
1797 ਵਿੱਚ ਆਗਰਾ ਵਿੱਚ ਅਸਦਉੱਲਾਹ ਖ਼ਾਨ ਦੇ ਨਾਮ ਨਾਲ ਜਨਮੇ ਇਸ ਵਿਅਕਤੀ ਦਾ ਤਖ਼ਲਸ ਮਿਰਜ਼ਾ ਗ਼ਾਲਿਬ ਸੀ। ਉਸ ਦੇ ਪਿਤਾ, ਅਬਦੁੱਲਾਹ ਬੇਗ਼, ਦੀ ਇੱਕ ਜੰਗ ਵਿੱਚ ਜਦੋਂ ਮੌਤ ਹੋਈ ਤਾਂ ਗ਼ਾਲਿਬ ਦੀ ਉਮਰ ਕੇਵਲ ਪੰਜ ਸਾਲ ਸੀ। ਉਸ ਦੇ ਚਾਚੇ ਨੇ ਆਪਣੇ ਭਰਾ ਦੇ ਪਰਿਵਾਰ ਦੀ ਤਕਰੀਬਨ ਚਾਰ ਸਾਲ ਤਕ ਦੇਖਰੇਖ ਕੀਤੀ। ਜਿਸ ਤੋਂ ਬਾਅਦ ਉਸ ਦੀ ਮਾਂ ਨੇ 750 ਰੁਪਏ ਸਾਲਾਨਾ ਦੀ ਤੁੱਛ ਜਿਹੀ ਪੈਨਸ਼ਨ 'ਤੇ ਗ਼ਾਲਿਬ ਤੇ ਉਸ ਦੇ ਭਰਾ ਦਾ ਪਾਲਣ ਪੋਸ਼ਣ ਕੀਤਾ। ਪਰ ਇਹ ਪੈਨਸ਼ਨ ਵੀ 1857 ਦੀ ਕ੍ਰਾਂਤੀ ਉਪਰੰਤ ਬੰਦ ਕਰ ਦਿੱਤੀ ਗਈ। ਉਹ ਵੇਲਾ ਪਰਿਵਾਰ ਲਈ ਬਹੁਤ ਔਕੜਾਂ ਭਰਪੂਰ ਸੀ।
ਗ਼ਾਲਿਬ ਦਾ ਨਿਕਾਹ 13 ਸਾਲ ਦੀ ਬਾਲੜੀ ਉਮਰ ਵਿੱਚ ਨਵਾਬ ਅਲੀ ਬਖ਼ਸ਼ ਖ਼ਾਨ ਦੀ ਬੇਟੀ ਉਮਰਾਓ ਬੇਗ਼ਮ ਨਾਲ ਕਰ ਦਿੱਤਾ ਗਿਆ। ਵਿਆਹ ਤੋਂ ਕੁਝ ਸਾਲ ਬਾਅਦ ਹੀ ਉਹ ਆਗਰਾ ਤੋਂ ਦਿੱਲੀ ਆ ਕੇ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਲੱਗਾ। ਉਸ ਦੀ ਪਤਨੀ ਨੇ ਸੱਤ ਨਿਆਣਿਆਂ (ਚਾਰ ਲੜਕੇ ਤੇ ਤਿੰਨ ਲੜਕੀਆਂ) ਨੂੰ ਜਨਮ ਦਿੱਤਾ ਜੋ ਕਿ ਸਾਰੇ ਛੋਟੀਆਂ ਉਮਰਾਂ ਵਿੱਚ ਹੀ ਅੱਲ੍ਹਾ ਨੂੰ ਪਿਆਰੇ ਹੋ ਗਏ। ਉਸ ਨੇ ਆਪਣੇ ਇੱਕ ਭਤੀਜੇ ਨੂੰ ਗੋਦ ਲਿਆ ਜੋ ਕਿ ਭਰ ਜਵਾਨੀ ਵਿੱਚ ਹੀ ਜੱਨਤਨਸ਼ੀਂ ਹੋ ਗਿਆ। ਇਨ੍ਹਾਂ ਸਾਰੀਆਂ ਦੁਰਘਟਨਾਵਾਂ ਨੇ ਗ਼ਾਲਿਬ ਦਾ ਦਿਲ ਇਸ ਹੱਦ ਤਕ ਤੋੜ ਦਿੱਤਾ ਕਿ ਉਸ ਨੇ ਆਪਣੇ ਜਿਊਂਦੇ ਜੀਅ ਹੀ ਆਪਣਾ 'ਮਰਸੀਆ' (ਮਾਤਮੀ ਗੀਤ) ਲਿਖ ਮਾਰਿਆ।
ਗ਼ਾਲਿਬ ਬਚਪਨ ਤੋਂ ਹੀ ਇੱਕ ਜ਼ਹੀਨ ਬੱਚਾ ਸੀ, ਅਤੇ ਉਸ ਨੇ ਕਿਤੋਂ ਵੀ ਕੋਈ ਰਸਮੀ ਤਾਲੀਮ ਹਾਸਿਲ ਨਹੀਂ ਕੀਤੀ ਸਗੋਂ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੇ ਆਪ ਹੀ ਵੱਖੋ ਵੱਖਰੀਆਂ ਜ਼ੁਬਾਨਾਂ ਸਿੱਖੀਆਂ। ਉਸ ਨੇ ਸਭ ਤੋਂ ਪਹਿਲਾਂ ਫ਼ਾਰਸੀ ਜ਼ੁਬਾਨ ਵਿੱਚ ਮੁਹਾਰਤ ਹਾਸਿਲ ਕੀਤੀ, ਅਤੇ ਉਸ ਦੀਆਂ ਸਾਰੀਆਂ ਸ਼ੁਰੂਆਤੀ ਲਿਖਤਾਂ ਇਸੇ ਭਾਸ਼ਾ ਵਿੱਚ ਸਨ। ਉਸ ਦਾ ਕਦੇ ਵੀ ਕੋਈ 'ਉਸਤਾਦ' ਨਹੀਂ ਰਿਹਾ। ਉਸ ਨੇ ਲਖ਼ਨਊ ਤੇ ਕੋਲਕਾਤਾ ਦੇ ਕਈ 'ਮੁਸ਼ਾਇਰਿਆਂ' ਵਿੱਚ ਸ਼ਿਰਕਤ ਕੀਤੀ, ਅਤੇ ਇਨ੍ਹਾਂ ਤੋਂ ਹੀ ਉਹ ਇੱਕ ਆਲ੍ਹਾ ਦਰਜੇ ਦੇ ਸ਼ਾਇਰ ਦੇ ਤੌਰ 'ਤੇ ਸਥਾਪਿਤ ਹੋ ਗਿਆ।
ਇੱਕ ਸ਼ੀਆ ਮੁਸਲਮਾਨ ਹੋਣ ਦੇ ਬਾਵਜੂਦ ਗ਼ਾਲਿਬ ਆਜ਼ਾਦ ਖ਼ਿਆਲਾਤ ਦਾ ਮਾਲਕ ਸੀ। ਉਹ ਮਜ਼੍ਹਬੀ ਸੰਪਰਦਾਵਾਂ ਦੀ ਬਜਾਏ ਮਨੁੱਖਤਾ ਦਾ ਮੁਦੱਈ ਹੋਣ ਕਾਰਨ ਹਿੰਦੂਆਂ ਤੇ ਮੁਸਲਮਾਨਾਂ, ਦੋਹਾਂ, ਵਿੱਚ ਇੱਕੋ ਜਿਹਾ ਸਤਿਕਾਰ ਰੱਖਦਾ ਸੀ। ਗ਼ਾਲਿਬ ਦੀ ਤਬੀਅਤ ਕੁਦਰਤਨ ਗਰਮ, ਤਨਜ਼ੀਆ ਤੇ ਮਖੌਲੀਆ ਸੀ। ਆਤਮ-ਸਨਮਾਨ ਗ਼ਾਲਿਬ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਇੱਕ ਵਾਰ ਇੱਕ ਵਧੀਆ, ਕਮਾਊ ਨੌਕਰੀ ਕੇਵਲ ਇਸ ਲਈ ਠੁਕਰਾ ਦਿੱਤੀ ਕਿ ਇੰਟਰਵਿਊ ਦੇ ਵਕਤ ਉਸ ਦਾ ਬਣਦਾ ਸਵਾਗਤ ਨਹੀਂ ਸੀ ਕੀਤਾ ਗਿਆ।
