ਨਵੀਂ ਦਿੱਲੀ, 24 ਨਵੰਬਰ: ਰਾਸ਼ਟਰੀ ਰਾਜਧਾਨੀ ਦੇ ਪ੍ਰਚੂਨ ਬਾਜ਼ਾਰ 'ਚ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿੱਲੋ ਦੀ ਉਚਾਈ ਤਕ ਪਹੁੰਚ ਗਈ ਹੈ। ਸਪਲਾਈ 'ਚ ਕਮੀ ਨਾਲ ਟਮਾਟਰ ਦੀਆਂ ਕੀਮਤਾਂ ਵੱਧ ਰਹੀਆਂ ਹਨ। ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਟਮਾਟਰ ਦੀਆਂ ਕੀਮਤਾਂ ਵੱਧ ਚੁੱਕੀਆਂ ਹਨ।ਕਾਰੋਬਾਰੀ ਅੰਕੜਿਆਂ ਅਨੁਸਾਰ ਪ੍ਰਮੁੱਖ ਉਤਪਾਦਕ ਸੂਬੇ ਕਰਨਾਟਕ ਦੇ ਬੰਗਲੌਰ 'ਚ ਟਮਾਟਰ ਦੀ ਪ੍ਰਚੂਨ ਕੀਮਤ 45 ਤੋਂ 50 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈਹੈ। ਮਿਜ਼ੋਰਮ ਦੇ ਏਜਲ 'ਚ ਇਹ 95 ਤੋਂ 100 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਆਜ਼ਾਦਪੁਰ ਮੰਡੀ ਦੇ ਟਮਾਟਰ ਵਪਾਰੀ ਸੰਘ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਨੇ ਕਿਹਾ ਕਿ ਕਰਨਾਟਕ ਅਤੇ ਮੱਧ ਪ੍ਰਦੇਸ਼ 'ਚ ਪਏ ਮੀਂਹ ਕਰ ਕੇ ਟਮਾਟਰ ਦੀ ਆਮਦ 'ਚ ਕਮੀ ਹੋਈ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ 'ਚ ਟਮਾਟਰ ਦੀ 90 ਫ਼ੀ ਸਦੀ ਫ਼ਸਲ ਖ਼ਰਾਬ ਹੋ ਗਈ ਹੈ। ਕਿਸਾਨਾਂ ਨੇ ਫਿਰ ਤੋਂ ਬਿਜਾਈ ਕੀਤੀ ਹੈ। ਇਸ ਫ਼ਸਲ ਨੂੰ ਆਉਣ 'ਚ 15 ਤੋਂ 20 ਦਿਨ ਲੱਗਣਗੇ। ਇਕ ਸਾਲ ਪਹਿਲਾਂ ਇਸੇ ਸਮੇਂ ਟਮਾਟਰ ਦੀ ਕੀਮਤ 30 ਤੋਂ 35 ਰੁਪਏ ਕਿੱਲੋ ਸੀ। ਕੌਸ਼ਿਕ ਦਾ ਕਹਿਣਾ ਹੈ ਕਿ ਦਿੱਲੀ 'ਚ ਇਸ ਸਮੇਂ ਟਮਾਟਰ ਦੀ ਸਪਲਾਈ ਕਰੀਬ 25 ਫ਼ੀ ਸਦੀ ਘੱਟ ਹੈ। (ਪੀਟੀਆਈ)