Advertisement

ਸੋ ਦਰ ਤੇਰਾ ਕਿਹਾ-ਕਿਸ਼ਤ 88

ਸਪੋਕਸਮੈਨ ਸਮਾਚਾਰ ਸੇਵਾ
Published Aug 8, 2018, 5:00 am IST
Updated Nov 21, 2018, 5:58 pm IST
ਮਿੱਠਾ ਬੋਲਣ ਦੇ ਲਾਭ ਜਿੰਨੇ ਮਨ ਨੂੰ ਹੁੰਦੇ ਹਨ, ਉਸ ਤੋਂ ਵੱਧ ਦੁਨਿਆਵੀ ਮਾਮਲਿਆਂ ਵਿਚ ਹੁੰਦੇ ਹਨ। ਮਿੱਠਾ ਬੋਲਣ ਵਾਲਾ ਹਰ ਇਕ ਨੂੰ ਚੰਗਾ ਲਗਦਾ ਹੈ ਤੇ ਸੱਭ ਤੋਂ...
So Dar Tera Keha-88
 So Dar Tera Keha-88

ਅੱਗੇ...

ਮਿੱਠਾ ਬੋਲਣ ਦੇ ਲਾਭ ਜਿੰਨੇ ਮਨ ਨੂੰ ਹੁੰਦੇ ਹਨ, ਉਸ ਤੋਂ ਵੱਧ ਦੁਨਿਆਵੀ ਮਾਮਲਿਆਂ ਵਿਚ ਹੁੰਦੇ ਹਨ। ਮਿੱਠਾ ਬੋਲਣ ਵਾਲਾ ਹਰ ਇਕ ਨੂੰ ਚੰਗਾ ਲਗਦਾ ਹੈ ਤੇ ਸੱਭ ਤੋਂ ਵੱਧ ਮਿੱਤਰ ਹੀ ਮਿੱਠਾ ਬੋਲਣ ਵਾਲੇ ਦੇ ਬਣਦੇ ਹਨ। ਉਂਜ ਇਹ ਵੀ ਸੱਚ ਹੈ ਕਿ ਸੋਈ ਮਿਤਰ ਅਸਾਡੜਾ' ਅਨੁਸਾਰ ਅਸਲ ਮਿੱਤਰ ਤਾਂ ਪ੍ਰਮਾਤਮਾ ਹੀ ਹੋ ਸਕਦਾ ਹੈ, ਸੰਸਾਰੀ ਮਿੱਤਰ ਤਾਂ ਪਤਾ ਨਹੀਂ ਕਦੋ  ਵੈਰੀ ਵੀ ਬਣ ਜਾਣ ਤੇ ਛੱਡ ਵੀ ਜਾਣ। ਪਰ ਫਿਰ ਵੀ ਜੀਵਨ ਦੇ ਥੋੜੇ ਸਮੇਂ ਦੇ ਸਫ਼ਰ ਵਿਚ ਵੀ, ਕੁੱਝ ਵਕਤੀ ਮਿੱਤਰਾਂ ਦੀ ਵੀ ਲੋੜ ਪੈਂਦੀ ਹੀ ਪੈਂਦੀ ਹੈ, ਜਿਨ੍ਹਾਂ ਦਾ ਸਾਥ ਇਸ ਸਫ਼ਰ ਨੂੰ  ਸੁਹਾਉਣਾ ਤੇ ਆਰਾਮਦੇਹ ਬਣਾ ਦੇਂਦਾ ਹੈ।

