ਭੋਪਾਲ, 23 ਦਸੰਬਰ: 19 ਸਾਲਾਂ ਦੀ ਵਿਦਿਆਰਥਣ ਨਾਲ 31 ਅਕਤੂਬਰ ਨੂੰ ਹੋਏ ਸਮੂਹਕ ਬਲਾਤਕਾਰ ਦੇ ਚਰਚਿਤ ਮਾਮਲੇ ਵਿਚ ਚਾਰ ਜਣਿਆਂ ਨੂੰ ਅੱਜ ਦੋਸ਼ੀ ਕਰਾਰ ਦਿੰਦਿਆਂ ਉੁਮਰ ਕੈਦ ਦੀ ਸੁਣਾਈ ਗਈ ਹੈ। ਅਦਾਲਤ ਨੇ ਇਹ ਫ਼ੈਸਲਾ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ ਸੁਣਾਇਆ ਹੈ। ਰਾਜਧਾਨੀ ਦੇ ਹਬੀਬਗੰਜ ਰੇਲਵੇ ਸਟੇਸ਼ਨ ਇਲਾਕੇ 'ਚ 31 ਅਕਤੂਬਰ, 2017 ਦੀ ਸ਼ਾਮ ਨੂੰ ਚਾਰ ਜਣਿਆਂ ਨੇ ਕੋਚਿੰਗ ਕਲਾਸ ਤੋਂ ਵਾਪਸ ਪਰਤ ਰਹੀ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਇਹ ਵਿਦਿਆਰਥਣ ਯੂ.ਪੀ.ਐਸ.ਸੀ. ਦੀ ਤਿਆਰੀ ਕਰ ਰਹੀ ਸੀ। ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ 'ਚ 15 ਦਿਨਾਂ ਅੰਦਰ ਹੀ ਜਾਂਚ ਪੂਰੀ ਕਰ ਕੇ 16 ਨਵੰਬਰ, 2017 ਨੂੰ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕਰ ਦਿਤੀ ਸੀ। ਅਦਾਲਤ ਨੇ ਵੀ ਤੇਜ਼ੀ ਨਾਲ ਮਾਮਲੇ ਦੀ ਸੁਣਵਾਈ ਕਰਦਿਆਂ 26 ਦਿਨਾਂ 'ਚ ਅਪਣਾ ਫ਼ੈਸਲਾ ਸੁਣਾ ਦਿਤਾ।

ਅਪਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਵਿਤਾ ਦੁਬੇ ਨੇ ਅੱਜ ਇਸ ਮਾਮਲੇ 'ਚ ਗੋਲੂ (25), ਅਮਰ (24) ਰਾਜੇਸ਼ ਚੇਤਰਾਮ (26) ਅਤੇ ਰਮੇਸ਼ ਮਹਿਰਾ (45) ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਕਿਹਾ, ''ਇਹ ਸਾਰੀ ਉਮਰ ਕੈਦ 'ਚ ਰਹਿਣਗੇ।'' ਪੀੜਤਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਚਾਹੁੰਦੇ ਸਨ ਪਰ ਅਦਾਲਤ ਦੇ ਫ਼ੈਸਲੇ ਤੋਂ ਉਹ ਸੰਤੁਸ਼ਟ ਹਨ। ਜ਼ਿਕਰਯੋਗ ਹੈ ਕਿ ਪੀੜਤਾ ਨੂੰ ਐਫ਼.ਆਈ.ਆਰ. ਦਰਜ ਕਰਵਾਉਣ ਲਈ ਹਬੀਬਗੰਜ, ਐਮ.ਪੀ. ਨਗਰ ਅਤੇ ਜੀ.ਆਰ.ਪੀ. ਥਾਣਿਆਂ ਵਿਚਕਾਰ ਲਗਭਗ 24 ਘੰਟਿਆਂ ਤਕ ਭਟਕਣਾ ਪਿਆ ਸੀ। ਜਦਕਿ ਉਸ ਦੇ ਮਾਤਾ-ਪਿਤਾ ਵੀ ਪੁਲਿਸ ਵਿਭਾਗ 'ਚ ਹੀ ਮੁਲਾਜ਼ਮ ਹਨ। ਇਸ ਮਾਮਲੇ 'ਚ ਲਾਪਰਵਾਹੀ ਵਰਤਣ ਲਈ ਪੰਜ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਸੀ। ਇਸ ਤੋਂ ਇਲਾਵਾ ਪੀੜਤਾ ਦੀ ਮੈਡੀਕਲ ਰੀਪੋਰਟ 'ਚ ਗ਼ਲਤੀ ਕਰਨ ਦੇ ਦੋਸ਼ 'ਚ ਦੋ ਡਾਕਟਰਾਂ ਨੂੰ ਵੀ ਮੁਅੱਤਲ ਕਰ ਦਿਤਾ ਗਿਆ ਸੀ। ਸਰਕਾਰੀ ਵਕੀਲ ਰੀਨਾ ਵਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਫ਼ੈਸਲੇ ਨਾਲ ਕਾਨੂੰਨ ਉਪਰ ਲੋਕਾਂ ਦਾ ਭਰੋਸਾ ਹੋਰ ਵਧੇਗਾ। ਅਦਾਲਤ ਨੇ ਵੱਖ ਵੱਖ ਧਾਰਾਵਾਂ ਤਹਿਤ ਚਾਰਾਂ ਦੋਸ਼ੀਆਂ 'ਤੇ 3 ਤੋਂ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। (ਏਜੰਸੀਆਂ)
end-of