ਚੰਡੀਗੜ੍ਹ : ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹਰਿਆਣਾ ਭਵਨ ਚੰਡੀਗੜ੍ਹ ਵਿਚ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਆਪਣੇ ਮਿੱਥੇ ਸਮੇਂ 'ਤੇ ਹੀ ਅਤੇ ਆਪਣੀ ਮਿਆਦ ਪੂਰੀ ਕਰਨ ਤੋਂ ਬਾਅਦ ਹੀ ਹੋਣਗੀਆਂ। ਉਨ੍ਹਾਂ ਨੇ ਕੇਂਦਰ ਅਤੇ ਸੂਬਾਈ ਚੋਣਾਂ ਇਕੋ ਸਮੇਂ ਕਰਵਾਉਣ ਬਾਰੇ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਦੀ ਸਾਂਝੀ ਰਾਏ ਬਣਨ ਤੋਂ ਬਾਅਦ ਹੀ ਸੰਭਵ ਹੋ ਸਕਦਾ ਹੈ ਅਤੇ ਇਸ ਲਈ ਲੰਮੀ ਚੌੜੀ ਪ੍ਰਕਿਰਿਆ ਤੋਂ ਲੰਘਣਾ ਪਵੇਗਾ ਜਿਸ ਕਾਰਨ ਸਾਲ 2019 ਵਿਚ ਕੇਂਦਰ ਅਤੇ ਸੂਬਾਈ ਚੋਣਾਂ ਇਕੱਠੀਆਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਕਿ ਦੁਧਾਰੂ ਪਸ਼ੂਆਂ ਨੂੰ ਆਵਾਰਾ ਛੱਡਣ ਵਾਲਿਆਂ ਦੇ ਖਿਲਾਫ ਜਲਦੀ ਹੀ ਸਖਤ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ 'ਚ ਪਸ਼ੂਆਂ ਨੂੰ ਅਵਾਰਾ ਛੱਡਣ ਵਾਲਿਆਂ 'ਤੇ 5000 ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਸ਼ੂਆਂ ਦੀ ਟੈਗਿੰਗ ਕਰਨ ਬਾਰੇ ਵੀ ਸੋਚ ਰਹੀ ਹੈ ਜਿਸ ਦੇ ਤਹਿਤ ਘਰੇਲੂ ਅਤੇ ਅਵਾਰਾ ਪਸ਼ੂਆਂ ਦੀ ਟੈਗਿੰਗ ਕੀਤੀ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਕੋਈ ਵੀ ਘਰੇਲੂ ਪਸ਼ੂਆਂ ਨੂੰ ਅਵਾਰਾ ਨਹੀਂ ਛੱਡ ਸਕੇਗਾ।
ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਹੁਣ ਭਰਤੀ ਪੂਰੀ ਤਰ੍ਹਾਂ ਮੈਰਿਟ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅੰਬਾਲਾ ਵਿਚ ਹੋਏ ਮਨਰੇਗਾ ਘਪਲੇ ਦੇ ਦੋਸ਼ੀਆਂ ਵਿਰੁੱਧ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਸਤਲੁਜ ਯਮੁਨਾ ਨਹਿਰ (ਐੱਸ.ਵਾਈ.ਐੱਲ.) ਦਾ ਫੈਸਲਾ ਹਰਿਆਣੇ ਦੇ ਹੱਕ 'ਚ ਦੇ ਚੁੱਕੀ ਹੈ ਹੁਣ ਇਸ ਦੀ ਉਸਾਰੀ ਦੇ ਆਦੇਸ਼ ਆਉਣ ਦਾ ਇੰਤਜ਼ਾਰ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਵਿਰੋਧ ਧਿਰ ਇਸ ਨੂੰ ਸਿਆਸੀ ਮੁੱਦਾ ਬਣਾ ਕੇ ਹਵਾ ਦੇ ਕੇ ਭਖਾ ਰਹੀ ਹੈ।
end-of