
ਚਰਨਜੀਤ ਸਿੰਘ ਚੱਢਾ ਤੇ ਉਸ ਦਾ ਪੁੱਤਰ ਚੀਫ਼ ਖ਼ਾਲਸਾ ਦੀਵਾਨ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
ਅੰਮ੍ਰਿਤਸਰ, 30 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਕੂਲ ਪ੍ਰਿੰਸੀਪਲ ਰਵਿੰਦਰ ਕੌਰ ਨਾਲ ਅਸ਼ਲੀਲ ਹਰਕਤਾਂ ਵਾਲੀ ਵੀਡੀਉ ਚਰਚਿਤ ਹੋਣ ਦੇ ਸਬੰਧ ਵਿਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਹੁਦੇਦਾਰਾਂ ਤੇ ਪ੍ਰਬੰਧਕੀ ਸਲਾਹਕਾਰ ਕਮੇਟੀ ਦੀ ਬੈਠਕ ਵਿਚ ਚਰਨਜੀਤ ਸਿੰਘ ਚੱਢਾ ਅਤੇ ਉਸ ਦੇ ਪਰਵਾਰ ਦਾ ਸਫ਼ਾਇਆ ਕਰ ਦਿਤਾ ਗਿਆ ਹੈ। ਚਰਨਜੀਤ ਸਿੰਘ ਚੱਢਾ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਤੇ ਉਸ ਦੇ ਲੜਕੇ ਇੰਦਰਪ੍ਰੀਤ ਸਿੰਘ ਚੱਢਾ ਨੂੰ ਮੁਢਲੀ ਮੈਂਬਰਸ਼ਿਪ ਤੋਂਂ ਖ਼ਾਰਜ ਕਰ ਦਿਤਾ ਗਿਆ। ਇਸ ਸਬੰਧੀ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ। ਇਹ ਪ੍ਰਗਟਾਵਾ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਅਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਕੂਲ ਪ੍ਰਿੰਸੀਪਲ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਫਿਰ ਉਸ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦੇਣ ਦੇ ਦੋਸ਼ ਵਿਚ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ। ਚੱਢਾ ਤੇ ਉਸ ਦੇ ਸਪੁੱਤਰ ਨੂੰ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰਨ ਦਾ ਮਤਾ ਸਥਾਨਕ ਪ੍ਰਧਾਨ ਨਿਰਮਲ ਸਿੰਘ ਨੇ ਲਿਆਂਦਾ ਸੀ। ਮੀਟਿੰਗ ਵਿਚ ਸ਼ਾਮਲ ਮੈਬਰਾਂ ਨੇ ਸਰਬਸੰਮਤੀ ਨਾਲ ਮਤੇ ਨੂੰ ਪ੍ਰਵਾਨਗੀ ਦੇ ਦਿਤੀ ਜਿਸ ਵਿਚ ਚੱਢੇ ਦਾ ਛੋਟਾ ਬੇਟਾ ਵੀ ਸ਼ਾਮਲ ਸੀ ਤੇ ਉਨ੍ਹਾਂ ਨੇ ਵੀ ਕੋਈ ਵਿਰੋਧ ਨਹੀਂ ਕੀਤਾ। ਭਾਵੇਂ ਇਸ ਮਤੇ ਨੂੰ ਪ੍ਰਵਾਨਗੀ ਅਗਲੇ ਸੱਤਾਂ ਦਿਨਾਂ ਵਿਚ ਕਾਰਜਕਰਨੀ ਕਮੇਟੀ ਦੀ ਮੀਟਿੰਗ ਬੁਲਾ ਕੇ ਪ੍ਰਵਾਨਗੀ ਲਈ ਜਾਣੀ ਹੈ ਅਤੇ ਉਸ ਤੋਂ ਬਾਅਦ ਇਹ ਮਤਾ ਸੱਤਾਂ ਦਿਨਾਂ ਬਾਅਦ ਜਨਰਲ ਹਾਊਸ ਵਿਚੋਂ ਪਾਸ ਕਰਵਾਇਆ ਜਾਵੇਗਾ। ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੂੰ ਪੁਛਿਆ ਗਿਆ ਕਿ ਕੀ ਉਹ ਕਿਸੇ ਵਿਸ਼ੇਸ਼ ਵਿਅਕਤੀ ਦੁਆਰਾ ਪ੍ਰਧਾਨ ਬਣਾਏ ਗਏ ਹਨ? ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਦੀਵਾਨ ਦੇ ਵਿਧਾਨ ਮੁਤਾਬਕ ਪ੍ਰਧਾਨ ਬਣੇ ਹਨ ਕਿਸੇ ਵਿਸ਼ੇਸ਼ ਵਿਅਕਤੀ ਦੇ ਆਦੇਸ਼ਾਂ ਤੇ ਨਹੀਂ ਬਣੇ। ਜਲਦੀ ਹੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬੁਲਾਈ ਜਾਵੇਗੀ ਤੇ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਜਾਵੇਗੀ।
ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਸੱਤ ਦਿਨਾਂ ਦੇ ਅੰਦਰ ਅੰਦਰ ਕਾਰਜਕਾਰੀ ਕਮੇਟੀ ਦੀ ਮੀਟਿੰਗ ਬੁਲਾਈ ਜਾਵੇਗੀ। ਉਸ ਤੋਂ ਸੱਤ ਦਿਨਾਂ ਦੇ ਅੰਦਰ ਜਨਰਲ ਹਾਊਸ ਦੀ ਮੀਟਿੰਗ ਵਿਚ ਪਾਸ ਕੀਤੇ ਮਤੇ ਨੂੰ ਪੇਸ਼ ਕੀਤਾ ਜਾਵੇਗਾ। ਉਸ ਦੀ ਪ੍ਰਵਾਨਗੀ ਤੋਂ ਬਾਅਦ ਅਗਲੇ ਪ੍ਰਧਾਨ ਦੀ ਚੋਣ ਕਰ ਲਈ ਜਾਵੇਗੀ। ਉਨ੍ਹਾਂ ਨੇ ਸ. ਚੱਢਾ ਨੂੰ ਅਸਤੀਫ਼ਾ ਦੇਣ ਦਾ ਸੁਝਾਅ ਦਿਤਾ ਸੀ ਪਰ ਚੱਢਾ ਇਹ ਕਹਿ ਰਿਹਾ ਸੀ ਕਿ ਜੇ ਉਹ ਅਸਤੀਫ਼ਾ ਦਿੰਦਾ ਹੈ ਤਾਂ ਉਹ ਦੋਸ਼ੀਆਂ ਦੀ ਕਤਾਰ ਵਿਚ ਖੜਾ ਹੋ ਜਾਵੇਗਾ। ਉਨ੍ਹਾਂ ਕੋਲ ਦੋ ਬੇਨਤੀ ਪੱਤਰ ਸ. ਚੱਢਾ ਨੂੰ ਬਰਖ਼ਾਸਤ ਕਰਨ ਲਈ 26 ਦਸੰਬਰ ਨੂੰ ਪੁੱਜ ਗਏ ਸਨ ਤੇ 60 ਦਿਨਾਂ ਦੇ ਅੰਦਰ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਜਾਵੇਗੀ। ਪ੍ਰੋ. ਹਰੀ ਸਿੰਘ ਨੇ ਕਿਹਾ ਕਿ ਸ. ਚੱਢਾ ਨੇ ਘਟੀਆ ਕਾਰਵਾਈ ਕੀਤੀ ਹੈ ਤੇ ਇਸ ਨੂੰ ਪੰਥ ਵਿਚੋਂ ਛੇਕਿਆਜਾਣਾ ਜ਼ਰੂਰੀ ਹੈ। ਪ੍ਰੋ. ਸੂਬਾ ਸਿੰਘ ਨੇ ਕਿਹਾ ਕਿ ਚੱਢਾ ਦਾ ਗੁਨਾਹ ਮਾਫ਼ੀਯੋਗ ਨਹੀ। ਲੋਕ ਭਲਾਈ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਵੀ ਸ. ਚੱਢਾ ਨੂੰ ਕੱਢਣ ਦਾ ਮਤਾ ਪਾਸ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਸ. ਚੱਢਾ ਦੇ ਸਮੇਂ ਹੋਈਆਂ ਧਾਂਦਲੀਆਂ ਦੀ ਵੀ ਜਾਂਚ ਕਰਵਾ ਕੇ 420 ਦੀ ਮੁਕੱਦਮਾ ਵੀ ਦੀਵਾਨ ਵਲੋ ਦਰਜ ਕਰਵਾਇਆ ਜਾਵੇ। ਡਾ. ਮਨਜੀਤ ਸਿੰਘ ਭੋਮਾ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।