
ਚੰਡੀਗੜ੍ਹ, 15 ਜਨਵਰੀ (ਤਰੁਣ ਭਜਨੀ): ਔਰਤਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਪੁਲਿਸ ਛੇਤੀ ਹੀ ਇਕ ਮੋਬਾਈਲ ਐਪ ਜਾਰੀ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਵਿਚ ਨਿਰਭਿਆ ਬਲਾਤਕਾਰ ਮਾਮਲੇ ਤੋਂ ਬਾਅਦ ਦਿੱਲੀ ਪੁਲਿਸ ਨੇ ਅਜਿਹੀ ਹੀ ਐਪ ਜਾਰੀ ਕੀਤੀ ਸੀ ਜਿਸ ਦਾ ਨਾਮ ਨਿਰਭਿਆ ਐਪ ਰਖਿਆ ਗਿਆ ਹੈ। ਚੰਡੀਗੜ੍ਹ ਵਿਚ ਔਰਤਾਂ ਵਿਰੁਧ ਵਧ ਰਹੇ ਅਪਰਾਧ ਨੂੰ ਵੇਖਦੇ ਹੋਏ ਇਹ ਐਪ ਜਾਰੀ ਕੀਤੀ ਜਾ ਰਹੀ ਹੈ। ਪਿਛਲੇ ਸਾਲ ਦੇ ਆਖ਼ਰੀ ਮਹੀਨਿਆਂ ਵਿਚ ਸੈਕਟਰ-53 ਵਿਚ ਆਟੋ ਚਾਲਕ ਅਤੇ ਉਸ ਦੇ ਦੋ ਸਾਥੀਆਂ ਨੇ ਇਕ 22 ਸਾਲਾ ਮੁਟਿਆਰ ਨਾਲ ਬਲਾਤਕਾਰ ਕੀਤਾ ਸੀ। ਵਾਰਦਾਤ ਤੋਂ ਬਾਅਦ ਪੁਲਿਸ ਨੂੰ ਮੁਲਜ਼ਮਾਂ ਤਕ ਪਹੁੰਚਣ ਵਿਚ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ। ਇਸੇ ਤਰ੍ਹਾਂ ਸ਼ਹਿਰ 'ਚ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵੀ ਲਗਾਤਾਰ ਵਧ ਰਹੀ ਹਨ।
ਇਨ੍ਹਾ ਘਟਨਾਵਾਂ ਨੂੰ ਵੇਖਦੇ ਹੋਏ ਹੀ ਐਪ ਨੂੰ ਲਾਂਚ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸਤੋਂ ਇਲਾਵਾ ਬਜ਼ੁਰਗਾਂ ਲਈ ਵੀ ਇਹ ਐਪ ਕੰਮ ਆਵੇਗੀ। ਐਮਰਜੈਂਸੀ ਵਿਚ ਔਰਤਾਂ ਅਤੇ ਬਜ਼ੁਰਗ ਇਸ ਐਪ ਦੀ ਮਦਦ ਨਾਲ ਝੱਟ ਪੁਲਿਸ ਨਾਲ ਜੁੜ ਜਾਣਗੇ ਅਤੇ ਪੁਲਿਸ ਮੌਕੇ 'ਤੇ ਪਹੁੰਚ ਜਾਵੇਗੀ।ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਦਸਿਆ ਕਿ ਛੇਤੀ ਹੀ ਐਪ ਜਾਰੀ ਕਰ ਦਿਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦੀ ਐਪ ਦਿੱਲੀ ਤੋਂ ਇਲਾਵਾ ਹੋਰ ਕਈ ਰਾਜਾਂ ਵਿਚ ਚਲ ਰਹੀ ਹਨ। ਐਸ.ਐਸ.ਪੀ. ਨੇ ਦਸਿਆ ਕਿ ਕਈ ਵਾਰ ਪੀੜਤ ਅਜਿਹੀ ਸਥਿਤੀ ਵਿਚ ਹੁੰਦਾ ਹੈ ਕਿ ਉਹ ਪੁਲਿਸ ਨੂੰ ਫ਼ੋਨ ਨਹੀਂ ਕਰ ਪਾਉਂਦਾ ਪਰ ਇਸ ਐਪ ਨੂੰ ਦਬਾਉਣ ਨਾਲ ਹੀ ਪੁਲਿਸ ਅਤੇ ਸਬੰਧਤ ਪਰਵਾਰ ਵਾਲੇ ਚੌਕਸ ਹੋ ਜਾਣਗੇ।