ਸੋ ਦਰ ਤੇਰਾ ਕਿਹਾ-ਕਿਸ਼ਤ 91

ਸਪੋਕਸਮੈਨ ਸਮਾਚਾਰ ਸੇਵਾ
Published Aug 11, 2018, 5:00 am IST
Updated Nov 21, 2018, 5:48 pm IST
ਬਾਬਾ ਨਾਨਕ ਇਸ ਪਾਵਨ ਸ਼ਬਦ ਵਿਚ ਉਸ ਜੀਵਆਤਮਾ ਦੀ ਖ਼ੁਸ਼ੀ ਦਾ ਬਿਆਨ ਕਰਦੇ ਹਨ ਜੋ ਮਾਇਆ ਤੇ ਹਉਮੈ ਦੀ ਜਕੜ ਵਿਚੋਂ ਆਜ਼ਾਦ ਹੋ ਕੇ ਗੁਰੂ
So Dar Tera Keha-91
 So Dar Tera Keha-91

ਅੱਗੇ 

ਬਾਬਾ ਨਾਨਕ ਇਸ ਪਾਵਨ ਸ਼ਬਦ ਵਿਚ ਉਸ ਜੀਵਆਤਮਾ ਦੀ ਖ਼ੁਸ਼ੀ ਦਾ ਬਿਆਨ ਕਰਦੇ ਹਨ ਜੋ ਮਾਇਆ ਤੇ ਹਉਮੈ ਦੀ ਜਕੜ ਵਿਚੋਂ ਆਜ਼ਾਦ ਹੋ ਕੇ ਗੁਰੂ (ਅਕਾਲ ਪੁਰਖ) ਦਾ ਭਰੋਸਾ ਜਿੱਤਣ ਵਿਚ ਕਾਮਯਾਬ ਹੋ ਜਾਂਦੀ ਹੈ। ਉਹ ਬਿਲਕੁਲ ਹੌਲੀ ਫੁੱਲ ਹੋਈ ਮਹਿਸੂਸ ਕਰਦੀ ਹੈ ਤੇ ਖ਼ੁਸ਼ੀ, ਗ਼ਮੀ ਦੇ ਫ਼ਰਕ ਦਾ ਉਸ ਉਤੇ ਕੋਈ ਅਸਰ ਹੋਣੋਂ ਹੀ ਹੱਟ ਜਾਂਦਾ ਹੈ। ਫਿਰ ਉਹ ਅਪਣੀ ਹੁਣ ਵਾਲੀ ਹਾਲਤ ਦਾ ਟਾਕਰਾ, ਅਪਣੀ ਪਹਿਲਾਂ ਵਾਲੀ ਹਾਲਤ ਨਾਲ ਕਰਦੀ ਹੈ। ਹੁਣ ਅਸੀ ਤੁਕਵਾਰ ਵਿਆਖਿਆ ਕਰਨ ਵਿਚ ਬੜੀ ਸੌਖਿਆਈ ਮਹਿਸੂਸ ਕਰਾਂਗੇ।

Advertisement

ਤੁਕ-ਵਾਰ ਵਿਆਖਿਆ -ਚੰਗਾ ਹੋਇਆ ਕਿ ਮੇਰੀ ਜਿੰਦ ਉਨ੍ਹਾਂ ਵਿਕਾਰਾਂ ਤੋਂ ਛੁਟ ਗਈ ਜੋ ਮੇਰੇ ਅੰਦਰ ਹਉਮੈ ਪੈਦਾ ਕਰਦੇ ਸਨ। ਹਉਮੈ ਖ਼ਤਮ ਹੋ ਜਾਣ ਨਾਲ, ਹੁਣ ਉਹ ਵਿਕਾਰ ਸਗੋਂ ਹੱਥ ਬੰਨ੍ਹੀ ਖੜੇ ਹੁੰਦੇ ਹਨ ਅਰਥਾਤ ਪਹਿਲਾਂ ਉਹ ਮੈਨੂੰ ਹੁਕਮ ਕਰਦੇ ਸਨ ਤੇ ਉਨ੍ਹਾਂ ਦੀ ਬੱਧੀ ਹੋਈ ਮੈਂ ਹਰ ਕੰਮ ਉਨ੍ਹਾਂ ਦੇ ਮੁਤਾਬਕ ਹੀ ਕਰਦੀ ਸਾਂ ਪਰ ਹੁਣ ਉਹ ਮੇਰੇ 'ਹੱਥ-ਬੰਨ੍ਹ ਗ਼ੁਲਾਮ' ਹੋ ਗਏ ਹਨ ਜੋ ਮੇਰੀ ਚਾਕਰੀ ਕਰਦੇ ਹਨ। ਮੈਂ ਜਿਵੇਂ ਚਾਹੁੰਦੀ ਹਾਂ, ਉਨ੍ਹਾਂ ਨੂੰ ਅਪਣੀ ਮਰਜ਼ੀ ਅਨੁਸਾਰ, ਅੱਗੇ ਲਾਈ ਰਖਦੀ ਹਾਂ, ਉਨ੍ਹਾਂ ਦੇ ਪਿੱਛੇ ਨਹੀਂ ਲਗਦੀ।