ਉਰਦੂ ਸ਼ਾਇਰ ਜ਼ੌਕ ਤੋਂ ਬਾਅਦ ਮਿਰਜ਼ਾ ਗ਼ਾਲਿਬ ਨੂੰ ਬਹਾਦਰ ਸ਼ਾਹ ਜ਼ਫ਼ਰ ਦੇ ਦਰਬਾਰ ਦਾ ਦਰਬਾਰੀ ਕਵੀ ਥਾਪ ਦਿੱਤਾ ਗਿਆ। ਬੇਸ਼ੱਕ ਗ਼ਾਲਿਬ ਉਮਰ ਦਰਾਜ਼ ਹੋ ਚੁੱਕਾ ਸੀ, ਉਸ ਦੀ ਮਜ਼੍ਹਾਈਆ ਰੱਗ ਹਾਲੇ ਵੀ ਜਵਾਨ ਸੀ, ਅਤੇ ਬਾਦਸ਼ਾਹ ਉਸ ਦੇ ਤਨਜ਼ੀਆ ਲਹਿਜੇ ਤੇ ਉਸ ਦੀਆਂ ਲਿਖਤਾਂ ਦਾ ਖ਼ੂਬ ਕਾਇਲ ਹੋ ਚੁੱਕਾ ਸੀ। ਇਹੋ ਉਹ ਵੇਲਾ ਸੀ ਜਦੋਂ ਉਸ ਨੇ ਉਰਦੂ ਜ਼ੁਬਾਨ ਵਿੱਚ ਵੀ ਲਿਖਣਾ ਸ਼ੁਰੂ ਕਰ ਦਿੱਤਾ। ਜਿਵੇਂ ਅਸੀਂ ਉੱਪਰ ਜ਼ਿਕਰ ਕਰ ਹੀ ਚੁੱਕੇ ਹਾਂ, ਉਸ ਨੇ ਲਿਖਣ ਦੀ ਸ਼ੁਰੂਆਤ ਫ਼ਾਰਸੀ ਵਿੱਚ ਕੀਤੀ ਸੀ। ਨਵੀਂ ਭਾਸ਼ਾ ਦੀਆਂ ਬਾਰੀਕੀਆਂ ਤੇ ਪੇਚੀਦਗੀਆਂ ਦੀ ਮੁਹਾਰਤ ਹਾਸਿਲ ਕਰਨ ਵਿੱਚ ਉਸ ਨੂੰ ਬਹੁਤਾ ਵਕਤ ਨਹੀਂ ਲੱਗਾ, ਅਤੇ ਉਸ ਦੀ ਸਾਰੀ ਦੀ ਸਾਰੀ ਮਕਬੂਲੀਅਤ ਉਰਦੂ ਜ਼ੁਬਾਨ ਦੀ ਹੀ ਦੇਣ ਹੈ।
ਮਿਰਜ਼ਾ ਆਪਣੇ ਲਿਖੇ ਹੋਏ ਖ਼ੂਬਸੂਰਤ ਪੱਤਰਾਂ ਕਰ ਕੇ ਵੀ ਮਸ਼ਹੂਰ ਸੀ। ਉਸ ਵਕਤ ਦੇ ਸਮਾਜਿਕ, ਆਰਥਿਕ ਤੇ ਸਿਆਸੀ ਹਾਲਾਤ ਦਾ ਵਿਸਥਾਰ ਦੇਣ ਵੇਲੇ ਉਸ ਦੀ ਸ਼ੈਲੀ ਸਿਰਜਨਾਤਮਕ ਹੋਣ ਦੇ ਨਾਲ ਨਾਲ ਸਪਸ਼ਟ, ਸਿੱਧੀ ਤੇ ਸੰਖੇਪ ਹੁੰਦੀ ਸੀ। ਉਸ ਦੇ ਲਿਖੇ ਹੋਏ ਖ਼ੂਬਸੂਰਤ ਖ਼ਤ ਉਸ ਦੀਆਂ ਨਜ਼ਮਾਂ ਜਿੰਨੇ ਹੀ ਮਕਬੂਲ ਹੋਏ, ਅਤੇ ਅੱਜ ਵੀ ਪ੍ਰੇਮੀ ਜੋੜਿਆਂ ਵਲੋਂ ਉਨ੍ਹਾਂ ਦੀ ਨਕਲ ਕੀਤੇ ਜਾਣ ਤੋਂ ਇਲਾਵਾ, ਅਦਬੀ ਦਾਇਰਿਆਂ ਵਿੱਚ ਉਨ੍ਹਾਂ ਦਾ ਜ਼ਿਕਰ ਅਕਸਰ ਆ ਹੀ ਜਾਂਦਾ ਹੈ। ਉਸ ਦੀਆਂ ਮਸ਼ਹੂਰ ਲਿਖਤਾਂ ਵਿੱਚ ਨਜ਼ਮਾਂ ਦਾ ਸੰਗ੍ਰਹਿ 'ਦੀਵਾਨ-ਏ-ਗ਼ਾਲਿਬ', ਖ਼ਤਾਂ ਦਾ ਸੰਗ੍ਰਹਿ 'ਉਰਦੂ-ਏ-ਹਿੰਦੀ' ਤੇ 'ਉਰਦੂ-ਏ-ਮੁਲ੍ਹਾ' ਸ਼ਾਮਿਲ ਹਨ। ਉਸ ਦੇ ਦੂਸਰੇ ਮਸ਼ਹੂਰ ਸੰਗ੍ਰਹਾਂ ਵਿੱਚੋਂ 'ਨਾਮ-ਏ-ਗ਼ਾਲਿਬ', 'ਲਤੀਫ਼-ਏ-ਗ਼ਾਲਿਬ' ਅਤੇ 'ਦੌਪਸ਼ੇ ਕਵਾਇਮ' ਦੇ ਨਾਮ ਜ਼ਿਕਰਯੋਗ ਹਨ।
ਦੁਖਦਾਈ ਅੰਤ
ਬੇਸ਼ੱਕ ਗ਼ਾਲਿਬ ਨੇ ਆਪਣੇ ਚੌਗਿਰਦੇ ਵਿੱਚ ਖ਼ੂਬਸੂਰਤੀ, ਪ੍ਰੇਮ ਅਤੇ ਖ਼ੁਸ਼ੀ ਖ਼ਿਲਾਰੇ ਸਨ, ਉਸ ਦੀ ਆਪਣੀ ਜ਼ਿੰਦਗੀ ਨਿਰਾਸ਼ਾ ਤੇ ਤ੍ਰਾਸਦੀਗ੍ਰਸਤ ਰਹੀ। ਉਸ ਦੀਆਂ ਸਭ ਤੋਂ ਖ਼ੂਬਸੂਰਤ ਲਿਖਤਾਂ ਉਦੋਂ ਸਾਹਮਣੇ ਆਈਆਂ ਜਦੋਂ ਉਹ ਆਪਣੇ ਜੀਵਨ ਦੇ ਔਖੇ ਪਲ ਹੰਢਾ ਰਿਹਾ ਸੀ - ਉਦਾਹਰਣ ਦੇ ਤੌਰ 'ਤੇ ਜਦੋਂ ਉਸ ਦੇ ਗੋਦ ਲਏ ਭਤੀਜੇ ਦਾ ਵੀ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਹੀ ਇੰਤਕਾਲ ਹੋ ਗਿਆ। ਸ਼ਰਾਬ ਵਿੱਚ ਗਰਕ ਹੋਣ ਤੋਂ ਛੁੱਟ, ਉਹ ਆਰਥਿਕ ਤੰਗੀ, ਸਮਾਜਕ ਤੇ ਪਰਿਵਾਰਕ ਫ਼ਿਟਕਾਰ ਅਤੇ ਬਿਰਧ ਅਵਸਥਾ ਦੀਆਂ ਤਕਲੀਫ਼ਾਂ ਤੋਂ ਵੀ ਪੀੜਤ ਸੀ। ਅੰਤ ਵਿੱਚ 72 ਸਾਲ ਦੀ ਉਮਰ ਵਿੱਚ ਉਹ ਇਸ ਜਹਾਨ-ਏ-ਫ਼ਾਨੀ ਤੋਂ ਕੂਚ ਕਰ ਗਿਆ।