
ਸਦੀ ਤੋਂ ਵੱਧ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਦਾ ਮਾਮਲਾ ਅੱਜ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਿਆ। ਉੱਥੇ ਹੀ ਵੀਡੀਓ 'ਚ ਦਿਖਾਈ ਦੇਣ ਵਾਲੀ ਚੀਫ਼ ਖ਼ਾਲਸਾ ਦੀਵਾਨ ਦੇ ਇਕ ਸਕੂਲ ਦੀ ਪੀੜਤ ਔਰਤ ਪ੍ਰਿਸੀਪਲ ਨੇ ਵੀ ਡਾਇਰੈਕਟਰ ਜਨਰਲ ਪੰਜਾਬ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਪ੍ਰਧਾਨ ਚੱਢਾ ਵਲੋਂ ਉਸ ਨੂੰ ਡਰਾ-ਧਮਕਾ ਕੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰਦਿਆਂ ਅਸ਼ਲੀਲ ਹਰਕਤਾਂ ਕਰਨ ਤੇ ਅਜਿਹਾ ਨਾ ਕਰਨ 'ਤੇ ਉਸ ਦੇ ਪਰਿਵਾਰ ਨੂੰ ਝੂਠੇ ਕੇਸਾਂ 'ਚ ਫਸਾ ਦੇਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਉਂਦਿਆਂ ਸ: ਚੱਢਾ ਅਤੇ ਉਸ ਦੇ ਬੇਟੇ ਇੰਦਰਬੀਰ ਸਿੰਘ ਚੱਢਾ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਇਸੇ ਦੌਰਾਨ ਅੱਜ ਦੀਵਾਨ ਦੇ ਦਫ਼ਤਰ ਵਿਖੇ ਸਵੇਰ ਤੋਂ ਦੋ ਦਰਜਨ ਦੇ ਕਰੀਬ ਮੈਂਬਰਾਂ ਨੇ ਪ੍ਰਧਾਨ ਚੱਢਾ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਪ੍ਰਧਾਨ ਦੇ ਦਫ਼ਤਰ ਅੱਗੇ ਸ਼ਾਂਤਮਈ ਰੋਸ ਧਰਨਾ ਦਿੱਤਾ। ਜਿਸ ਉਪਰੰਤ ਸ਼ਾਮ ਨੂੰ ਮੈਂਬਰਾਂ ਵਲੋਂ ਮਤਾ ਪਾਸ ਕਰਕੇ ਦੀਵਾਨ ਦੇ ਮੀਤ ਪ੍ਰਧਾਨ ਧੰਨਰਾਜ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ।
ਅੱਜ ਸਾਰਾ ਦਿਨ ਦੀਵਾਨ ਦੇ ਜੀ.ਟੀ. ਰੋਡ ਸਥਿਤ ਮੁੱਖ ਦਫ਼ਤਰ ਵਿਖੇ ਹੰਗਾਮੇ ਵਾਲੀ ਸਥਿਤੀ ਰਹੀ, ਜਿਸ ਦੌਰਾਨ ਦੀਵਾਨ ਦੇ ਮੈਂਬਰਾਂ ਜਸਵਿੰਦਰ ਸਿੰਘ ਐਡਵੋਕੇਟ ਤੇ ਕੁਲਜੀਤ ਸਿੰਘ ਦੀ ਅਗਵਾਈ 'ਚ ਦੋ ਦਰਜਨ ਤੋਂ ਵਧੇਰੇ ਮੈਂਬਰਾਂ ਨੇ ਪ੍ਰਧਾਨ ਚੱਢਾ 'ਤੇ ਸਿੱਖ ਸੰਸਥਾ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਕਲੰਕਿਤ ਕਰਨ ਦਾ ਦੋਸ਼ ਲਗਾਉਂਦਿਆਂ ਤੇ ਇਸ ਨੂੰ ਮੰਦਭਾਗਾ ਕਰਾਰ ਦਿੰਦਿਆਂ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਤੇ ਅਜਿਹਾ ਨਾ ਹੋਣ 'ਤੇ ਦਫ਼ਤਰ ਦੀ ਤਾਲਾਬੰਦੀ ਕਰਨ ਦੀ ਧਮਕੀ ਦਿੱਤੀ।