ਅੱਜ ਦੇ ਯੁੱਗ ਵਿਚ ਤਾਂ ਦਫ਼ਤਰਾਂ ਵਿਚ ਰਿਸ਼ਵਤਾਂ ਲੈ ਕੇ ਤੁਹਾਡੇ ਕੰਮ ਕਰਨ ਵਾਲੇ ਵੀ ਦਾਅਵੇ ਕਰਦੇ ਹਨ ਕਿ ਉਹ ਤੁਹਾਡੇ ਬੜੇ ਪੱਕੇ ਮਿੱਤਰ ਹਨ ਕਿਉਂਕਿ 'ਮਿੱਤਰਤਾ' ਦਾ ਮਤਲਬ ਹੀ ਇਸ ਯੁਗ ਵਿਚ ਇਕ ਦੂਜੇ ਨੂੰ 'ਮਾਇਕ ਲਾਭ' ਪਹੁੰਚਾਉਣਾ ਰਹਿ ਗਿਆ ਹੈ। ਮਾਇਆ ਦਾ ਜ਼ੋਰ  ਜਦੋ ਬਹੁਤ  ਜ਼ਿਆਦਾ ਨਹੀਂ ਸੀ,  ਉਦੋ ਸ਼ਾਇਦ ਦੋਸਤੀ ਅਤੇ ਮਿੱਤਰਤਾ ਦੇ ਅਰਥ ਵਖਰੇ ਹੁੰਦੇ ਸਨ ਪਰ ਅੱਜ ਤਾਂ ਮਾਇਆ ਜਾਂ ਮਾਇਕ ਲਾਭਾਂ ਨਾਲ ਜੁੜੇ ਹੋਏ ਅਰਥ ਹੀ ਮਿੱਤਰਤਾ ਦੇ ਅਰਥ ਬਣ ਗਏ ਹਨ। ਪ੍ਰਭੂ ਨੂੰ 'ਮਿਠਬੋਲੜਾ ਜੀ ਹਰ ਸਜਣ ਪ੍ਰੀਤਮ ਮੋਰਾ' ਕਹਿ ਕੇ ਵੀ ਗੁਰਬਾਣੀ ਵਿਚ ਇਸ ਗੁਣ ਨੂੰ ਮਨੁੱਖ ਲਈ ਸੱਭ ਤੋਂ ਉੱਤਮ ਗੁਣ ਮੰਨਿਆ ਹੈ।

ਇਸ ਪ੍ਰਕਾਰ ਇਹ ਤਿੰਨੇ ਗੁਣ - ਸਹਿਜ, ਸੰਤੋਂਖ ਤੇ ਮਿੱਠਾ ਬੋਲਣਾ, ਕੁਦਰਤੀ ਰੂਪ ਵਿਚ ਜਿਸ ਵਿਚ ਵੀ ਆ ਜਾਣ, ਉਹਦੇ ਲਈ ਸੰਸਾਰ ਨੂੰ ਜਿੱਤ ਲੈਣਾ, ਜੀਵਨ ਨੂੰ ਜਿੱਤ ਲੈਣਾ ਤੇ ਪ੍ਰਭੂ ਨੂੰ ਜਿੱਤ ਲੈਣਾ ਵੀ ਔਖਾ ਨਹੀਂ ਰਹਿੰਦਾ - ਬਾਕੀ ਗੱਲਾਂ  ਤਾਂ ਬਹੁਤ ਛੋਟੀਆਂ ਹਨ। ਹੁਣ ਅਸੀ ਸ਼ਬਦ ਦੀ ਤੁਕ-ਵਾਰ ਵਿਆਖਿਆ ਆਸਾਨੀ ਨਾਲ ਕਰ ਸਕਦੇ ਹਾਂ। ਆਉ, ਜੀਵ-ਆਤਮਾ ਰੂਪੀ ਭੈਣ ̄! ਆਉ ਗਲੇ ਮਿਲੀਏ, ਸਹੇਲੀਆਂ ਵਾਂਗ ਘੁੱਟ ਘੁਟ ਕੇ ਜੱਫੀਆਂ ਪਾਈਏ ਤੇ ਫਿਰ ਉਸ ਸਰਬ-ਸਮਰੱਥ ਮਾਲਕ ਦੀਆਂ ਕਥਾ ਕਹਾਣੀਆਂ ਰਲ ਮਿਲ ਕੇ ਕਰੀਏ।

