
ਆਧਾਰ ਕਾਰਡ ਨਾਲ ਵੱਡਾ ਖ਼ੁਲਾਸਾ ਹੋਇਆ ਹੈ। ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਦੇ ਵੱਡੇ ਕਾਲਜਾਂ ਵਿੱਚ 80 ਹਜ਼ਾਰ ਤੋਂ ਵੱਧ ਅਧਿਆਪਕ ਤੇ ਪ੍ਰੋਫੈਸਰ ਅਜਿਹੇ ਹਨ ਜੋ ਇੱਕ ਤੋਂ ਜ਼ਿਆਦਾ ਅਦਾਰਿਆਂ ਤੋਂ ਤਨਖ਼ਾਹ ਲੈ ਰਹੇ ਸਨ। ਇਹ ਖ਼ੁਲਾਸਾ ਕੇਂਦਰੀ ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੀਤਾ ਹੈ।
ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ 2016-17 ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ 80 ਹਜ਼ਾਰ ਤੋਂ ਵੱਧ ਅਜਿਹੇ ਟੀਚਰ ਹਨ ਜਿਹੜੇ ਕਿ ਇੱਕ ਤੋਂ ਵੱਧ ਕਾਲਜਾਂ ਤੋਂ ਤਨਖ਼ਾਹ ਲੈ ਰਹੇ ਹਨ। ਇਹ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਟੀਚਰਾਂ ਤੋਂ ਉਨ੍ਹਾਂ ਦੇ ਆਧਾਰ ਨੰਬਰ ਮੰਗੇ ਗਏ।
ਇਸ ਰਿਪੋਰਟ ਹਰ ਸਾਲ ਮੁਲਕ ਦੇ ਵੱਖ-ਵੱਖ ਪੈਮਾਨਿਆਂ ‘ਤੇ ਕੰਮ ਕਰ ਰਹੇ ਕਾਲਜਾਂ ਕਾਰਗੁਜ਼ਾਰੀ ਪਰਖਣ ਲਈ ਬਣਾਈ ਜਾਂਦੀ ਹੈ। ਇਸੇ ਸਿਲਸਿਲੇ ਵਿੱਚ ਜਦ ਉਨ੍ਹਾਂ ਦੇ ਆਧਾਰ ਨੰਬਰ ਮੰਗੇ ਗਏ ਤਾਂ ਇਹ ਖ਼ੁਲਾਸਾ ਹੋਇਆ। ਇਸ ਦਾ ਮਤਲਬ ਇਹ ਹੋਇਆ ਕਿ ਟੀਚਰ ਪੜਾਉਂਦੇ ਤਾਂ ਇੱਕੋ ਥਾਂ ਸਨ ਪਰ ਦੂਜੀ ਥਾਂ ਸਿਰਫ਼ ਉਨ੍ਹਾਂ ਦਾ ਖਾਤਾ ਚੱਲਦਾ ਸੀ। ਉਹ ਦੂਜੇ ਕਾਲਜ ਦੇ ਪ੍ਰੋਫੈਸਰ ਸਿਰਫ਼ ਨਾਂਅ ਦੇ ਹੀ ਸਨ।
ਅਜਿਹੇ ਅਧਿਆਪਕਾਂ ਵਿੱਚ ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਪ੍ਰੋਫੈਸਰਾਂ ਨੂੰ ਮਿਲਾ ਕੇ 15 ਲੱਖ ਟੀਚਰ ਹਨ। ਇਨ੍ਹਾਂ ਵਿੱਚੋਂ 12.5 ਲੱਖ ਦਾ ਆਧਾਰ ਵੈਰੀਫਾਈ ਹੋ ਗਿਆ ਹੈ। ਇਸ ਨਾਲ ਪਤਾ ਲੱਗਿਆ ਹੈ ਕਿ ਕੁੱਝ ਟੀਚਰ ਦੋ ਜਾਂ ਦੋ ਤੋਂ ਵੱਧ ਕਾਲਜਾਂ ਵਿੱਚ ਪੜਾਉਂਦੇ ਹਨ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕੁਝ ਅਧਿਆਪਕ ਤਾਂ ਇੰਨੇ ਤੇਜ਼ ਹਨ ਕਿ ਤਿੰਨ-ਤਿੰਨ ਥਾਵਾਂ ‘ਤੇ ਪੜ੍ਹਾ ਰਹੇ ਹਨ। ਇਨ੍ਹਾਂ ‘ਤੇ ਕਾਰਵਾਈ ਲੈਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਅਸੀਂ ਅਜਿਹੇ 80 ਹਜ਼ਾਰ ਨਾਂਅ ਕੱਟਾਂਗੇ ਜਿਸ ਨਾਲ ਤਨਖ਼ਾਹ ਵੀ ਬਚੇਗੀ।