ਸੂਚਨਾ ਅਨੁਸਾਰ ਦੀਵਾਨ ਦੇ ਆਨ: ਸਕੱਤਰ ਤੇ ਹੋਰ ਅਹੁਦੇਦਾਰਾਂ ਜਿਨ੍ਹਾਂ 'ਚ ਸ: ਚੱਢਾ ਦੇ ਬੇਟੇ ਵੀ ਸ਼ਾਮਿਲ ਸਨ, ਵਲੋਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਦੀ ਵਾਰ-ਵਾਰ ਅਪੀਲ ਕੀਤੀ ਗਈ, ਪਰ ਉਹ ਆਪਣਾ ਅਸਤੀਫ਼ਾ ਦੇਣ ਲਈ ਰਾਜ਼ੀ ਨਹੀਂ ਹੋਏ। ਦੂਜੇ ਪਾਸੇ ਅਸਤੀਫ਼ੇ ਦੀ ਮੰਗ ਕਰ ਰਹੇ ਮੈਂਬਰ ਸ਼ਾਮ 5 ਵਜੇ ਤੱਕ ਆਪਣੀ ਮੰਗ 'ਤੇ ਅੜੇ ਰਹੇ, ਜਿਸ ਤੋਂ ਬਾਅਦ ਦੀਵਾਨ ਦੇ ਆਨ: ਸਕੱਤਰ ਨਰਿੰਦਰ ਸਿੰਘ ਖੁਰਾਣਾ ਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਦੀਵਾਨ ਦੇ ਸੰਵਿਧਾਨ ਦੀ ਧਾਰਾ 15 ਅਨੁਸਾਰ ਮੀਤ ਪ੍ਰਧਾਨ ਧੰਨਰਾਜ ਸਿੰਘ ਨੂੰ ਪ੍ਰਧਾਨ ਵਜੋਂ ਕਾਰਜਭਾਰ ਸੌਾਪ ਦਿੱਤਾ ਗਿਆ।
ਇਸ ਦੌਰਾਨ ਆਨਰੇਰੀ ਸਕੱਤਰ ਵਲੋਂ ਜਾਰੀ ਪੱਤਰ 'ਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਚੱਢਾ ਵਲੋਂ ਹੀ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਆਪਣੀ ਗ਼ੈਰ-ਹਾਜ਼ਰੀ 'ਚ ਪੱਤਰ ਜਾਰੀ ਕਰਕੇ ਮੀਤ ਪ੍ਰਧਾਨ ਧੰਨਰਾਜ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਪੀ ਗਈ ਹੈ।
ਜਦਕਿ ਦੂਜੇ ਪਾਸੇ ਕਾਰਜਕਾਰੀ ਪ੍ਰਧਾਨ ਬਣੇ ਧੰਨਰਾਜ ਸਿੰਘ ਨੇ ਦਾਅਵਾ ਕੀਤਾ ਕਿ ਉਹ ਅਖ਼ਬਾਰਾਂ 'ਚ ਛਪੀਆਂ ਖ਼ਬਰਾਂ ਤੇ ਸੋਸ਼ਲ ਮੀਡੀਆ 'ਤੇ ਨਸ਼ਰ ਹੋਈ ਵੀਡੀਓ ਅਤੇ ਵੱਡੀ ਗਿਣਤੀ 'ਚ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਪ੍ਰਗਟਾਏ ਰੋਸ ਨੂੰ ਦੇਖਦਿਆਂ ਮਹਿਸੂਸ ਕਰਦੇ ਹਨ ਕਿ ਪ੍ਰਧਾਨ ਚੱਢਾ ਹੁਣ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਅਸਮਰੱਥ ਹਨ ਤੇ ਉਹ ਬਤੌਰ ਮੀਤ ਪ੍ਰਧਾਨ ਸੰਵਿਧਾਨ ਦੀ ਧਾਰਾ 25 ਅਨੁਸਾਰ ਉਨ੍ਹਾਂ ਦੀ ਗ਼ੈਰ-ਮੌਜੂਦਗੀ 'ਚ ਪ੍ਰਧਾਨਗੀ ਦੇ ਅਧਿਕਾਰ ਸੰਭਾਲ ਰਿਹਾ ਹੈ।
ਇਸ ਮੌਕੇ ਦੀਵਾਨ ਦੇ ਆਨ: ਸਕੱਤਰ ਨਰਿੰਦਰ ਸਿੰਘ ਖੁਰਾਣਾ ਤੇ ਹੋਰਨਾਂ ਮੈਂਬਰਾਂ ਨੇ ਧੰਨਰਾਜ ਸਿੰਘ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਭੇਟ ਕਰਕੇ ਪ੍ਰਧਾਨ ਦੇ ਅਹੁਦੇ 'ਤੇ ਬਿਠਾਇਆ। ਇਸ ਮੌਕੇ ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਗੁਰਿੰਦਰ ਸਿੰਘ ਚਾਵਲਾ, ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ, ਅਮਰਜੀਤ ਸਿੰਘ ਭਾਟੀਆ, ਮਨਜੀਤ ਸਿੰਘ ਮੰਜਿਲ, ਪ੍ਰਭਜੋਤ ਸਿੰਘ ਸੇਠੀ, ਰਣਬੀਰ ਸਿੰਘ ਚੋਪੜਾ, ਰਮਣੀਕ ਸਿੰਘ, ਡਾ: ਏ. ਐਸ. ਮਾਹਲ ਆਦਿ ਹਾਜ਼ਰ ਸਨ।