
ਜਨਵਰੀ 2014 'ਚ ਆਸ਼ੂਤੋਸ਼ ਨੂਰਮਹਿਲੀਏ ਦਾ ਮੁੱਦਾ ਕਾਫ਼ੀ ਗਰਮਾਇਆ ਸੀ, ਹਾਲਾਂਕਿ ਹੁਣ ਤੱਕ ਇਹ ਮੁੱਦਾ ਗਰਮ ਹੈ ਕਿਉਂਕਿ ਜਨਵਰੀ 2014 ਦੇ ਵਿੱਚ ਆਸ਼ੂਤੋਸ਼ ਦੀ ਮੌਤ ਹੋਈ, ਪਰ ਆਸ਼ੂਤੋਸ਼ ਭਗਤਾਂ ਦਾ ਮੰਨਣਾ ਸੀ ਕਿ ਸਾਧ ਮਰਿਆ ਨਹੀਂ, ਬਲਕਿ ਉਸਨੇ ਸਮਾਧੀ ਲਗਾਈ ਹੈ। ਜਿਸ ਨੂੰ ਲੈ ਕੇ ਵਿਵਾਦ ਚਲਿਆ, ਹਾਈਕੋਰਟ 'ਚ ਵੀ ਕੇਸ ਪਹੁੰਚਿਆ। ਹਾਈਕੋਰਟ ਨੇ ਕਿਹਾ ਕਿ ਸਾਧ ਦਾ ਸੰਸਕਾਰ ਹੋਣ ਚਾਹੀਦਾ, ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਭੜਕਿਆ।
ਜਿਸ ਮਾਮਲੇ ਬਾਰੇ ਗੱਲਬਾਤ ਕਰਨ ਲਈ ਆਸ਼ੂਤੋਸ਼ ਦੇ ਡਰਾਈਵਰ ਪੂਰਨ ਸਿੰਘ ਸਪੋਕਸਮੈਨ ਟੀ.ਵੀ ਦੇ ਸਟੂਡੀਓ ਪਹੁੰਚੇ। ਜਿੱਥੇ ਉਹਨਾਂ ਨਾਲ ਉਹ ਖਾਸ ਗੱਲਾਂ-ਬਾਤਾਂ ਕੀਤੀਆਂ ਗਈਆਂ ਜਿਹਨਾਂ ਬਾਰੇ ਸ਼ਾਇਦ ਆਮ ਲੋਕਾਂ ਨੂੰ ਜਾਣਕਾਰੀ ਨਹੀਂ।
ਪ੍ਰ. - ਪੂਰਨ ਸਿੰਘ ਜੀ ਤੁਸੀਂ ਆਸ਼ੂਤੋਸ਼ ਦੇ ਡੇਰੇ ਤੱਕ ਕਿਵੇਂ ਪਹੁੰਚੇ ਤੇ ਉਸਦੇ ਡਰਾਈਵਰ ਬਣੇ ਕਿਵੇਂ ?
