
ਸਮਾਣਾ, 5 ਜਨਵਰੀ (ਕਰਮਚੰਦ ਰਾਜਲਾ, ਦਲਜਿੰਦਰ ਸਿੰਘ ਪੱਪੀ) : ਥਾਣਾ ਸਦਰ ਸਮਾਣਾ ਪੁਲਿਸ ਨੇ 23 ਨਵੰਬਰ 2017 ਤੋਂ ਲਾਪਤਾ ਤਰਸੇਮ ਸਿੰਘ (43) ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕਾਹਨਗੜ੍ਹ ਭੁਤਨਾ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਮੁਕੱਦਮਾ ਨੰਬਰ-02-ਮਿਤੀ 4 ਜਨਵਰੀ 2018 ਨੂੰ ਅਧੀਨ ਧਾਰਾ 302,201,120 ਬੀ ਤਹਿਤ ਦਰਜ ਕਰ ਕੇ ਦੋਸ਼ੀ ਰਾਜ ਕੌਰ ਤੇ ਸੁਖਚੈਨ ਸਿੰਘ ਉਰਫ਼ ਚੈਨੀ ਨੂੰ ਚੌਂਕ ਭਵਾਨੀਗੜ੍ਹ ਸਮਾਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।ਥਾਣਾ ਮੁਖੀ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਤਰਸੇਮ ਸਿੰਘ ਦੀ ਘਰਵਾਲੀ ਰਾਜ ਕੌਰ ਦੇ ਸੁਖਚੈਨ ਸਿੰਘ ਉਰਫ਼ ਚੈਨੀ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਦਫ਼ਤਰੀਵਾਲਾ
ਥਾਣਾ ਪਾਤੜਾਂ ਨਾਲ ਨਾਜਾਇਜ਼ ਸਬੰਧ ਸਨ ਜਿਸ ਦੇ ਚਲਦਿਆਂ ਦੋਸ਼ੀ ਸੁਖਚੈਨ ਸਿੰਘ ਨੇ ਉਸ ਦੀ ਇਕ ਹੋਰ ਮਿੱਤਰ ਔਰਤ ਪਰਮਜੀਤ ਕੌਰ ਨਾਲ ਮਿਲ ਕੇ ਤਰਸੇਮ ਸਿੰਘ ਨੂੰ ਕਿਸੇ ਸੁੰਨਸਾਨ ਜਗ੍ਹਾ 'ਤੇ ਬੁਲਾ ਕੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿਤਾ ਅਤੇ ਲਾਸ਼ ਨੂੰ ਪਿੰਡ ਕਲਵਾਣੂ ਨਜ਼ਦੀਕ ਭਾਖੜਾ ਨਹਿਰ ਵਿਚ ਸੁੱਟ ਦਿਤਾ। ਪੁਲਿਸ ਨੇ ਸੁਖਚੈਨ ਸਿੰਘ ਅਤੇ ਤਰਸੇਮ ਸਿੰਘ ਦੀ ਪਤਨੀ ਰਾਜ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪਰਮਜੀਤ ਕੌਰ ਦੀ ਭਾਲ ਜਾਰੀ ਹੈ।ਥਾਣਾ ਮੁਖੀ ਨੇ ਦਸਿਆ ਕਿ ਦੋਸ਼ੀ ਸੁਖਚੈਨ ਸਿੰਘ ਉਰਫ ਚੈਨੀ ਨੇ ਪਹਿਲਾਂ ਵੀ ਅਪਣੀ ਇਕ ਦੋਸਤ ਲੜਕੀ ਗੁਰੀ ਵਾਸੀ ਪਿੰਡ ਬਖੋਪੀਰ ਨਾਲ ਨਾਜਾਇਜ਼ ਸਬੰਧਾਂ ਦੇ ਚਲਦਿਆਂ ਉਸ ਲੜਕੀ ਨੂੰ ਘਰੋਂ ਬੁਲਾ ਕੇ ਉਸ ਦਾ ਪਿੰਡ ਕਲਵਾਣੂ ਵਿਖੇ ਕਤਲ ਕਰ ਕੇ ਲਾਸ਼ ਨੂੰ ਭਾਖੜਾ ਨਹਿਰ ਵਿਚ ਰੋੜ ਦਿਤਾ ਸੀ ਜਿਸ ਦੇ ਚਲਦਿਆਂ ਸੁਖਚੈਨ ਸਿੰਘ ਉਰਫ ਚੈਨੀ ਤੇ ਮੁੱਕਦਮਾ ਨੰਬਰ 122/15 ਅਧੀਨ ਧਾਰਾ 302, 376, 363, 366 ਥਾਣਾ ਭਵਾਨੀਗੜ ਸੰਗਰੂਰ ਵਿਖੇ ਦਰਜ ਹੋਇਆ ਸੀ।