
ਡਾਸਨਾ, 13 ਅਕਤੂਬਰ: ਆਰੂਸ਼ੀ ਅਤੇ ਹੇਮਰਾਜ ਕਤਲਕਾਂਡ ਮਾਮਲੇ 'ਚ ਬਰੀ ਕਰ ਦਿਤੇ ਗਏ ਰਾਜੇਸ਼ ਅਤੇ ਨੁਪੁਰ ਤਲਵਾਰ ਸੋਮਵਾਰ ਨੂੰ ਗਾਜ਼ੀਆਬਾਦ ਦੀ ਡਾਸਨਾ ਜੇਲ ਤੋਂ ਬਾਹਰ ਆ ਸਕਦੇ ਹਨ। ਤਲਵਾਰ ਜੋੜੇ ਦੇ ਵਕੀਲ ਤਨਵੀਰ ਮੀਰ ਅਹਿਮਦ ਨੇ ਦਸਿਆ ਕਿ ਰਾਜੇਸ਼ ਅਤੇ ਨੁਪੁਰ ਤਲਵਾਰ ਦੇ ਡਾਸਨਾ ਜੇਲ ਤੋਂ ਅੱਜ ਰਿਹਾਅ ਹੋਣ ਦੀ ਕੋਈ ਉਮੀਦ ਨਹੀਂ ਕਿਉਂਕਿ ਉਨ੍ਹਾਂ ਨੂੰ ਅਜੇ ਤਕ ਅਦਾਲਤ ਦੇ ਹੁਕਮ ਦੀ ਕਾਪੀ ਨਹੀਂ ਮਿਲੀ ਹੈ। ਉਨ੍ਹਾਂ ਦੀ ਰਿਹਾਈ ਸੋਮਵਾਰ ਨੂੰ ਹੋ ਸਕਦੀ ਹੈ ਕਿਉਂਕਿ ਕਲ ਮਹੀਨੇ ਦਾ ਦੂਜਾ ਸਨਿਚਰਵਾਰ ਹੋਣ ਕਰ ਕੇ ਛੁੱਟੀ ਹੈ। ਹਾਲਾਂਕਿ ਅਦਾਲਤ 'ਚ ਤਲਵਾਰ ਜੋੜੇ ਦੀ ਪੈਰਵੀ ਕਰਨ ਵਾਲੇ ਉਨ੍ਹਾਂ ਦੇ ਵਕੀਲ ਦਿਲੀਪ ਕੁਮਾਰ ਨੇ ਕਿਹਾ ਕਿ ਅਦਾਲਤ ਦੇ ਹੁਕਮ ਦੀ ਕਾਪੀ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਤਲਵਾਰ ਜੋੜੇ ਦੇ ਕਲ ਰਿਹਾਅ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਤਲਵਾਰ ਜੋੜੇ ਦਾ ਪੈਰੋਕਾਰ ਇਹ ਕਾਪੀ ਲੈ ਕੇ ਨੋਇਡਾ ਲਈ ਅੱਜ ਰਵਾਨਾ ਹੋਵੇਗਾ ਅਤੇ ਕਲ ਰਿਹਾਈ ਦਾ ਪਰਵਾਨਾ ਲਿਖਿਆ ਜਾਵੇਗਾ ਜਿਸ ਤੋਂ ਬਾਅਦ ਤਲਵਾਰ ਜੋੜੇ ਦੇ ਰਿਹਾਅ ਹੋਣ ਦੀ ਪੂਰੀ ਉਮੀਦ ਹੈ।
ਸੀ.ਬੀ.ਆਈ. ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਜੇਸ਼ ਅਤੇ ਨੁਪੁਰ 2013 ਤੋਂ ਡਾਸਨਾ ਜੇਲ 'ਚ ਬੰਦ ਹਨ। ਇਲਾਹਾਬਾਦ ਹਾਈ ਕੋਰਟ ਨੇ 2008 ਦੇ ਇਸ ਦੋਹਰੇ ਕਤਲ ਕਾਂਡ ਮਾਮਲੇ 'ਚ ਤਲਵਾਜ ਜੋੜ ਨੂੰ ਕਲ ਬਰੀ ਕਰ ਦਿਤਾ ਸੀ। ਆਰੂਸ਼ੀ ਇਸ ਜੋੜੇ ਦੀ ਬੇਟੀ ਸੀ ਅਤੇ ਹੇਮਰਾਜ ਉਨ੍ਹਾਂ ਦਾ ਘਰੇਲੂ ਨੌਕਰ ਸੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਅੱਜ ਸਵੇਰ ਤੋਂ ਹੀ ਡਾਸਨਾ ਜੇਲ ਬਾਹਰ ਹੋਣ ਵਾਲੀ ਹਰ ਗਤੀਵਿਧੀ 'ਤੇ ਨੇੜਿਉਂ ਨਜ਼ਰ ਰੱਖਣ ਲਈ ਜੇਲ ਦੇ ਬਾਹਰ ਮੀਡੀਆ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਕਿਉਂਕਿ ਇਸ ਉੱਚ ਸੁਰੱਖਿਆ ਵਾਲੀ ਜੇਲ 'ਚ ਰਾਜੇਸ਼ ਅਤੇ ਨੁਪੁਰ ਤਲਵਾਰ ਪਿਛਲੇ ਚਾਰ ਸਾਲਾਂ ਤੋਂ ਬੰਦ ਹਨ। ਹਰ ਵਿਅਕਤੀ ਨੂੰ ਤਲਵਾਰ ਜੋੜੇ ਦੇ ਜੇਲ ਤੋਂ ਬਾਹਰ ਆਉਣ ਦੀ ਉਡੀਕ ਹੈ। ਨੋਇਡਾ ਦੇ ਜਲਵਾਯੂ ਵਿਹਾਰ ਸਥਿਤ ਮਕਾਨ ਨੰ. ਐਲ-32 ਸਾਹਮਣੇ ਵੀ ਪੱਤਰਕਾਰਾਂ ਦੀ ਭੀੜ ਲੱਗੀ ਰਹੀ ਜਿੱਥੇ ਹੁਣ ਤਲਵਾਰ ਪ੍ਰਵਾਰ ਦੀ ਥਾਂ ਕੋਈ ਹੋਰ ਪ੍ਰਵਾਰ ਰਹਿੰਦਾ ਹੈ। ਇਸੇ ਘਰ 'ਚ ਆਰੂਸ਼ੀ ਤਲਵਾਰ ਦੀ ਲਾਸ਼ ਮਿਲੀ ਸੀ। ਹੁਣ ਇੱਥੇ ਰਹਿ ਰਿਹਾ ਪ੍ਰਵਾਰ ਮੀਡੀਆ ਦੀ ਨਜ਼ਰ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿੱਦ 'ਤੇ ਅੜੇ ਪੱਤਰਕਾਰ ਸਵੇਰ ਤੋਂ ਹੀ ਘਰ ਦੇ ਬਹਰ ਇਸ ਕੋਸ਼ਿਸ਼ 'ਚ ਲੱਗੇ ਸਨ ਕਿ ਜੇਲ ਤੋਂ ਛੁੱਟਣ ਤੋਂ ਬਾਅਦ ਸ਼ਾਇਦ ਤਲਵਾਰ ਪ੍ਰਵਾਰ ਅਪਣੇ ਘਰ ਵਾਪਸ ਪਰਤੇ। ਪੱਤਰਕਾਰਾਂ ਦੇ ਘਰ ਅੰਦਰ ਤਸਵੀਰਾਂ ਲੈਣ ਦੀ ਇਜਾਜ਼ਤ ਮੰਗਣ ਲਈ ਕਦੇ ਕਦੇ ਮਕਾਨ ਦੀ ਘੰਟੀ ਵਜਦੀ ਰਹੀ ਪਰ ਦਰਵਾਜ਼ਾ ਨਹੀਂ ਖੁਲ੍ਹਿਆ।
ਪੱਤਰਕਾਰਾਂ ਦੀ ਮੌਜੂਦਗੀ ਨਾਲ ਉਥੋਂ ਦੇ ਵਾਸੀ ਨਾਰਾਜ਼ ਨਜ਼ਰ ਆਏ ਜਿਨ੍ਹਾਂ ਨੂੰ ਸਾਲ 2008 ਦੀ ਘਟਨਾ ਯਾਦ ਆ ਗਈ ਜਦੋਂ ਆਰੂਸ਼ੀ ਅਤੇ ਹੇਮਰਾਜ ਮ੍ਰਿਤਕ ਮਿਲੇ ਸਨ। ਕੁੱਝ ਲੋਕਾਂ ਨੇ ਨਾਰਾਜ਼ਗੀ ਪ੍ਰਗਟਾਉਣ ਲਈ ਕੈਮਰੇ ਹਟਾਉਣ ਨੂੰ ਕਹਿ ਦਿਤਾ।ਮੁਹੱਲੇ ਦੇ ਸੁਰੱਖਿਆ ਗਾਰਡਾਂ ਨੇ ਦਸਿਆ ਕਿ ਜੇਲ ਤੋਂ ਛੁੱਟਣ ਤੋਂ ਬਾਅਦ ਤਲਵਾਰ ਜੋੜਾਸ਼ਾਇਦ ਨੁਪੁਰ ਤਲਵਾਰ ਦੇ ਪਿਤਾ ਦੇ ਘਰ ਰਹਿਣ ਜਾਵੇਗਾ ਜੋ ਇਥੋਂ ਕੁੱਝ ਹੀ ਦੂਰੀ 'ਤੇ ਰਹਿੰਦੇ ਹਨ। ਅਜਿਹਾ ਇਸ ਲਈ ਕਿਉਂਕਿ ਤਲਵਾਰ ਜੋੜੇ ਦੇ ਘਰ 'ਚ ਫ਼ਿਲਹਾਲ ਕਿਰਾਏਦਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ 2013 'ਚ ਗ੍ਰਿਫ਼ਤਾਰ ਤੋਂ ਪਹਿਲਾਂ ਤਲਵਾਰ ਜੋੜਾ ਦਿੱਲੀ ਦੇ ਹੌਜ਼ ਖ਼ਾਸ 'ਚ ਰਹਿ ਰਹੇ ਸਨ। (ਪੀਟੀਆਈ)