ਉ.- ਮੈਂ ਜਨਾਬ ਬਰਕਤ ਸਿੱਧੂ ਦਾ ਸ਼ਿਗਰਦ ਸੀ ਤੇ ਓਥੇ ਇੱਕ ਮਕਬੂਲ ਮਾਇਕਲ (ਆਸ਼ੂਤੋਸ਼ ਦਾ ਪਹਿਲਾ ਤੋਂ ਚੇਲਾ ) ਸੀ, ਜੋ ਸਾਨੂੰ ਰੋਜ ਕਹਿੰਦਾ ਸੀ ਕਿ ਰੱਬ ਆਏ ਆ ਤੇ ਰੱਬ ਨਾਲ ਤੁਹਾਡੀ ਮੁਲਾਕਾਤ ਕਰਵਾਵਾਂ। 1988 ਵਿੱਚ ਡੇਰੇ 'ਚ ਲੈ ਕੇ ਗਏ, ਜਿਸ ਤੋਂ ਬਾਅਦ ਸਾਡਾ ਡੇਰੇ 'ਚ ਆਉਣਾ ਜਾਣਾ ਸ਼ੁਰੂ ਹੋ ਗਿਆ। ਜਿਸ ਦੌਰਾਨ ਆਸ਼ੂਤੋਸ਼ ਨੂੰ ਕਿਸੇ ਵਲੋਂ ਇੱਕ ਕਾਰ ਦਾਨ 'ਚ ਮਿਲੀ। ਜਿਸ ਕਾਰ ਨੂੰ ਚਲਾਉਣ ਲਈ ਉਹਨਾਂ ਨੂੰ ਕੋਈ ਡਰਾਈਵਰ ਨਹੀਂ ਮਿਲਿਆ। ਮੈਨੂੰ ਮਕਬੂਲ ਨੇ ਕਿਹਾ ਕਿ ਤੂੰ ਛੋਟਾ ਹੁੰਦਾ ਗੱਡੀਆਂ ਚਲਾਉਂਦਾ ਰਿਹਾ ਤੇ ਤੂੰ ਗੱਡੀ ਚਲਾ ਕੇ ਦੇਖ। ਮੈਂ ਗੱਡੀ ਚਲਾਈ ਤੇ ਮੇਰਾ ਉਹਨਾਂ ਨੂੰ ਸੌਦਾ ਫਿੱਟ ਆ ਗਿਆ, ਜਿਸ ਤੋਂ ਬਾਅਦ ਮੈਨੂੰ ਉਹਨਾਂ ਦਾ ਡਰਾਈਵਰ ਬਣਾਇਆ ਗਿਆ। ਮੈਂ ਖੁਦ ਹੈਰਾਨ ਸੀ ਕਿ ਉੱਥੇ ਖੜੇ ਲੋਕ ਮੇਰੇ ਪੈਰੀਂ ਹੱਥ ਲਗਾ ਰਹੇ ਸੀ ਕਿ ਇਹ ਰੱਬ ਦਾ ਡਰਾਈਵਰ ਬਣ ਗਿਆ। ਸੰਨ 1988 ਤੋਂ 1992 ਤੱਕ ਮੈਂ ਇਹਨਾਂ ਦਾ ਡਰਾਈਵਰ ਰਿਹਾ। ਮੈਨੂੰ ਆਸ਼ੂਤੋਸ਼ ਦੀ ਹਰ ਗੱਲ ਦਾ ਪਤਾ ਸੀ ਤੇ ਕਦੇ-ਕਦੇ ਇਹ ਮੈਨੂੰ ਆਪਣੇ ਪਿੰਡ ਵੀ ਭੇਜ ਦਿੰਦਾ ਸੀ ਤੇ ਇਸ ਗੱਲ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ ਕਿ ਆਸ਼ੂਤੋਸ਼ ਮੈਨੂੰ ਆਪਣੇ ਪਿੰਡ ਭੇਜਦਾ ਹੈ।
ਪ੍ਰ.- ਕੀ ਡਰਾਈਵਰੀ ਦੌਰਾਨ ਤੁਸੀ ਵੀ ਆਸ਼ੂਤੋਸ਼ ਨੂੰ ਰੱਬ ਮੰਨਦੇ ਸੀ ?
ਉ.- ਨਹੀਂ, ਮੈਂ ਤਾਂ ਆਪਣੀ ਗੱਲ ਪਹਿਲਾਂ ਤੋਂ ਖੋਲੀ ਸੀ ਕਿ ਮੇਰੇ ਛੋਟੇ-ਛੋਟੇ ਬੱਚੇ ਨੇ ਇਸ ਲਈ ਮੈਂ ਤਨਖਾਹ ਲਵਾਂਗਾ। ਮੈਂ ਅੱਜਤੱਕ ਕਦੇ ਆਸ਼ੂਤੋਸ਼ ਦਾ ਤਵੀਤ ਵੀ ਗਲੇ 'ਚ ਨਹੀਂ ਸੀ ਪਾਇਆ।
ਪ੍ਰ.- 4-5 ਸਾਲ ਡਰਾਈਵਰੀ ਕੀਤੀ ਤੇ ਉਸ ਵੇਲੇ ਦੀਆਂ ਕੁੱਝ ਅਜਿਹੀਆਂ ਗੱਲਾਂ ਜਿਹਨਾਂ ਬਾਰੇ ਲੋਕਾਂ ਨੂੰ ਪਤਾ ਨਹੀਂ ?
