
ਭਜਾਉਣ ਵਾਲੇ ਨੌਜਵਾਨ ਵਿਰੁਧ ਲਾਏ ਨਸ਼ਾ ਕਰ ਕੇ ਬਲਾਤਕਾਰ ਦੇ ਦੋਸ਼
ਮੋਹਾਲੀ ਦੇ ਪਿੰਡ ਤੋਂ ਕਰੀਬ ਦੋ ਮਹੀਨੇ ਪਹਿਲਾਂ ਲਾਪਤਾ ਹੋਈ ਨਾਬਾਲਿਗ ਲੜਕੀ ਪਰਿਵਾਰ ਵਿੱਚ ਮੁੜ ਆਈ ਹੈ ਜਿਸ ਨੇ ਉਸ ਨੌਜਵਾਨ 'ਤੇ ਨਸ਼ਾ ਕਰ ਕੇ ਜਬਰ ਜਿਨਹਾ ਕਰਨ ਦਾ ਦੋਸ਼ ਲਾਇਆ ਹੈ ਜੋ ਉਸ ਨੂੰ ਭੱਜਾ ਕੇ ਲੈ ਗਿਆ ਸੀ। ਇਹ ਨਾਬਾਲਿਗ ਲੜਕੀ ਕਰੀਬ ਦੋ ਮਹੀਨੇ ਪਹਿਲਾਂ ਘਰ ਤੋਂ ਅਚਾਨਕ ਲਾਪਤਾ ਹੋ ਗਈ ਸੀ। ਲਾਪਤਾ ਲੜਕੀ ਦੇ ਨਾ ਮਿਲਣ 'ਤੇ ਉਸ ਦੇ ਪਰਿਵਾਰ ਦੇ ਬਿਆਨਾਂ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁਧ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਸੀ। ਪਰ ਹੈਰਤ ਦੀ ਗੱਲ ਤਾਂ ਇਹ ਹੈ ਕਿ ਦੋ ਮਹੀਨੇ ਪਹਿਲਾਂ ਜਿਸ ਸ਼ਖਸ 'ਤੇ ਉਸ ਦੇ ਪਰਿਵਾਰ ਨੇ ਲੜਕੀ ਨੂੰ ਵਰਗਲਾ ਕੇ ਲੈ ਜਾਣ ਦਾ ਸ਼ੱਕ ਜਤਾਇਆ ਸੀ ਆਖਰ ਨਾਬਾਲਿਗ ਲੜਕੀ ਉਸ ਤੋਂ ਹੀ ਬ੍ਰਾਮਦ ਹੋਈ ।
ਜੇਕਰ ਉਸ ਵੇਲੇ ਪਰਿਵਾਰ ਦੀ ਗੱਲ ਮੰਨ ਕੇ ਪੁਲਿਸ ਨੇ ਥੋੜੀ ਮੁਸਤੈਦੀ ਵਖਾਈ ਹੁੰਦੀ ਤਾਂ ਅੱਜ ਲੜਕੀ ਦੀ ਇਹ ਹਾਲਤ ਨਹੀਂ ਸੀ ਹੋਣੀ। ਉੱਥੇ ਥਾਣਾ ਫੇਜ਼-1 ਪੁਲਿਸ ਨੇ ਸਿਵਲ ਹਸਪਤਾਲ ਫੇਜ਼-1 ਲੈ ਜਾ ਕੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਹੈ। ਜਿਸ ਦੀ ਰਿਪੋਰਟ ਆਣ ਤੋਂ ਬਾਅਦ ਕੇਸ ਵਿੱਚ ਜਬਰ ਜਿਨਾਹ ਦੀ ਧਾਰਾ ਵੀ ਜੋੜੀ ਜਾਏਗੀ। ਇਸ ਤੋਂ ਇਲਾਵਾ ਲੜਕੀ ਦੇ 164 ਦੇ ਬਿਆਨ ਦਰਜ ਕਰਵਾਉਣ ਲਈ ਬੱਚੀ ਨੂੰ ਕੋਰਟ ਲੈ ਜਾਇਆ ਗਿਆ ਸੀ ਪਰ ਕੋਰਟ ਦਾ ਸਮਾਂ ਪੂਰਾ ਹੋਣ ਕਰਕੇ ਲੜਕੀ ਦੇ ਬਿਆਨ ਦਰਜ ਨਹੀਂ ਹੋ ਸਕੇ। ਇਸ ਲਈ ਹੁਣ ਵੀਰਵਾਰ ਨੂੰ ਲੜਕੀ ਨੂੰ ਅਦਾਲਤ ਵਿੱਚ ਬਿਆਨ ਦਰਜ ਕਰਨ ਲਈ ਲੈ ਕੇ ਜਾਇਆ ਜਾਏਗਾ। ਇਹ ਲੜਕੀ ਦੋ ਮਹੀਨੇ ਤੋਂ ਰਵਿ ਨਾਂ ਦੇ ਲੜਕੇ ਨਾਲ ਖਰੜ ਵਿਖੇ ਰਹਿ ਰਹੀ ਸੀ ਜਿਸ ਨੇ ਅੱਜ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਕਿ ਉਹ ਖਰੜ ਵਿੱਚ ਹੈ ਅਤੇ ਰਵਿ ਉਸ ਨਾਲ ਨਸ਼ਾ ਕਰਕੇ ਜਬਰ ਜਿਨਾਹ ਕਰਦਾ ਹੈ ਅਤੇ ਹੁਣ ਦੂਜੀ ਲੜਕੀ ਨਾਲ ਵਿਆਹ ਕਰਵਾਉਣ ਦੀ ਗੱਲ ਕਰ ਰਿਹਾ ਹੈ 'ਤੇ ਉਸ ਨੂੰ ਕਿਰਾਏ ਦੇ ਮਕਾਨ 'ਚ ਰੱਖਣ ਬਾਰੇ ਕਹਿ ਰਿਹਾ ਹੈ। ਜਿਸ ਤੋਂ ਪੀੜਤ ਲੜਕੀ ਦਾ ਪਿਤਾ ਉਸ ਨੂੰ ਖਰੜ ਤੋਂ ਜਾ ਕੇ ਲੈ ਆਇਆ ਅਤੇ ਪੁਲਿਸ ਥਾਣੇ ਲੜਕੀ ਨੂੰ ਪੇਸ਼ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਰਵਿ ਨੂੰ ਗ੍ਰਿਫਤਾਰ ਕਰ ਲਿਆ।