(ਜਦੋ ਅਪਣਿਆਂ ਨਾਲ ਮਿਲ ਬੈਠੀਦਾ ਹੈ ਤਾਂ ਖ਼ੁਸ਼ੀ ਵਿਚ ਏਨਾ ਕੁੱਝ ਮੂੰਹ  'ਚ ਅਪਣੇ ਆਪ ਨਿਕਲਦਾ ਜਾਂਦਾ ਹੈ ਕਿ ਆਮ ਭਾਸ਼ਾ ਵਿਚ ਇਸ ਨੂੰ 'ਕਹਾਣੀਆਂ ਪਾਉਣਾ' ਕਿਹਾ ਜਾਂਦਾ ਹੈ। ਬਾਬਾ ਨਾਨਕ ਕਹਿੰਦੇ ਹਨ, ਚੰਗੀਆਂ ਜੀਵ- ਆਤਮਾਵਾਂ ਜੁੜ ਬੈਠਣ ਤਾਂ ਉਨ੍ਹਾਂ ਨੂੰ ਖ਼ੁਸ਼ੀ ਦੇ ਮਾਹੌਲ ਵਿਚ ਅਪਣੀਆਂ ਕਹਾਣੀਆਂ ਨਹੀਂ, ਸਗੋ ਸਰਬ ਸਮਰੱਥ ਮਾਲਕ ਦੀਆਂ ਬਾਤਾਂ ਹੀ ਕਰਨੀਆਂ ਚਾਹੀਦੀਆਂ ਹਨ)।ਹੋਰ ਹੋਰ  ਗੱਲਾਂ ਕਰਨ ਦੀ ਬਜਾਏ, ਉਸ ਸਰਬ-ਸਮਰੱਥ ਪ੍ਰਭੂ ਦੀਆਂ ਹੀ ਗੱਲਾਂ ਕਿਉਂ ਕੀਤੀਆਂ ਜਾਣ? ਬਾਬਾ ਨਾਨਕ ਫ਼ਰਮਾਉਂਦੇ ਹਨ ਕਿ, ਉਸ ਦੀਆਂ ਬਾਤਾਂ ਇਸ ਲਈ ਪਾਈਦੀਆਂ ਹਨ।

ਕਿਉਂਕਿ ਉਹ ਤਾਂ ਸਾਰੇ ਗੁਣਾਂ ਦਾ ਭੰਡਾਰ ਹੈ ਜਦਕਿ ਸਾਰੇ ਔਗੁਣਾਂ ਨਾਲ ਸਾਡਾ ਸ੍ਰੀਰ ਭਰਿਆ ਹੋਇਆ ਹੈ (ਕਾਮ, ਕਰੋਧ, ਲੋਭ, ਮੋਹ, ਹੰਕਾਰ)। (ਜਦ ਗੁਣਾਂ ਦੇ ਭੰਡਾਰ ਪ੍ਰਮਾਤਮਾ ਦੀਆਂ ਕਥਾ ਕਹਾਣੀਆਂ ਕਰਦੇ ਹਾਂ ਤਾਂ ਉਸ ਦੇ ਗੁਣ ਸਾਡੇ ਅੰਦਰ ਵੀ ਆ ਜਾਂਦੇ ਹਨ)।ਜੋ ਕੁੱਝ ਵੀ ਹੋ ਜਾਂ ਵਰਤ ਰਿਹਾ ਹੈ, ਉਸ ਦੇ ਪਿੱਛੇ ਤਾਕਤ ਕੇਵਲ ਉਸ ਮਾਲਕ ਦੀ ਹੀ ਕੰਮ ਕਰ ਰਹੀ ਹੈ (ਕਿਸੇ ਹੋਰ ਦੀ ਨਹੀਂ)। ਜੇ ਇਸ 'ਸ਼ਬਦ' (ਸਦਾ ਰਹਿਣ ਵਾਲੇ ਰੱਬੀ ਸੱਚ) ਦੀ ਹੀ ਸਮਝ ਆ ਜਾਵੇ ਕਿ ਇਸ ਚਲ ਰਹੀ ਸ੍ਰਿਸ਼ਟੀ ਪਿੱਛੇ ਜ਼ੋਰ (ਤਾਕਤ) ਕੇਵਲ ਇਕ ਪ੍ਰਭੂ ਦਾ ਹੀ ਕੰਮ ਕਰਦਾ ਹੈ (ਹੋਰ ਕਿਸੇ ਦਾ ਨਹੀਂ) ਤਾਂ ਉਸ ਤੋਂ ਬਿਨਾਂ ਕਿਸੇ ਹੋਰ ਦੇ ਪਿੱਛੇ ਭੱਜਣ ਦੀ ਲੋੜ ਹੀ ਬਾਕੀ ਨਹੀਂ ਰਹਿੰਦੀ।