ਉ.- ਅਸੀਂ 4-5 ਜਣੇ ਦਿੱਲੀ ਗਏ ਸੀ, ਮੈਂ ਕਾਰ ਦਾ ਡਰਾਈਵਰ ਸੀ ਤੇ ਸਾਡੇ ਨਾਲ ਕਾਰ 'ਚ ਤਿੰਨ ਕੁੜੀਆਂ ਵੀ ਸੀ। ਉਸ ਦੌਰਾਨ ਮੈਂ ਆਸ਼ੂਤੋਸ਼ ਦੀ ਕੁੱਝ ਅਜਿਹੀ ਹਰਕਤ ਦੇਖੀ ਜਿਸ ਤੋਂ ਬਾਅਦ ਮੈਂ 1992 'ਚ ਇਹਨੂੰ ਛੱਡ ਦਿੱਤਾ। ਦਿੱਲੀ 'ਚ ਮੈਂ ਆਸ਼ੂਤੋਸ਼ ਦੀਆਂ ਕਈ ਅਸ਼ਲੀਲ ਹਰਕਤਾਂ ਦੇਖੀਆਂ , ਕਹਿ ਸਕਦੇ ਹਾਂ ਕਿ ਆਸ਼ੂਤੋਸ਼ ਰਾਮ ਰਹੀਮ ਦਾ ਸਾਢੂ ਹੀ ਸੀ। ਇਹਨੇ ਦਿੱਲੀ 'ਚ ਬਹੁਤ ਘਟੀਆ ਕੰਮ ਕੀਤੇ, ਜਿਸ ਦੌਰਾਨ ਇਹਨੂੰ ਉਥੋਂ ਕੁੱਟ-ਕੁਟਾਪਾ ਕਰ ਕੇ ਕੱਢਿਆ। ਜਿਸ ਤੋਂ ਬਾਅਦ ਇਹ 1983 'ਚ ਨੂਰਮਹਿਲ ਆਇਆ। ਇਹਦਾ ਪਹਿਲਾਂ ਨਾਂਅ ਮਹੇਸ਼ ਕੁਮਾਰ ਝਾਅ ਸੀ ਤੇ ਬਾਅਦ 'ਚ ਦਿੱਲੀ 'ਚ ਇਹਦਾ ਨਾਂਅ ਰੱਖਿਆ ਵੇਦ ਪ੍ਰਵੱਖਤਾ ਨੰਦ। ਦਿੱਲੀ ਚੋਂ ਇਹਨੂੰ ਕੱਢਣ ਤੋਂ ਬਾਅਦ ਇਹਨੇ ਇੱਥੇ ਆ ਕੇ ਆਪਣਾ ਨਾਂਅ ਰੱਖਿਆ ਆਸ਼ੂਤੋਸ਼। ਇਹ ਏਥੇ ਆ ਕੇ ਬਾਬਾ ਬਣਿਆ। ਜਿਵੇਂ-ਜਿਵੇਂ ਇਹ ਭੱਜਦਾ ਸੀ, ਉਵੇਂ-ਉਵੇਂ ਇਹ ਆਪਣੇ ਨਾਂਅ ਬਦਲਦਾ ਸੀ। ਮੈਂ ਇਹਨੂੰ ਸੰਨ 1992 ਵਿੱਚ ਇਹਨੂੰ ਛੱਡਿਆ ਕਿਉਂਕਿ ਇਹਦੇ ਸੰਤਾਂ ਵਾਲੇ ਕੋਈ ਕੰਮ ਨਹੀਂ ਸੀ।
ਪ੍ਰ.- ਲੱਖਾਂ ਦੀ ਗਿਣਤੀ 'ਚ ਲੋਕ ਫੇਰ ਇਹਦੇ ਪਿੱਛੇ ਕਿਵੇਂ ਲੱਗੇ ਹੋਏ ਨੇ, ਕੀ ਲੋਕ ਮੂਰਖ ਨੇ ?
ਉ.- ਇੱਥੇ ਕਮਲੇ ਲੋਕ ਲੱਭਣ ਦੀ ਲੋੜ ਨਹੀਂ ਹੈ, ਕਿਉਂਕਿ ਕਮਲੇ ਆਪ ਹੀ ਬਥੇਰੇ ਮਿਲ ਜਾਂਦੇ ਨੇ। ਹੁਣ ਇਸ ਸਮੇਂ ਵੀ ਬਹੁਤ ਅਜਿਹੇ ਕਮਲੇ ਹੈਗੇ ਨੇ ਜਿਹੜੇ ਸੋਚਦੇ ਨੇ ਕਿ ਉਹਨਾਂ ਨੇ ਵਾਪਿਸ ਆਉਣਾ। ਸੋਚਣ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਚਲਾ ਹੀ ਗਿਆ ਓਹਨੇ ਵਾਪਿਸ ਕਿਥੋਂ ਆਉਣਾ। ਸਗੋਂ ਡੇਰੇ 'ਚ ਇਹਦੇ ਨਾਮ 'ਤੇ ਚੜ੍ਹਾਵਾ ਵੀ ਬਹੁਤ ਸੋਹਣਾ ਆਉਂਦਾ।
ਪ੍ਰ. ਇਸ ਤਰਾਂ ਦੇ ਲੋਕਾਂ ਨੂੰ ਸਿਆਸਤੀ ਸਪੋਰਟ ਜਰੂਰ ਹੁੰਦੀ ਹੈ, ਕੀ ਆਸ਼ੂਤੋਸ਼ ਨੂੰ ਵੀ ਕਿਸੇ ਦੀ ਸਪੋਰਟ ਸੀ ?
ਉ.- ਇਹਨੂੰ ਬਾਦਲਾਂ ਦੀ ਪੂਰੀ ਸਪੋਰਟ ਸੀ, ਬਲਕਿ ਹੁਣ ਤੱਕ ਵੀ ਬਾਦਲਾਂ ਦੀ ਸਪੋਰਟ ਹੈ। ਡੇਰੇ ਨੂੰ ਮਸ਼ਹੂਰ ਕਰਨ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਸੁਰਿੰਦਰ ਕੌਰ ਬਾਦਲ ਦਾ ਇਸ ਡੇਰੇ 'ਚ ਬਹੁਤ ਜ਼ਿਆਦਾ ਆਉਣਾ ਜਾਣਾ ਸੀ।
ਪ੍ਰ.- ਕੀ ਸੁਖਬੀਰ ਬਾਦਲ ਹੁਣ ਵੀ ਜਾਂਦਾ ਡੇਰੇ 'ਚ ?
ਉ.- ਜੀ ਹਾਂ, ਬਿਲਕੁੱਲ ਇਹਦੇ ਮਰਨ ਵੇਲੇ ਸੁਖਬੀਰ ਬਾਦਲ ਨੇ ਆਪਣਾ ਹੈਲੀਕਾਪਟਰ ਉਤਾਰਿਆ ਡੇਰੇ 'ਚ ਪੈਸੇ ਵੀ ਦੇ ਕੇ ਗਿਆ।
ਪ੍ਰ.- ਤੁਸੀ 1992 ਤੋਂ ਹੀ ਇਹਨਾਂ ਦੇ ਖ਼ਿਲਾਫ਼ ਲੜ੍ਹਨਾ ਸ਼ੁਰੂ ਕਰ ਦਿੱਤਾ ਸੀ ਤੇ ਮਰਨ ਤੋਂ ਬਾਅਦ ਤੁਸੀ ਲੋਕਾਂ ਨੂੰ ਦੱਸਣਾ ਚਾਹਿਆ ਕਿ ਉਹ ਮਰ ਗਿਆ ਪਰ ਤੁਸੀ ਕਿਵੇਂ ਦੀ ਲੜਾਈ ਲੜ ਰਹੇ ਹੋ ?
