
ਆਪਣੇ ਹੌਂਸਲੇ ਅਤੇ ਹਿੰਮਤ ਸਦਕਾ ਬੁਲੰਦੀਆਂ ਨੂੰ ਛੂਹਣ ਵਾਲੀ ਸ਼ਹਿਰ ਦੀ ਪ੍ਰਿਆ ਝਿੰਗਨ ਨੂੰ ਦੇਸ਼ ਦੀ ਫੌਜ 'ਚ ਪਹਿਲੀ ਮਹਿਲਾ ਕੈਡੇਟ ਦੇ ਤੌਰ 'ਤੇ ਚੁਣੇ ਕਾਰਨ ਸ਼ਨੀਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਸਨਮਾਨਿਤ ਕੀਤਾ ਜਾਵੇਗਾ। ਪ੍ਰਿਆ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਖੇਤਰਾਂ 'ਚ ਮੋਹਰੀ ਰਹਿਣ ਵਾਲੀਆਂ 112 ਔਰਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਇਹ ਐਵਾਰਡ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਦਿੱਤੇ ਜਾ ਰਹੇ ਹਨ। ਇਸ ਸਨਮਾਨ ਸਮਾਰੋਹ ਦੌਰਾਨ ਕੇਂਦਰੀ ਮੰਤਰੀ ਮੇਨਕਾ ਗਾਂਧੀ ਅਤੇ ਸੂਚਨਾ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਵੀ ਮੌਜੂਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਮੂਲ ਰੂਪ ਤੋਂ ਹਿਮਾਚਲ ਦੀ ਰਹਿਣ ਵਾਲੀ ਪ੍ਰਿਆ ਦਾ ਵਿਆਹ 1994 'ਚ ਰਾਜੀਵ ਵਿਹਾਰ ਮਨੀਮਾਜਰਾ (ਚੰਡੀਗੜ੍ਹ) ਦੇ ਮਨੋਜ ਮਲਹੋਤਰਾ ਨਾਲ ਹੋਇਆ ਸੀ।
ਪ੍ਰਿਆ ਦਾ ਜਨਮ ਸ਼ਿਮਲਾ 'ਚ ਹੋਇਆ। ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਪ੍ਰਿਆ ਨੇ ਲਾਅ ਦੀ ਪੜ੍ਹਾਈ ਪੂਰੀ ਕੀਤੀ। ਪ੍ਰਿਆ ਇਕ ਪੁਲਸ ਅਧਿਕਾਰੀ ਦੀ ਬੇਟੀ ਹੋਣ ਕਾਰਨ ਪਹਿਲਾਂ ਪੁਲਸ 'ਚ ਜਾਣਾ ਚਾਹੁੰਦੀ ਸੀ ਪਰ ਬਾਅਦ 'ਚ ਉਸ ਨੇ ਆਰਮੀ ਚੀਫ ਜਨਰਲ ਰਾਡਰਿਕਸ ਨੂੰ ਚਿੱਠੀ ਲਿਖ ਕੇ ਆਰਮੀ ਜੁਆਇਨ ਕਰਨ ਦੀ ਇੱਛਾ ਜ਼ਾਹਰ ਕੀਤੀ।
ਆਰਮ ਜੁਆਇਨ ਕਰਨ ਤੋਂ ਬਾਅਦ ਉਹ ਇਨਫੈਂਟਰੀ ਡਵੀਜ਼ਨ ਜੁਆਇਨ ਕਰਨਾ ਚਾਹੁੰਦੀ ਸੀ ਪਰ ਉਸ ਦੀ ਰਿਕਵੈਸਟ ਨੂੰ ਆਰਮੀ ਅਫਸਰਾਂ ਨੇ ਰੱਦ ਕਰ ਦਿੱਤਾ। ਲਾਅ ਗ੍ਰੇਜੂਏਟ ਹੋਣ ਕਾਰਨ ਹੀ ਉਨ੍ਹਾਂ ਨੂੰ ਜੱਜ ਐਡਵੋਕੇਟ ਜਨਰਲ 'ਚ ਪੋਸਟਿੰਗ ਮਿਲੀ।
1992 'ਚ ਪ੍ਰਿਆ ਨੇ ਇੰਡੀਅਨ ਆਰਮੀ ਜੁਆਇਨ ਕੀਤੀ ਅਤੇ ਸਾਲ 1994 'ਚ ਇੰਡੀਅਨ ਆਰਮੀ 'ਚ ਕੰਮ ਕਰਦੇ ਮਨੋਜ ਮਲਹੋਤਰਾ ਨਾਲ ਵਿਆਹ ਕਰ ਲਿਆ। ਫੌਜ 'ਚ 10 ਸਾਲ ਦੀ ਸਰਵਿਸ ਤੋਂ ਬਾਅਦ 2002 'ਚ ਉਹ ਰਿਟਾਇਰ ਹੋ ਗਈ।