
ਚੰਡੀਗੜ੍ਹ, 9 ਅਕਤੂਬਰ (ਨੀਲ ਭਲਿੰਦਰ ਸਿੰਘ): ਬਲਾਤਕਾਰ ਦੇ ਦੋਸ਼ਾਂ 'ਚ ਸਜ਼ਾ ਯਾਫ਼ਤਾ ਸੌਦਾ ਸਾਧ ਰਾਮ ਰਹੀਮ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਫ਼ਰਿਆਦ ਕੀਤੀ ਹੈ ਕਿ ਦੁਨੀਆਂ ਤਿਆਗ਼ ਚੁਕਾ ਹੈ ਤੇ ਉਸ ਕੋਲ ਬਲਾਤਕਾਰ ਪੀੜਤਾਂ ਨੂੰ ਅਦਾਲਤ ਵਲੋਂ ਉਸ ਨੂੰ ਲਾਇਆ ਤੀਹ ਲੱਖ ਰੁਪਏ ਜੁਰਮਾਨਾ ਅਦਾ ਕਰਨ ਲਈ ਪੈਸਾ ਨਹੀਂ ਹੈ। ਹਾਈ ਕੋਰਟ ਨੇ ਬਲਾਤਕਾਰ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ ਵਿਰੁਧ ਸੌਦਾ ਸਾਧ ਅਤੇ ਸਾਧ ਨੂੰ ਉਮਰ ਕੈਦ ਦੀ ਸਜ਼ਾ ਦੀ ਮੰਗ ਕਰਨ ਵਾਲੀਆਂ ਦੋ ਬਲਾਤਕਾਰ ਪੀੜਤਾਂ ਦੀਆਂ ਵਖੋ ਵੱਖ ਅਪੀਲਾਂ ਅੱਜ ਵਿਚਾਰ ਅਧੀਨ ਸਵੀਕਾਰ ਕਰ ਲਈਆਂ। ਇਹ ਮਾਮਲਾ
ਅੱਜ ਜਦੋਂ ਸੁਣਵਾਈ ਲਈ ਆਇਆ ਤਾਂ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਸੁਧੀਰ ਮਿੱਤਲ 'ਤੇ ਆਧਾਰਤ ਡਵੀਜ਼ਨ ਬੈਂਚ ਨੇ ਸੌਦਾ ਸਾਧ ਦੇ ਵਕੀਲ ਨੂੰ ਜੁਰਮਾਨੇ ਦੇ ਤੌਰ ਉੱਤੇ 30 ਲੱਖ ਰੁਪਏ ਦੋ ਮਹੀਨੇ ਦੇ ਅੰਦਰ ਬੈਂਕ ਵਿਚ ਜਮ੍ਹਾਂ ਕਰਨ ਦੇ ਨਿਰਦੇਸ਼ ਦਿਤੇ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੌਦਾ ਸਾਧ ਨੂੰਇਹ ਜੁਰਮਾਨਾ ਲਗਾਇਆ ਸੀ। ਬੈਂਚ ਨੇ ਇਨ੍ਹਾਂ ਦੋਵਾਂ ਅਪੀਲਾਂ ਤਹਿਤ ਸੀਬੀਆਈ ਨੂੰ ਨੋਟਿਸ ਵੀ ਜਾਰੀ ਕਰ ਦਿਤੇ ਹਨ। ਉਧਰ ਜੁਰਮਾਨੇ ਬਾਰੇ ਬੈਂਚ ਕੋਲ ਅਪਣਾ ਪੱਖ ਰਖਦੇ ਹੋਏ ਸੌਦਾ ਸਾਧ ਦੇ ਵਕੀਲ ਨੇ ਕਿਹਾ ਕਿ ਡੇਰੇ ਦੀ ਜਾਇਦਾਦ ਵੀ ਅਟੈਚ ਕੀਤੀ ਜਾ ਚੁਕੀ ਹੈ ਤੇ ਉਹ ਜੁਰਮਾਨਾ ਨਹੀਂ ਅਦਾ ਕਰ ਸਕਦੇ।