ਉ.- ਪਰ ਲੋਕਾਂ ਨੂੰ ਹੁਣ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਇਹ ਧਰਮਰਾਜ ਕੋਲ ਗਿਆ ਹੋਇਆ, ਕਿਸੇ ਭਗਤ ਦੇ ਕੰਮ ਦੇ ਸੰਬੰਧ 'ਚ ਉਹ ਧਰਮਰਾਜ ਕੋਲ ਗਿਆ ਹੋਇਆ। ਸੋਚਣ ਆਲਾ ਹੋਵੇ ਇਨਾਂ ਟਾਈਮ ਹੋ ਗਿਆ ਕੀ ਧਰਮਰਾਜ ਇਹਨੂੰ ਛੱਡਦਾ ਹੀ ਨੀ ਪਿਆ। ਇਸੀ ਕਰਕੇ ਮੈਂ ਇਹਨਾਂ ਤੇ ਕੇਸ ਕਰਤਾ ਸੀ ਕਿ ਜਾਂ ਤਾ ਲੋਕਾਂ ਨੂੰ ਦਿਖਾਓ ਨਹੀਂ ਤਾਂ ਲੋਕਾਂ ਨੂੰ ਬੇਵਕੂਫ ਨਾ ਬਣਾਓ। ਹੁਣ ਤੱਕ ਕਿਸੇ ਨੇ ਨੀ ਉਹਨੂੰ ਦੇਖਿਆ ਸਿਵਾਏ ਸੁਖਬੀਰ ਬਾਦਲ ਦੇ। ਇਹ ਵੀ ਨਹੀਂ ਪਤਾ ਕਿ ਸੱਚ ਹੈ ਜਾਂ ਨਹੀਂ।
ਪ੍ਰ.- 1992 ਤੋਂ 2014, ਜਦੋਂ ਤੱਕ ਇਹ ਜ਼ਿੰਦਾ ਰਿਹਾ ਓਦੋਂ ਤੱਕ ਕੀ ਲੜਾਈ ਚੱਲ ਰਹੀ ਸੀ ?
ਉ.- ਇਹ ਲੜਾਈ ਸੀ ਕਿ ਜੋ ਡੇਰੇ 'ਚ ਕੰਮ ਹੋ ਰਹੇ ਨੇ ਉਹ ਰਾਮ ਰਹੀਮ ਦੇ ਡੇਰੇ ਨਾਲੋਂ ਵੀ ਖਤਰਨਾਕ ਕੰਮ ਸੀ। ਆਸ਼ੂਤੋਸ਼ ਦੇ ਡੇਰੇ ਮੁਕਾਬਲੇ ਤਾਂ ਰਾਮ ਰਹੀਮ ਦੇ ਡੇਰੇ 'ਚ ਤਾਂ ਕੁੱਝ ਵੀ ਨਹੀਂ ਹੁੰਦਾ ਸੀ। ਕਿਸੇ ਦਿਨ ਸਾਹਮਣੇ ਆਊਗਾ ਤਾਂ ਓਦੋਂ ਪਤਾ ਲਗੇਗਾ ਕਿ ਇਹ ਡੇਰਾ ਰਾਮ ਰਹੀਮ ਨਾਲੋਂ ਵੀ ਖਤਰਨਾਕ ਡੇਰਾ ਹੈ। 15 ਸਾਲ ਹੋਗੇ ਕਈ ਬੇਟੀਆਂ ਨੇ ਜਿਹਨਾਂ ਨੇ ਸੂਰਜ ਹੀ ਨੀ ਦੇਖਿਆ ਕਿਉਂਕਿ ਉਹਨਾਂ ਨੂੰ ਬੇਸਮੈਂਟ ਦੇ ਵਿੱਚ ਰੱਖਿਆ ਹੋਇਆ। ਜਿਹਨਾਂ 'ਚੋਂ ਕਈ ਤਾਂ ਬੁੱਢੀਆਂ ਹੀ ਹੋ ਗਈਆਂ, ਪਰ ਉਹਨਾ ਲੋਕਾਂ ਬਾਰੇ ਸੋਚ ਕੇ ਸ਼ਰਮ ਆਉਂਦੀ ਹੈ ਜਿਹਨਾਂ ਨੇ ਆਪਣੀਆਂ ਧੀਆਂ ਡੇਰੇ ਨੂੰ ਦਿੱਤੀਆਂ ਹੋਈਆਂ ਨੇ। ਸਭ ਤੋਂ ਬੇਸ਼ਰਮ ਆਪਣੀਆਂ ਧੀਆਂ ਦੇਣ ਵਾਲੇ ਨੇ।
ਪ੍ਰ.- ਆਸ਼ੂਤੋਸ਼ ਦੀ ਮੌਤ ਤੋਂ ਬਾਅਦ ਕੀ ਉਹ ਕੁੜੀਆਂ ਹੁਣ ਓਥੇ ਡੇਰੇ 'ਚ ਹੀ ਨੇ ?
