆਂ, ਜੇ ਬ੍ਰਾਹਮਣਵਾਦ ਸਿੱਖਾਂ ਵਿਚ ਫੈਲ ਰਿਹਾ ਹੈ ਤਾਂ ਦੋਸ਼ੀ ਕੌਣ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement