
ਚੰਡੀਗੜ੍ਹ, 10 ਅਕਤੂਬਰ (ਤਰੁਣ ਭਜਨੀ): 10 ਸਾਲਾ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਛੋਟੇ ਮਾਮੇ ਦਾ ਡੀ.ਐਨ.ਏ. ਪੀੜਤ ਬੱਚੀ ਵਲੋਂ ਜਨਮ ਦਿਤੀ ਗਈ ਬੱਚੀ ਨਾਲ ਮੇਲ ਖਾ ਗਿਆ ਹੈ। ਡੀ.ਐਨ.ਏ. ਰੀਪੋਰਟ ਮੁਤਾਬਕ ਸ਼ੰਕਰ ਹੀ ਨਵ-ਜੰਮੀ ਬੱਚੀ ਦਾ ਪਿਉ ਹੈ। ਪੁਲਿਸ ਨੇ ਦਸਿਆ ਕਿ ਪੀੜਤਾ ਦਾ ਵੱਡਾ ਮਾਮਾ ਕੁਲਬਹਾਦੁਰ ਵੀ ਉਸ ਨਾਲ ਬਲਾਤਕਾਰ ਕਰਦਾ ਸੀ ਪਰ ਡੀ.ਐਨ.ਏ. ਛੋਟੇ ਮਾਮੇ ਸ਼ੰਕਰ ਨਾਲ ਮੇਲ ਖਾਇਆ ਹੈ। ਮੰਗਲਵਾਰ ਪੁਲਿਸ ਨੇ ਇਸ ਮਾਮਲੇ ਵਿਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਵੱਡੇ ਮਾਮੇ ਨਾਲ ਡੀ.ਐਨ.ਏ. ਮੇਲ ਨਾ ਖਾਣ ਤੋਂ ਬਾਅਦ ਪੀੜਤਾ ਦੇ ਬਿਆਨ 'ਤੇ ਛੋਟੇ ਮਾਮੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮਾਮਲੇ ਵਿਚ ਦੋਹਾਂ ਮਾਮਿਆਂ ਦਾ ਡੀ.ਐਨ.ਏ. ਟੈਸਟ ਕਰਵਾਇਆ ਗਿਆ ਸੀ। ਇਹ ਟੈਸਟ ਮੋਹਾਲੀ ਸਥਿਤ ਸੀ.ਐਫ਼.ਐਸ.ਐਲ. ਦੀ ਲੈਬਾਰਟਰੀ ਵਿਚ ਕਰਵਾਇਆ ਗਿਆ ਜਿਸ ਦੀ ਰੀਪੋਰਟ ਦੀ ਉਡੀਕ ਪੁਲਿਸ ਪਿਛਲੇ ਕਾਫ਼ੀ ਦਿਨਾਂ ਤੋਂ ਕਰ ਰਹੀ ਸੀ। ਦਸਿਆ ਜਾ ਰਿਹਾ ਹੈ ਕਿ ਬੁਧਵਾਰ ਜ਼ਿਲ੍ਹਾ ਅਦਾਲਤ ਵਿਚ ਛੋਟੇ ਮਾਮੇ ਵਿਰੁਧ ਦੋਸ਼ ਆਇਦ ਹੋਣਗੇ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੁਨਮ ਆਰ ਜੋਸ਼ੀ ਦੀ ਅਦਾਲਤ ਵਿਚ ਇਸ ਸਬੰਧ ਵਿਚ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ।
ਮਾਮਲੇ ਨੇ ਉਦੋਂ ਨਵਾਂ ਮੋੜ ਲਿਆ ਜਦ ਮੁਲਜ਼ਮ ਕੁਲਬਹਾਦੁਰ ਦਾ ਡੀ.ਐਨ.ਏ. ਪੀੜਤ ਵਲੋਂ ਜਨਮ ਦਿਤੀ ਗਈ ਬੱਚੀ ਨਾਲ ਮੇਲ ਨਹੀਂ ਖਾਇਆ ਅਤੇ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਪੀੜਤ ਬੱਚੀ ਦਾ ਮਾਮਾ ਕੁਲਬਹਾਦੁਰ ਉੁਸ ਵਲੋਂ ਜਨਮ ਦਿਤੀ ਗਈ ਬੱਚੀ ਦਾ ਪਿਉ ਨਹੀਂ ਹੈ। ਇਸ ਦਾ ਪ੍ਰਗਟਾਵਾ ਸੈਂਟਰਲ ਫ਼ੋਰੈਂਸਿਕ ਸਾਇੰਸ ਲੈਬਾਰਟਰੀ (ਸੀ ਐਫ਼ ਐਸ ਐਲ) ਵਲੋਂ ਦਿਤੀ ਗਈ ਡੀ ਐਨ ਏ ਰੀਪੋਰਟ ਤੋਂ ਹੋਇਆ ਸੀ। ਸੀ ਐਫ਼ ਐਸ ਐਲ ਨੇ ਇਹ ਰੀਪੋਰਟ ਅਦਾਲਤ ਵਿਚ ਪੇਸ਼ ਕੀਤੀ ਸੀ। ਛੋਟੇ ਮਾਮੇ ਸ਼ੰਕਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦਾ ਡੀ.ਐਨ.ਏ. ਟੈਸਟ ਲੈਬਾਰਟਰੀ ਵਿਚ ਭੇਜਿਆ ਸੀ।ਬੀਤੇ ਜੁਲਾਈ ਮਹੀਨੇ 'ਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ ਵਿਚ ਸੁਰਖ਼ੀਆਂ ਵਿਚ ਰਿਹਾ ਹੈ। 10 ਸਾਲਾ ਪੀੜਤ ਬੱਚੀ 30 ਹਫ਼ਤੇ ਦੀ ਗਰਭਵਤੀ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਸੀ ਅਤੇ ਡਾਕਟਰਾਂ ਤੋਂ ਬੱਚੀ ਦੇ ਗਰਭਪਾਤ ਕਰਨ ਬਾਰੇ ਪੁਛਿਆ ਗਿਆ ਸੀ। ਮੈਡੀਕਲ ਬੋਰਡ ਨੇ ਗਰਭਪਾਤ ਨਾਲ ਬੱਚੀ ਦੀ ਜਾਨ ਨੂੰ ਖ਼ਤਰਾ ਹੋਣ ਵਾਰੇ ਸੁਪਰੀਮ ਕੋਰਟ ਨੂੰ ਦਸਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਬੱਚੀ ਦਾ ਸੁਰੱਖਿਅਤ ਜਣੇਪਾ ਕਰਨ ਲਈ ਪੀ.ਜੀ.ਆਈ. ਦੇ ਡਾਕਟਰਾਂ ਨੂੰ ਆਦੇਸ਼ ਦਿਤੇ ਸਨ। 17 ਅਗਸੱਤ ਨੂੰ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪੀੜਤ ਬੱਚੀ ਨੇ ਇਕ ਬੱਚੀ ਨੂੰ ਜਨਮ ਦਿਤਾ ਸੀ।