ਅਪਣੇ ਕੰਤ ਨਾਲ ਸੁਖੀ ਰਹਿਣ ਵਾਲੀ ਕਿਸੇ ਸੁਹਾਗਣ ਨਾਰ ਨੂੰ ਪੁੱਛ ਕੇ ਵੇਖ ਲਉ,ਉਸ ਨੇ ਅਪਣੇ ਕਿਹੜੇ ਗੁਣਾਂ ਨਾਲ ਅਪਣੇ ਕੰਤ ਦਾ ਪਿਆਰ ਹਾਸਲ ਕੀਤਾ ਸੀ? ਉਹ ਸੁਹਾਗਣ ਨਾਰ ਤੁਹਾਨੂੰ ਦੱਸੇਗੀ ਕਿ ਉਸ ਨੇ ਅਪਣੇ ਕੰਤ ਦਾ ਭਰੋਸਾ ਜਿੱਤਣ ਲਈ ਅਪਣੇ ਅੰਦਰ ਤਿੰਨ ਗੁਣ ਪੈਦਾ ਕੀਤੇ- ਸਹਿਜ, ਸੰਤ ̄ਖ ਤੇ ਮਿੱਠਾ ਬੋਲਣ ਦੇ ਗੁਣ। ਇਨ੍ਹਾਂ ਗੁਣਾਂ ਨਾਲ ਜਦ ਉਸ ਨੇ ਅਪਣੇ ਆਪ ਨੂੰ ਸ਼ਿੰਗਾਰ ਲਿਆ ਤਾਂ ਉਸ ਦਾ ਕੰਤ ਅਪਣੇ ਆਪ ਹੀ ਉਸ ਦੇ ਵੱਸ ਵਿਚ ਆ ਗਿਆ। ਇਸੇ ਤਰ੍ਹਾਂ ਉਹ ਰਸੀਆ, ਉਹ ਅਨੰਦ-ਦਾਤਾ ਪ੍ਰਭੂ ਵੀ ਉਸ ਜੀਵ-ਆਤਮਾ ਨੂੰ ਹੀ ਮਿਲਦਾ ਹੈ ਜੋ ਇਨ੍ਹਾਂ ਤਿੰਨ ਗੁਣਾਂ ਨਾਲ ਲੈਸ ਹੋ ਕੇ, ਉਸ ਪ੍ਰਭੂ ਨੂੰ ਸੱਚੇ ਪਿਆਰ ਦੀ ਭੇਟਾ ਦੇਵੇ।

ਉਸ ਪ੍ਰਭੂ ਬਾਰੇ ਕੀ ਦੱਸਾਂ, ਉਸ ਦੀ ਸਾਜੀ ਕੁਦਰਤ ਵੀ ਬੇਅੰਤ ਹੈ (ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ) ਤੇ ਉਸ ਦੀਆਂ ਦਾਤਾਂ ਦੀ ਵੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਉਸ ਪ੍ਰਭੂ ਦੀ ਕਾਇਨਾਤ ਜਾਂ ਸ੍ਰਿਸ਼ਟੀ ਵਿਚ ਕਿੰਨੇ ਜੀਅ ਜੰਤ ਹਨ ਜੋ ਦਿਨ ਰਾਤ ਉਸ ਪ੍ਰਭੂ ਦੀ ਆਰਾਧਨਾ (ਅਪਣੇ ਅਪਣੇ ਢੰਗ ਨਾਲ) ਕਰਦੇ ਰਹਿੰਦੇ ਹਨ। ਗਿਣਤੀ ਉਨ੍ਹਾਂ ਦੀ ਵੀ ਨਹੀਂ ਹੋ ਸਕਦੀ।

ਉਸ ਪ੍ਰਭੂ ਦੇ ਕਿੰਨੇ ਹੀ ਰੂਪ ਹਨ ਤੇ ਕਿੰਨੇ ਹੀ ਲੋਕ ਹਨ ਜਿਨ੍ਹਾਂ ਵਿਚ ਅਪਣੇ ਆਪ ਨੂੰ ਜਾਤਾਂ ਵਾਲੇ ਅਰਥਾਤ ਦੂਜਿਆਂ ਤੋਂ  ਉੱਚੇ ਸਮਝਣ ਵਾਲੇ ਹਨ ਤੇ ਉਹ ਵੀ ਜੋ 'ਅਜਾਤ' ਅਰਥਾਤ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਆਜ਼ਾਦ ਲੋਕ ਹਨ ਜੋ ਸਾਰੇ ਮਨੁੱਖਾਂ ਨੂੰ ਉਸ ਪ੍ਰਭੂ ਦੇ ਬੱਚੇ ਹੀ ਸਮਝਦੇ ਹਨ ਅਰਥਾਤ ਬਰਾਬਰ ਦੇ ਲੋਕ ਸਮਝਦੇ ਹਨ। ਅੰਤ ਵਿਚ ਸ਼ਬਦ ਦਾ ਸਾਰ ਬਿਆਨ ਕਰਦੇ ਹੋਏ ਬਾਬਾ ਨਾਨਕ ਫ਼ੁਰਮਾਉਂਦੇ ਹਨ, ਉਹ  ਪ੍ਰਭੂ ਨਿਰੋਲ ਸੱਚ ਹੈ (ਜ਼ਰਾ ਜਿੰਨਾ ਵੀ ਖੋਟ ਨਹੀਂ ਹੈ) ਤੇ ਉਪਰ ਵਰਣਤ ਗੁਣਾਂ ਨਾਲ ਜਿਸ ਜੀਵ-ਆਤਮਾ ਦੇ ਅੰਦਰੋ ਸੱਚਾ ਪਿਆਰ ਫੁੱਟ ਪੈਂਦਾ ਹੈ।