ਅਜਿਹਾ ਇਸ ਕਰ ਕੇ ਹੋਇਆ ਹੈ ਕਿਉਂਕਿ ਮੈਨੂੰ ਅਕਾਲ ਪੁਰਖ ਦਾ ਭਰੋਸਾ ਪ੍ਰਾਪਤ ਹੋ ਗਿਆ ਹੈ। (ਭਰੋਸਾ ਕਿਵੇਂ ਮਿਲਦਾ ਹੈ? ਉਸ ਅਕਾਲ ਪੁਰਖ ਨਾਲ ਸਿੱਧਾ ਤੇ ਸੱਚਾ ਪ੍ਰੇਮ ਕਰੋ ਤੇ ਹੋਰ ਕਿਸੇ ਪਾਸੇ ਧਿਆਨ ਜਾਣ ਹੀ ਨਾ ਦਿਉ)। ਹੁਣ ਮੈਂ ਵਿਅਰਥ ਦੀ ਚਿੰਤਾ, ਕਲਪਣਾ ਛੱਡ ਦਿਤੀ ਹੈ ਕਿਉਂਕਿ ਸੱਚਾ ਬੇਪ੍ਰਵਾਹ ਮੇਰੇ ਅੰਦਰ ਆ ਵਸਿਆ ਹੈ। (ਅੰਦਰ ਉਹ ਉਸ ਦੇ ਹੀ ਆ ਵਸਦਾ ਹੈ ਜਿਸ ਦੇ ਮਨ ਵਿਚ ਪ੍ਰਭੂ-ਪਿਆਰ ਤੋਂ ਬਿਨਾਂ, ਹੋਰ ਕਿਸੇ ²ਸ਼ਕਤੀ ਨਾਲ ਪਿਆਰ ਨਾ ਹੋਵੇ ਤੇ ਸਾਰੇ ਕਪਟਾਂ, ਵਿਕਾਰਾਂ ਤੋਂ ਨਾਮ ਨੇ ਮਨ ਨੂੰ ਧੋ ਦਿਤਾ ਹੋਵੇ। ਸੁੰਦਰ ਮਨ ਦੀ ਸੇਜ ਹੀ ਉਹ ਪਲੰਘ ਹੈ ਜਿਸ ਉਤੇ ਉਹ ਆ ਵਸਦਾ ਹੈ)।

ਮਨਾ, ਸੱਚ ਮਿਲਦਿਆਂ ਹੀ ਮੇਰੇ ਅੰਦਰੋਂ ਸਾਰੇ ਭੈ ਮਿਟ ਗਏ ਹਨ। ਜਦ ਤਕ ਇਹ ਡਰ ਅਤੇ ਭੈ ਮੇਰੇ ਮਨ ਨੂੰ ਗ੍ਰਸੀ ਫਿਰਦੇ ਸਨ, ਨਿਰਭਉ ਹੋਣ ਦੀ ਕਿਵੇਂ ਸੋਚ ਸਕਦੀ ਸਾਂ? ਜਦ ਇਕ ਜਾਂ ਦੂਜੇ ਡਰ ਵਿਚ ਭਟਕਦੀ ਫਿਰਦੀ ਸਾਂ, ਉਸ ਵੱਡੇ ਨਿਰਭਉ ਦੀ ਕਿਵੇਂ ਹੋ ਸਕਦੀ ਸਾਂ? ਹਾਂ, ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਗੁਰੂ (ਅਕਾਲ ਪੁਰਖ) ਦੇ ਸ਼ਬਦ ਵਿਚ ਲੀਨ ਹੋਏ ਬਿਨਾਂ ਨਿਰਭਉ ਪਦ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਤੇ ਜਦ ਤਕ ਨਿਰਭਉ ਨਹੀਂ ਹੋਇਆ ਜਾਂਦਾ, ਅਕਾਲ ਪੁਰਖ ਦੇ ਨੇੜੇ ਵੀ ਨਹੀਂ ਜਾਇਆ ਜਾ ਸਕਦਾ। ਅਕਾਲ ਪੁਰਖ ਦੇ ਸ਼ਬਦ ਨੇ ਹੀ ਮੈਨੂੰ ਨਿਰਭਉ ਬਣਾਇਆ ਹੈ।

