
ਦੇਹਰਾਦੂਨ, 1 ਨਵੰਬਰ : ਉਘੇ ਕਾਰਕੁਨ ਪਦਮਸ੍ਰੀ ਅਵਧੇਸ਼ ਕੌਸ਼ਲ ਨੇ ਅੱਜ ਕਿਹਾ ਕਿ ਆਧਾਰ ਕਾਰਡ ਦੇ ਜ਼ਰੂਰੀ ਹੋਣ ਕਾਰਨ ਬਜ਼ੁਰਗ ਲੋਕਾਂ ਲਈ ਸਮੱਸਿਆਵਾਂ ਹੋਰ ਵਧ ਗਈਆਂ ਹਨ ਕਿਉਂਕਿ ਉਮਰ ਦੇ ਹਿਸਾਬ ਨਾਲ ਉਂਗਲੀਆਂ ਦੇ ਨਿਸ਼ਾਨ ਬਦਲ ਜਾਂਦੇ ਹਨ ਜਾਂ ਮਿਟ ਜਾਂਦੇ ਹਨ। ਕੌਸ਼ਲ ਨੇ ਕਿਹਾ, 'ਸਰਕਾਰੀ ਅਧਿਕਾਰੀ ਅਤੇ ਰਾਜਨੀਤਕ ਲੀਡਰ ਇਸ ਸਚਾਈ ਨੂੰ ਨਹੀਂ ਸਮਝਦੇ ਕਿ ਉਮਰ ਵਧਣ ਨਾਲ ਉਂਗਲੀਆਂ ਦੇ ਨਿਸ਼ਾਨ ਮਿਟ ਜਾਂਦੇ ਹਨ, ਕਦੇ ਕਦੇ ਬਦਲ ਜਾਂਦੇ ਹਨ ਜਾਂ ਹਲਕੇ ਪੈ ਜਾਂਦੇ ਹਨ। ਇਨ੍ਹੀਂ ਦਿਨੀਂ ਮੋਬਾਇਲ ਫ਼ੋਨ ਲਈ ਸਿਮ ਖ਼ਰੀਦਦੇ ਸਮੇਂ ਵੀ ਆਧਾਰ ਕਾਰਡ ਵਿਖਾਉਣਾ ਪੈਂਦਾ ਹੈ।
ਅਪਣੇ ਪਿਆਰਿਆਂ ਨਾਲ ਸੰਪਰਕ ਵਿਚ ਰਹਿਣ ਲਈ ਮੋਬਾਈਲ ਫ਼ੋਨ ਰੱਖਣ ਦੇ ਇਛੁੱਕ ਬਜ਼ੁਰਗਾਂ ਨੂੰ ਹੁਣ ਇਸ ਇਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।' ਉਨ੍ਹਾਂ ਕਿਹਾ ਕਿ ਹੱਥ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਇਸੇ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਵੀ ਬਦਲਦੇ ਰਹਿੰਦੇ ਹਨ। ਕੌਸ਼ਲ ਨੇ ਹਵਾਈ ਅੱਡਿਆਂ 'ਤੇ ਬਾਇਓਮੀਟਰਿਕ ਦਾਖ਼ਲੇ ਨੂੰ ਜ਼ਰੂਰੀ ਬਣਾਉਣ ਦੇ ਤਜਵੀਜ਼ਸ਼ੁਦਾ ਫ਼ੈਸਲੇ ਲਈ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। (ਏਜੰਸੀ)