ਉਸ ਨੂੰ ਹੀ ਉਹ ਸੱਚਾ ਕੰਤ (ਪ੍ਰਭੂ) ਮਿਲ ਜਾਂਦਾ ਹੈ ਤੇ ਉਹ ਜੀਵ-ਆਤਮਾ ਉਸ ਸੱਚ ਦਾ ਭਾਗ ਹੀ ਬਣ ਜਾਂਦੀ ਹੈ। ਜਿਵੇਂ ਉਹੀ ਪਤਨੀ ਅਪਣੇ ਪਤੀ ਦਾ ਪਿਆਰ ਹਾਸਲ ਕਰ ਸਕਦੀ ਹੈ ਜੋ ਅਪਣੇ ਪਤੀ ਤੋਂ ਬਿਨਾਂ ਕਿਸ ਹੋਰ ਵਲ ਜਾਣ ਦੇ ਖ਼ਿਆਲ ਤੋਂ ਵੀ ਡਰਦੀ ਹੈ ਤੇ ਪਤੀ ਹੀ ਉਸ ਦੇ ਖ਼ਿਆਲਾਂ ਵਿਚ ਰਚਿਆ ਰਹਿੰਦਾ ਹੈ, ਇਸੇ ਤਰ੍ਹਾਂ ਗੁਰ-ਬਚਨਾਂ (ਅਕਾਲ ਪੁਰਖ ਦੇ ਸੱਚੇ ਸ਼ਬਦ) ਨੂੰ ਸੋਝੀ ਵਿਚ ਰੱਖਣ ਵਾਲੀ ਜਿਹੜੀ ਜੀਵ-ਆਤਮਾ ਵੀ ਉਸ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਪਾਸੇ ਜਾਣ ਦੇ ਖ਼ਿਆਲ ਤੋਂ ਵੀ ਡਰਦੀ ਹੈ।

ਉਸ ਦੀ ਸੁਰਤ ਜਾਗ ਉਠਦੀ ਹੈ ਤੇ ਉਹ ਪਤੀ-ਮਿਲਾਪ ਜਾਂ ਪਤੀ-ਪਿਆਰ ਦਾ ਉਹ ਰੁਤਬਾ ਹਾਸਲ ਕਰ ਲੈਂਦੀ ਹੈ ਜਿਸ ਵਿਚ ਕੇਵਲ ਪੱਤ ਅਰਥਾਤ ਪ੍ਰਭੂ-ਪਿਆਰ 'ਚ  ਉਪਜੀ ਪੱਤ-ਇੱਜ਼ਤ ਹੀ ਜੀਵ-ਆਤਮਾ ਦੇ ਹਿੱਸੇ ਆਉੁਂਦੀ ਹੈ। ਇਸ ਮਗਰੋ ਜੀਵ-ਆਤਮਾ ਨੇ ਹੋਰ ਕੁੱਝ ਨਹੀਂ ਕਰਨਾ ਹੁੰਦਾ ਤੇ ਪ੍ਰਭੂ ਆਪ ਹੀ ਜੀਵ-ਆਤਮਾ ਨੂੰ ਅਪਣੇ ਨਾਲ ਮੇਲ ਲੈਂਦਾ ਹੈ ਅਰਥਾਤ  ਆਪਾ-ਪਰਕਾ' ਦਾ ਫ਼ਰਕ ਵੀ ਮਿਟਾ ਦੇਂਦਾ ਹੈ। ਇਹੀ ਤਾਂ ਜੀਵ-ਆਤਮਾ ਦੀ ਅੰਤਮ ਮੰਜ਼ਲ, ਪ੍ਰਾਰਥਨਾ ਤੇ ਜੋਦੜੀ ਹੁੰਦੀ ਹੈ।

ਚਲਦਾ...

Advertisement

 

Advertisement