(ਹੁਣ ਜ਼ਰਾ ਮੈਂ ਉਸ ਅਵੱਸਥਾ ਨੂੰ ਯਾਦ ਕਰਾਂ ਜਦੋਂ ਮੇਰੀ ਇਹ ਅਵੱਸਥਾ ਅਜੇ ਪੈਦਾ ਨਹੀਂ ਸੀ ਹੋਈ) ਤਾਂ ਹਉਮੈ ਤੇ ਤ੍ਰਿਸ਼ਨਾ ਦੇ ਅਸਰ ਹੇਠ, ਮੈਂ ਹਰ ਸਮੇਂ ਦਾਤਾਂ ਮੰਗਣ ਲਈ ਹੀ ਹੱਥ ਅੱਡੀ ਰਹਿੰਦੀ ਸੀ ਤੇ ਦਾਤਾਂ ਮੰਗਣ ਦਾ ਅੰਤ ਹੀ ਕੋਈ ਨਹੀਂ ਸੀ। ਉਸ ਦੇ ਘਰ ਵਿਚ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਤੇ ਮੇਰੀਆਂ ਨਿਤ ਦੀਆਂ ਮੰਗਾਂ ਨਾਲ ਵੀ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ, ਇਸ ਗੱਲ ਦੇ ਬਾਵਜੂਦ ਵੀ ਕਿ ਦਾਤਾਂ ਮੰਗਣ ਵਾਲੇ ਬੇਸ਼ੁਮਾਰ ਹਨ ਤੇ ਦਾਤਾ ਕੇਵਲ ਇਕ ਹੈ। ਪਰ ਸੱਚ ਆਖਾਂ, ਏਨੀਆਂ ਦਾਤਾਂ ਮੰਗਣ ਵਿਚ ਵੀ ਉਹ ਸੁੱਖ ਨਹੀਂ ਜਿਹੜਾ ਉਸ ਦਾਤੇ ਦੀ ਇਕ ਮਿਹਰ ਭਰੀ ਨਜ਼ਰ ਨਾਲ ਮਿਲ ਜਾਂਦਾ ਹੈ।

ਜਿਸ ਨੇ ਇਹ ਜੀਅ-ਪ੍ਰਾਣ ਦਿਤੇ ਹਨ, ਉਸ ਦੀ ਮਿਹਰ ਹੀ ਸਾਰੇ ਸੁੱਖਾਂ ਦਾ ਅਸਲ ਸੋਮਾ ਹੈ। ਬੱਸ ਉਸ ਨੂੰ ਹੀ ਮਨ ਵਿਚ ਵਸਾ ਲੈਣ ਦੀ ਜੁਗਤੀ ਸੋਚਣੀ ਚਾਹੀਦੀ ਹੈ। ਜਦੋਂ ਉਸ ਸੱਚੇ ਮਾਲਕ ਨੂੰ ਜਾਣ ਲਈਦਾ ਹੈ ਤਾਂ ਆਪੇ ਸੋਝੀ ਹੋ ਜਾਂਦੀ ਹੈ ਕਿ ਦਾਤਾਂ ਤਾਂ ਕੁੱਝ ਵੀ ਨਹੀਂ, ਇਹ ਤਾਂ ਸਾਰਾ ਸੰਸਾਰ ਹੀ ਇਕ ਸੁਪਨੇ ਮਾਤਰ ਹੈ ਜਿਸ ਵਿਚ ਉਹ ਦਾਤਾ ਇਕ ਖੇਡ ਖਿਡਾ ਰਿਹਾ ਹੈ। ਇਸ ਖੇਡ ਵਿਚ ਉਹ ਜਿਨ੍ਹਾਂ ਜੀਵ-ਆਤਮਾਵਾਂ ਦੇ ਸੰਜੋਗ ਕਰਾਉਣਾ ਚਾਹੁੰਦਾ ਹੈ, ਉਹ ਮਿਲ ਜਾਂਦੀਆਂ ਹਨ ਤੇ ਜਿਨ੍ਹਾਂ ਨੂੰ ਵਿਛੋੜਨਾ ਚਾਹੁੰਦਾ ਹੈ, ਉਹ ਵਿਛੜ ਜਾਂਦੀਆਂ ਹਨ। ਸਾਰੀ ਉਸ ਦੀ ਖੇਡ ਹੈ। ਹਕੀਕਤ ਕੁੱਝ ਹੋਰ ਹੈ ਜੋ ਉਸ ਨੂੰ ਜਾਣ ਕੇ ਹੀ ਜਾਣੀ ਜਾ ਸਕਦੀ ਹੈ।