ਉ.- ਹਾਂ, ਉਹ ਕੁੜੀਆਂ ਹੁਣ ਉੱਥੇ ਡੇਰੇ 'ਚ ਹੀ ਨੇ ਕਈ ਉਹਨਾਂ ਚੋਂ ਭੱਜ ਵੀ ਗਈਆਂ ਨੇ। ਇੱਕ ਸਤਨਾਮ ਨਾਮ ਦੀ ਕੁੜੀ ਸੀ ਜਿਹੜੀ ਕਿ ਆਸ਼ੂਤੋਸ਼ ਦੀ ਕਰੀਬੀ ਹੁੰਦੀ ਸੀ ਉਹ ਡੇਰੇ 'ਚੋਂ ਭੱਜ ਗਈ ਸੀ ਤੇ ਉਹਨੇ ਆਪਣਾ ਵਿਆਹ ਵੀ ਕਰਵਾ ਲਿਆ। 80% ਪ੍ਰਚਾਰਕ ਵੀ ਨੇ ਜਿਹੜੇ ਭੱਜ ਗਏ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਉਹ ਲੋਕ ਵੀ ਜਲਦ ਦੌੜ ਜਾਣਗੇ ਜਿਹੜੇ ਹੁਣ ਉੱਥੇ ਬਚੇ ਨੇ।
ਪ੍ਰ.- ਤੁਸੀ ਖੁੱਲ੍ਹੇਆਮ ਲੜਾਈ ਲੜ੍ਹ ਰਹੇ ਹੋ, ਕਦੇ ਤੁਹਾਨੂੰ ਨੁਕਸਾਨ ਪਹੁੰਚਾਇਆ ?
ਉ.- 3 ਵਾਰ ਮੇਰੇ 'ਤੇ ਹਮਲਾ ਹੋ ਚੁੱਕਿਆ। ਜਨਵਰੀ 'ਚ ਇਹਨਾਂ ਨੇ ਮੇਰੇ ਪਿੱਛੇ ਗੁੰਡੇ ਲਾਏ ਤੇ ਮੇਰੇ ਬਹੁਤ ਸੱਟਾਂ ਵੀ ਲੱਗੀਆਂ ਜਿਸ ਦੌਰਾਨ ਮੈਂ 3-4 ਮਹੀਨੇ ਹਸਪਤਾਲ 'ਚ ਵੀ ਰਿਹਾ। ਮੇਰੇ 'ਤੇ ਹਮਲੇ ਹੁੰਦੇ ਰਹਿੰਦੇ ਨੇ ਤੇ ਮੈਂ ਇਹਨਾਂ ਹਮਲਿਆਂ ਦੀ ਪ੍ਰਵਾਹ ਨਹੀਂ ਕਰਦਾ ਕਿਉਂਕਿ ਜਿਹਨਾਂ ਟਾਈਮ ਪਰਮਾਤਮਾ ਨੇ ਜਾਨ ਬਕਸ਼ੀ ਹੈ ਉਹਨਾਂ ਟਾਈਮ ਉਸ ਨੂੰ ਕੋਈ ਖੋਹ ਨਹੀਂ ਸਕਦਾ।
ਪ੍ਰ.- ਆਸ਼ੂਤੋਸ਼ ਤੋਂ ਬਾਅਦ ਹੁਣ ਕੌਣ ਹੈ ਜੋ ਆਪਣੇ ਆਪ ਨੂੰ ਉੱਤਰਾਧਿਕਾਰੀ ਮੰਨਦਾ ਜਾਂ ਫੇਰ ਆਸ਼ੂਤੋਸ਼ ਨੇ ਪਹਿਲਾਂ ਤੋਂ ਹੀ ਕਿਸੇ ਨੂੰ ਕਿਹਾ ਹੋਇਆ ਸੀ ਕਿ ਮੇਰੇ ਤੋਂ ਬਾਅਦ ਡੇਰੇ ਨੂੰ ਇਹ ਸੰਭਾਲੇਗਾ ?
