
'ਜਪੁ ਜੀ' ਸਾਹਿਬ ਦੀ ਰਚਨਾ, ਜਿਵੇਂ ਕਿ ਸਾਰੇ ਵਿਦਵਾਨ ਸਹਿਮਤ ਹਨ,
ਅਧਿਆਏ-1
ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਤੋਂ ਪਹਿਲਾਂ ਬਾਬੇ ਨਾਨਕ ਨੂੰ ਸਮਝਣਾ ਜ਼ਰੂਰੀ ਹੈ।
NANKANA SAHIB
'ਜਪੁ ਜੀ' ਸਾਹਿਬ ਦੀ ਰਚਨਾ, ਜਿਵੇਂ ਕਿ ਸਾਰੇ ਵਿਦਵਾਨ ਸਹਿਮਤ ਹਨ, ਬਾਬਾ ਨਾਨਕ ਨੇ ਅਪਣੇ ਸੰਸਾਰ-ਸਫ਼ਰ ਦੇ ਅੰਤਲੇ ਦਿਨਾਂ ਵਿਚ ਕੀਤੀ ਸੀ ਤੇ ਇਸ ਰਾਹੀਂ ਆਪ ਨੇ ਉਨ੍ਹਾਂ ਸਾਰੇ ਸਵਾਲਾਂ ਦੇ ਉੱਤਰ ਦਿਤੇ ਸਨ ਜਿਹੜੇ ਵਾਰ-ਵਾਰ ਆਪ ਤੋਂ ਪੁੱਛੇ ਜਾਂਦੇ ਸਨ, ਜਿਵੇਂ ਕਿ ਰੱਬ ਹੈ ਕੀ? ਸ੍ਰਿਸ਼ਟੀ ਕੀ ਹੈ? ਬ੍ਰਹਮੰਡ ਕੀ ਹੈ? ਰੱਬ ਨੂੰ ਪ੍ਰਾਪਤ ਕਰਨ ਦਾ ਠੀਕ ਰਾਹ ਕੀ ਹੈ? ਕੀ ਤੀਰਥ ਯਾਤਰਾ ਕਰਨ ਨਾਲ, ਦਾਨ ਪੁੰਨ ਕਰਨ ਨਾਲ ਜਾਂ ਤਪੱਸਿਆ ਕਰਨ ਤੇ ਮਾਲਾ ਫੇਰਨ ਨਾਲ ਰੱਬ ਮਿਲ ਜਾਂਦਾ ਹੈ? ਇਹ ਧਰਤੀ ਕਾਹਦੇ ਉਤੇ ਟਿਕੀ ਹੋਈ ਹੈ? ਦੇਵਤਿਆਂ ਦਾ ਉਸ ਦੇ ਦਰਬਾਰ ਵਿਚ ਕੀ ਸਥਾਨ ਹੈ? ਕੀ ਵੈਸ਼ਨੋ ਭੋਜਨ ਖਾਣ ਨਾਲ ਹੀ ਰੱਬ ਖ਼ੁਸ਼ ਹੁੰਦਾ ਹੈ? ਪ੍ਰਮਾਤਮਾ ਦੇ ਦਰਬਾਰ ਦੇ ਕਿਹੜੇ ਕਿਹੜੇ ਖੰਡ ਹਨ? ਆਦਿ ਆਦਿ। ਜਪੁਜੀ ਵਿਚ ਬਾਬੇ ਨਾਨਕ ਨੇ ਹਰ ਸਵਾਲ ਦਾ ਉੱਤਰ ਦਿਤਾ ਹੈ ਪਰ ਅਸਪਸ਼ਟਤਾ ਅੱਜ ਵੀ ਓਨੀ ਹੀ ਪਸਰੀ ਹੋਈ ਹੈ ਜਿੰਨੀ ਬਾਬੇ ਨਾਨਕ ਦੇ ਅਪਣੇ ਸਮੇਂ ਵਿਚ ਸੀ।
NANKANA SAHIB
ਬਾਬਾ ਨਾਨਕ ਜੀ ਦੀ ਗੱਦੀ 'ਤੇ ਬੈਠਣ ਵਾਲੇ ਗੁਰੂਆਂ ਅਤੇ ਖ਼ਾਸ ਤੌਰ 'ਤੇ ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਹੋਰ ਜ਼ਿਆਦਾ ਸੌਖੀ ਭਾਸ਼ਾ ਵਿਚ ਬਾਬੇ ਨਾਨਕ ਦੇ ਕਥਨਾਂ ਨੂੰ ਸਮਝਾਇਆ ਪਰ ਉੁਨ੍ਹਾਂ ਮਗਰੋਂ ਲਗਭਗ ਦੋ ਸਦੀਆਂ ਦੇ ਲੰਮੇ ਸਮੇਂ ਵਿਚ, ਬਾਣੀ ਦੇ ਅਰਥ ਕਰਨ ਦਾ ਕੰਮ (ਇਤਿਹਾਸਕ ਕਾਰਨਾਂ ਕਰ ਕੇ) ਉਨ੍ਹਾਂ ਲੋਕਾਂ ਦੇ ਹੱਥ ਵਿਚ ਆ ਗਿਆ ਜੋ ਇਹ ਸਮਝਣ ਲਈ ਹੀ ਤਿਆਰ ਨਹੀਂ ਸਨ ਕਿ ਬਾਬਾ ਨਾਨਕ ਇਕ ਯੁਗ-ਪੁਰਸ਼ ਸੀ ਅਤੇ ਯੁਗ ਪੁਰਸ਼ ਉਹ ਹੁੰਦਾ ਹੈ ਜੋ ਪਿਛਲੀਆਂ ਸਾਰੀਆਂ ਮਨੌਤਾਂ ਨੂੰ ਰੱਦ ਕਰ ਦੇਂਦਾ ਹੈ ਜਾਂ ਇਸ ਤਰ੍ਹਾਂ ਬਦਲ ਦੇਂਦਾ ਹੈ ਕਿ ਪੁਰਾਣੇ ਸ਼ਬਦਾਂ ਨੂੰ ਅਰਥ ਹੀ ਨਵੇਂ ਮਿਲ ਜਾਂਦੇ ਹਨ। ਯੁਗ ਪੁਰਸ਼ ਦੇ ਕਥਨਾਂ ਜਾਂ ਬਾਣੀ ਨੂੰ ਸਮਝਣ ਲਈ ਜੇ ਪੁਰਾਣੇ ਗ੍ਰੰਥਾਂ ਵਿਚਲੀਆਂ ਪੁਰਾਤਨ ਮਨੌਤਾਂ ਨੂੰ ਸਹਾਰੇ ਵਜੋਂ ਵਰਤਣ ਦੀ ਗ਼ਲਤੀ ਕੀਤੀ ਜਾਏ ਤਾਂ ਨਤੀਜਾ ਇਹੀ ਨਿਕਲੇਗਾ ਕਿ ਗੱਲ ਪਹਿਲਾਂ ਨਾਲੋਂ ਵੀ ਜ਼ਿਆਦਾ ਅਸਪਸ਼ਟ ਹੋ ਜਾਏਗੀ। ਇਹੀ ਕੁੱਝ ਅੱਜ ਹੋ ਰਿਹਾ ਹੈ। ਗੁਰੁ ਗੋਬਿੰਦ ਸਿੰਘ ਜੀ ਤੋਂ ਮਗਰਲੇ 200 ਸਾਲਾਂ ਵਿਚ ਹੋਏ ਉਲਟ-ਪ੍ਰਚਾਰ ਦਾ ਅਸਰ ਬਾਬੇ ਨਾਨਕ ਦੇ ਸਿੱਖ ਪ੍ਰਚਾਰਕਾਂ ਨੇ ਵੀ ਕਬੂਲਿਆ ਹੋਇਆ ਹੈ ਤੇ ਉਹ ਬਾਣੀ ਦੇ ਉਹੀ ਅਰਥ ਕਰਦੇ ਵੇਖੇ ਜਾਂਦੇ ਹਨ ਜਿਨ੍ਹਾਂ ਨੂੰ 'ਅਨਰਥ' ਕਿਹਾ ਜਾਏ ਤਾਂ ਅਤਿਕਥਨੀ ਨਹੀਂ ਹੋਵੇਗੀ।
NANKANA SAHIB
ਇਹ ਸਾਰੇ ਮੰਦ-ਭਾਵਨਾ ਨਾਲ ਅਜਿਹਾ ਨਹੀਂ ਕਰਦੇ ਪਰ 18ਵੀਂ ਤੇ 19ਵੀਂ ਸਦੀ ਵਿਚ ਨਿਰਮਲਿਆਂ, ਉਦਾਸੀਆਂ ਤੇ ਮਹੰਤਾਂ ਨੇ ਜੋ ਲੀਹਾਂ ਪਾ ਦਿਤੀਆਂ ਸਨ, ਉੁਨ੍ਹਾਂ ਤੋਂ ਬਾਹਰ ਨਿਕਲਣ ਦੀ ਹਿਮੰਤ ਨਾ ਹੋਣ ਕਾਰਨ ਹੀ ਉਨ੍ਹਾਂ ਤੋਂ ਕਈ ਬਜਰ ਗ਼ਲਤੀਆਂ ਹੋ ਰਹੀਆਂ ਹਨ। ਅਜੋਕੇ ਸਮੇਂ ਦੇ ਸੱਭ ਤੋਂ ਹਰਮਨ ਪਿਆਰੇ ਕਥਾਕਾਰ ਗਿ. ਸੰਤ ਸਿੰਘ ਮਸਕੀਨ ਸਨ ਜੋ ਸ੍ਰੀਰ ਕਰ ਕੇ ਤਾਂ ਹੁਣ ਨਹੀਂ ਰਹੇ ਪਰ ਉੁਨ੍ਹਾਂ ਦੀਆਂ ਕੈਸਿਟਾਂ ਟੀ.ਵੀ. ਉਤੇ ਵੀ ਹਰ ਰੋਜ਼ ਸੁਣੀਆਂ ਜਾ ਸਕਦੀਆਂ ਹਨ ਤੇ ਬਾਜ਼ਾਰ ਵਿਚ ਵੀ ਆਮ ਵਿਕਦੀਆਂ ਹਨ। ਬੜੀ ਸੋਹਣੀ ਤੇ ਮਨ ਨੂੰ ਖਿੱਚ ਪਾਉਣ ਵਾਲੀ ਵਿਆਖਿਆ ਕਰਦੇ ਹੋਏ ਜਦੋਂ ਬਾਣੀ ਵਿਚਲੇ ਉੁਨ੍ਹਾਂ ਸ਼ਬਦਾਂ ਦੇ ਰੂਬਰੂ ਹੁੰਦੇ ਹਨ ਜੋ ਬਾਬੇ ਨਾਨਕ ਤੋਂ ਪਹਿਲਾਂ ਦੇ ਧਾਰਮਕ ਗ੍ਰੰਥਾਂ ਵਿਚ ਵੀ ਮੌਜੂਦ ਸਨ ਤਾਂ ਉਨ੍ਹਾਂ ਸ਼ਬਦਾਂ ਜਾਂ ਅੱਖਰਾਂ ਦੀ ਉਹੀ ਵਿਆਖਿਆ ਕਰਨ ਲੱਗ ਜਾਂਦੇ ਹਨ ਜੋ ਪੁਰਾਤਨ ਗ੍ਰੰਥਾਂ ਵਿਚ ਦਿਤੀ ਹੁੰਦੀ ਹੈ। ਇਸ ਨਾਲ ਯੁੱਗ ਪੁਰਸ਼ ਬਾਬੇ ਨਾਨਕ ਨੇ ਧਾਰਮਕ ਫ਼ਲਸਫ਼ੇ ਵਿਚ ਜਿਹੜਾ ਇਕਲਾਬੀ ਪਲਟਾ ਲਿਆਂਦਾ ਸੀ ਤੇ ਇਕ ਨਵੇਂ ਯੁਗ ਨੂੰ ਜਨਮ ਦਿਤਾ ਸੀ, ਉਹ ਗੱਲ ਅਧਵਾਟੇ ਹੀ ਰਹਿ ਜਾਂਦੀ ਹੈ।
ਇਹ ਕਿਸੇ ਇਕ ਕਥਾਕਾਰ ਦੀ ਗੱਲ ਨਹੀਂ, ਬਹੁਗਿਣਤੀ ਕਥਾਕਾਰ ਇਹੀ ਕਰ ਰਹੇ ਹਨ। ਇਸ ਨੂੰ ਕਿਸੇ ਦੀ ਵਿਰੋਧਤਾ ਜਾਂ ਨਿਖੇਧੀ ਵੀ ਨਾ ਸਮਝਿਆ ਜਾਵੇ ਸਗੋਂ ਇਸ ਤਰ੍ਹਾਂ ਲਿਆ ਜਾਵੇ ਕਿ ਅਸੀ ਬਾਬੇ ਨਾਨਕ ਨੂੰ ਉਨ੍ਹਾਂ ਦੇ ਅਪਣੇ ਮੁਖਾਰਬਿੰਦ ਤੋਂ ਨਿਕਲੀ ਬਾਣੀ ਰਾਹੀਂ ਸਮਝਣਾ ਤੇ ਜਾਣਨਾ ਹੈ, ਪੁਰਾਤਨ ਗ੍ਰੰਥਾਂ ਰਾਹੀਂ ਨਹੀਂ ਤੇ ਜਿਥੇ ਕਿਤੇ ਕਿਸੇ ਨੇ ਬਾਬੇ ਨੂੰ ਸਮਝਣ ਲਈ ਦੂਜਾ ਰਾਹ ਚੁਣਿਆ ਹੈ, ਉਸ ਬਾਰੇ ਦਲੀਲ ਨਾਲ ਸਮਝੀਏ ਕਿ ਉਸ ਵਿਚ ਗ਼ਲਤ ਕੀ ਸੀ। ਇਸੇ ਲਈ ਬਾਬੇ ਨਾਨਕ ਨੂੰ ਸਮਝਣ ਲਈ ਪਹਿਲਾਂ 5 ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। (ਚਲਦਾ)......
Joginder Singh
ਲੇਖਕ: ਜੋਗਿੰਦਰ ਸਿੰਘ