ਜੋ ਉਸ ਦੀ ਮਰਜ਼ੀ ਹੋਵੇਗੀ, ਉਹੀ ਹੋਵੇਗਾ। ਕਿਸੇ ਹੋਰ ਦੀ ਏਨੀ ਸ਼ਕਤੀ ਨਹੀਂ ਕਿ ਪ੍ਰਭੂ ਦੇ ਕਾਰਜ ਕਰ ਸਕੇ (ਦੇਵਤਿਆਂ ਦੇ ਸਿਧਾਂਤ ਦਾ ਸਪੱਸ਼ਟ ਖੰਡਨ ਵੇਖੋ)। ਜਿਹੜੇ ਗੁਰੂ (ਅਕਾਲ ਪੁਰਖ) ਵਲ ਮੁਖ ਕਰ ਕੇ ਜੀਵਨ ਗੁਜ਼ਾਰਦੇ ਹਨ, ਉਨ੍ਹਾਂ ਦਾ ਇਕੋ ਕੰਮ ਤੇ ਇਕੋ ਫ਼ਰਜ਼ ਹੈ ਕਿ ਸੱਚੀ ਪੂੰਜੀ (ਸੱਚ ਤੇ ਸੱਚੀ ਰਹਿਣੀ) ਨਾਲ ਸੱਚ ਦਾ ਵਪਾਰ ਇਸ ਜਗਤ ਵਿਚ ਕਰ ਲੈਣ।

ਜਿੰਨਾ ਜ਼ਿਆਦਾ ਸੱਚ ਦਾ ਸੌਦਾ ਖ਼ਰੀਦ ਕੇ ਪ੍ਰਭੂ ਦੇ ਦਰਬਾਰ ਵਿਚ ਪਹੁੰਚਣਗੇ, ਓਨੀ ਹੀ ਜ਼ਿਆਦਾ ਉੁਨ੍ਹਾਂ ਨੂੰ ਗੁਰੂ (ਅਕਾਲ ਪੁਰਖ) ਤੋਂ ਸ਼ਾਬਾਸ਼ ਮਿਲ ਜਾਏਗੀ ਕਿਉਂਕਿ ਉਹ ਤਾਂ ਹੈ ਹੀ ਸੱਚ ਦਾ ਵਪਾਰੀ ਤੇ ਜਾਣਨਾ ਚਾਹੁੰਦਾ ਹੈ ਕਿ ਵਿਕਾਰਾਂ ਦੀ ਭਰੀ ਇਸ ਜ਼ਿੰਦਗੀ ਵਿਚ ਕਿਹੜੇ ਕਿਹੜੇ ਤੇ ਕਿੰਨਾ ਕਿੰਨਾ ਸੱਚ ਦਾ ਸੌਦਾ ਲੈ ਕੇ ਪਰਤਦੇ ਹਨ। ਝੂਠ ਦੀਆਂ ਪੰਡਾਂ ਦੇ ਭਾਰ ਹੇਠ ਦੱਬੇ ਤਾਂ ਬਹੁਤੇ ਹੋਣਗੇ ਪਰ ਸੱਚ ਦਾ ਸੌਦਾ ਚੁੱਕੀ ਕੋਈ ਵਿਰਲਾ ਵਿਰਲਾ ਹੀ ਉਸ ਦੇ ਦਰਬਾਰ ਵਿਚ ਪੁੱਜੇਗਾ। (ਉਹਨੂੰ ਭੁਲੇਖਾ ਨਹੀਂ ਲਗਦਾ) ਤੇ ਉਹਨੂੰ ਵੇਖਦਿਆਂ ਹੀ ਪਤਾ ਲੱਗ ਜਾਏਗਾ ਕਿ ਸੱਚ ਦਾ ਸੌਦਾ ਲੈ ਕੇ ਕਿਹੜਾ ਕਿਹੜਾ ਉਸ ਦੇ ਦਰਬਾਰ ਵਿਚ ਪੁੱਜਾ ਹੈ। 

Advertisement

 

Advertisement
Advertisement