ਉ.- ਨਹੀਂ ਹਲੇ ਕੋਈ ਵੀ ਐਸਾ ਨਹੀਂ ਜੋ ਡੇਰੇ ਨੂੰ ਚਲਾ ਰਿਹਾ ਹੋਵੇ ਤੇ ਨਾ ਉਹ ਕਿਸੇ ਬਣਾਉਣ ਦੀ ਗੱਲ ਕਰਦਾ ਸੀ।
ਪ੍ਰ.- ਲੋਕਾਂ ਦਾ ਕਹਿਣਾ ਸੀ ਕਿ ਆਸ਼ੂਤੋਸ਼ ਨੇ ਵਿਆਹ ਨਹੀਂ ਕਰਵਾਇਆ, ਕੀ ਇਹ ਸੱਚ ਹੈ ?
ਉ.- ਵਿਆਹ ਵੀ ਹੋਇਆ ਤੇ ਉਹਦਾ ਇੱਕ ਦਲੀਪ ਝਾਅ ਨਾਂਅ ਦਾ ਮੁੰਡਾ ਵੀ ਹੈ, ਪਰਮਾਤਮਾ ਨੇ ਜਮਾ ਓਹੀ ਸ਼ਕਲ ਲਗਾਈ ਹੈ। 42-43 ਸਾਲ ਹੋ ਗਏ ਇਹਦੀ ਘਰਵਾਲੀ ਨੂੰ ਦਿਮਾਗੀ ਬਿਮਾਰੀ ਚੱਲ ਰਹੀ ਹੈ। ਇਹ ਜਦੋ ਭੱਜ ਕੇ ਆਇਆ ਸਵਾ ਸਾਲ ਦਾ ਸੀ ਦਲੀਪ ਝਾਅ ਤੇ ਇਹਦੀ ਘਰਵਾਲੀ ਇਹਨੂੰ ਲੱਭਣ ਆਈ। ਆਸ਼ੂਤੋਸ਼ ਨੇ ਕਿਹਾ ਜਾਂ ਮੈਂ ਆਪ ਮਰਜਾਣਾ ਜਾਂ ਤੈਨੂੰ ਮਾਰ ਦੇਣਾ, ਨਹੀਂ ਤਾ ਚਲੀ ਜਾ ਇਥੋਂ। ਉਸ ਵਕਤ ਉਹਦੇ ਦਿਮਾਗ਼ 'ਚ ਕੋਈ ਐਸੀ ਗੱਲ ਬੈਠ ਗਈ ਤੇ ਹੁਣ ਤੱਕ ਉਹਨੂੰ ਦਿਮਾਗ਼ੀ ਬਿਮਾਰੀ ਚੱਲ ਰਹੀ ਹੈ।
ਪ੍ਰ.- ਜਦੋਂ ਕਿਤੇ ਵੀ ਸਿੱਖਾਂ ਦੀ ਗੱਲ ਆਉਂਦੀ ਉਦੋਂ ਤਾਂ ਸਰਕਾਰ ਨੁਕਤਾਚਿੰਨੀ ਕਰਦੀ ਹੈ ਪਰ ਹੁਣ ਜਦੋਂ ਨੂਰਮਹਿਲੀਏ ਦੀ ਗੱਲ ਆਈ ਤਾਂ ਉਦੋਂ ਸਰਕਾਰ ਨੇ ਕਿਉਂ ਕਿਹਾ ਕਿ ਅਸੀਂ ਧਾਰਮਿਕ ਮਾਮਲੇ 'ਚ ਦਖ਼ਲ ਨਹੀਂ ਦੇ ਸਕਦੇ ?
ਉ.- ਇਹ ਜੋ ਸਰਕਾਰਾਂ ਨੇ ਇਹ ਨੇ ਵੋਟਾਂ ਦੀਆਂ। ਬਾਦਲਾਂ ਨੇ ਇੱਕ ਡੇਰਾ ਬਣਾਇਆ ਦਿਵਿਆਂ ਗ੍ਰਾਮ, ਜਿਸ ਦੇ ਨਾਮ ਤੇ ਗਰਾਂਟਾਂ ਲਈਆਂ ਗਈਆਂ ਤੇ ਪਰ ਅਸਲ 'ਚ ਉਹ ਕੋਈ ਡੇਰਾ ਹੈ ਹੀ ਨਹੀਂ ਹੈਗਾ। ਪਿੰਡ ਦੀਆਂ ਵੋਟਾਂ ਵਰਤੀਆਂ ਪਰ ਕੋਈ ਪਿੰਡ ਈ ਨਹੀਂ ਹੈਗਾ। ਇਹ ਜੋ ਪਾਖੰਡ ਹੈ, ਇਹ ਸਰਕਾਰਾਂ ਆਪ ਕਰਦੀਆਂ ਨੇ ਕਿਉਂਕਿ ਡੇਰੇ ਸਰਕਾਰਾਂ ਦੇ ਹੀ ਨੇ। ਡੇਰੇ ਜਿੰਨੇ ਵੀ ਨੇ ਇਹ ਸਰਕਾਰਾਂ ਦੀ ਸਪੋਰਟ ਨਾਲ ਚਲਦੇ ਨੇ ਤੇ ਜੇ ਸੰਗਤ ਹਿੰਮਤ ਕਰੂਗੀ ਤਾਂ ਹੀ ਡੇਰੇ ਬੰਦ ਹੋ ਸਕਦੇ ਨੇ।
ਪ੍ਰ.- ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ?
ਉ.- ਲੋਕਾਂ ਨੂੰ ਮੈਂ ਇਹੀ ਕਹਿਣਾ ਕਿ ਇਹਨਾਂ ਡੇਰਿਆਂ ਤੋਂ ਬਚੀਏ, ਇਹਨਾਂ ਡੇਰਿਆਂ 'ਚ ਨਾ ਜਾਈਏ। ਆਪਣੇ ਕੰਮ ਕਰੋ, ਆਪਣੀ ਮਿਹਨਤ ਕਰੋ ਕਿਉਂਕਿ ਮਿਹਨਤ ਦੇ ਨਾਲ ਹੀ ਪਰਮਾਤਮਾ ਤੁਹਾਡਾ ਸਾਥ ਦੇਵੇਗਾ। ਜੇਕਰ ਡੇਰਿਆਂ 'ਚ ਜਾਓਗੇ ਤਾਂ ਡੇਰਿਆਂ ਦੀ ਮਦਦ ਜਰੂਰ ਹੋਵੇਗੀ, ਲੋਕਾਂ ਨੂੰ ਉਸ ਨਾਲ ਕੁੱਝ ਨਹੀਂ ਮਿਲਣਾ। ਡੇਰੇ ਵਾਲੇ ਅਮੀਰ ਹੁੰਦੇ ਜਾਣਗੇ ਤੇ ਸੰਗਤ ਕਮਜ਼ੋਰ ਹੁੰਦੀ ਜਾਵੇਗੀ। ਮੇਰਾ ਬਸ ਏਹੀ ਸੁਨੇਹਾ ਹੈ ਕਿ ਲੋਕ ਖ਼ੁਦ ਵੀ ਡੇਰਿਆਂ ਤੋਂ ਬਚਣ ਤੇ ਹੋਰਾਂ ਨੂੰ ਇਹੀ ਸੁਨੇਹਾ ਦਿਓ।
ਸੋ ਇਹ ਸਭ ਗੱਲਾਂ ਆਸ਼ੂਤੋਸ਼ ਦੇ ਡਰਾਈਵਰ ਪੂਰਨ ਸਿੰਘ ਨਾਲ ਹੋਈਆਂ। ਰੋਜ਼ਾਨਾ ਸਪੋਕਸਮੈਨ ਵਲੋਂ ਵੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾਓ ਤੇ ਡੇਰਿਆਂ ਨੂੰ ਤਿਆਗੋ।