
ਚੰਡੀਗਡ਼੍ਹ: ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਐਨਕਾਊਂਟਰ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਰਾਜਸਥਾਨ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਵਿਕਰਮ ਬਰਾਡ਼ ਨੇ ਕਿਸੇ ਚੈਨਲ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ, “ਅਸੀਂ ਰਾਜਸਥਾਨ ਪੁਲਿਸ ਨੂੰ ਹਥਿਆਰ ਸੀਜ਼ ਕਰਵਾ ਦਿੱਤੇ ਹਨ। ਹੋਰ ਵੀ ਹਰ ਲੋਡ਼ੀਂਦੇ ਤੱਥ ਤੇ ਬਿਆਨ ਪੁਲਿਸ ਕੋਲ ਦਰਜ ਕਰਵਾ ਦਿੱਤੇ ਹਨ।”
ਉਨ੍ਹਾਂ ਕਿਹਾ, “ਅਸੀਂ ਆਪਣੇ ਸਟੈਂਡ ‘ਤੇ ਕਾਇਮ ਹਾਂ ਤੇ ਐਨਕਾਊਂਟਰ ਬਿਲਕੁਲ ਸੱਚਾ ਹੈ।” ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵੱਲੋਂ ਸਾਡੇ ‘ਤੇ ਗੋਲੀ ਚਲਾਈ ਗਈ ਸੀ। ਇਸੇ ਕਰਕੇ ਅਸੀਂ ਗੋਲੀ ਚਲਾਈ ਹੈ।
ਕਿਸੇ ਚੈਨਲ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਵਿਕਰਮ ਬਰਾਡ਼ ਨੇ ਕਿਹਾ ਸੀ, “ਮੈਂ ਕਾਫੀ ਸਮੇਂ ਤੋਂ ਇਸੇ ਕੰਮ ‘ਤੇ ਲੱਗਿਆ ਹੋਇਆ ਸੀ। ਹੋਰ ਵੀ 7-8 ਟੀਮਾਂ ਇਨ੍ਹਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਲੱਗੀਆਂ ਹੋਈਆਂ ਸਨ। ਸਾਡੀ ਟੀਮ ਨੇ ਇੱਕ ਨਾਕੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਦੋ ਵਿਦਿਆਰਥੀ ਅਮਨਦੀਪ ਸਿੰਘ ਚੀਮਾ ਤੇ ਹਰਨਾਮ ਸਿੰਘ ਵਿਰਕ ਗ੍ਰਿਫ਼ਤਾਰ ਕੀਤੇ। ਇਨ੍ਹਾਂ ਕੋਲ ਡਰੱਗ ਸੀ।
ਪੁੱਛਗਿੱਛ ਵਿੱਚ ਇਨ੍ਹਾਂ ਕਈ ਵੱਡੇ ਖ਼ੁਲਾਸੇ ਕੀਤੇ। ਇੱਥੋਂ ਹੀ ਸਾਨੂੰ ਗੈਂਗਸਟਰਾਂ ਲਈ ਲੋਡ਼ੀਂਦੇ ਸੋਰਸ ਮਿਲੇ। ਅਸੀਂ ਜਾਂਚ ਅੱਗੇ ਵਧਾਈ ਤਾਂ ਗੈਂਗਸਟਰ ਦੀ ਸਰਗਰਮੀ ਪਤਾ ਲੱਗਣ ਲੱਗੀ। ਕਈ ਹੋਰ ਥਾਵਾਂ ‘ਤੇ ਵੀ ਅਸੀਂ ਇਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਇਹ ਬਚ ਕੇ ਨਿਕਲਦੇ ਰਹੇ। ਫੇਰ ਸਾਡੇ ਸੋਰਸ ਹੋਰ ਮਜ਼ਬੂਤ ਹੋਏ।
ਅਸੀਂ ਇਨ੍ਹਾਂ ਦੇ ਨੇਡ਼ੇ ਪੁੱਜ ਗਏ। ਆਖਰੀ ਦਿਨਾਂ ਵਿੱਚ ਇਹ ਸਾਡੀ ਰਾਡਾਰ ‘ਤੇ ਸੀ। ਫੋਨ ਲੁਕੇਸ਼ਨ ਦਾ ਪਤਾ ਲੱਗ ਰਿਹਾ। ਜਿਸ ਦਿਨ ਐਨਕਾਊਂਟਰ ਹੋਇਆ ਅਸੀਂ ਇਨ੍ਹਾਂ ਨੂੰ ਪਹਿਲਾਂ ਹਥਿਆਰ ਸੁੱਟਣ ਲਈ ਕਿਹਾ ਸੀ। ਇਹ ਨਾ ਮੰਨੇ। ਸਾਡੇ ਤੇ ਗੋਲੀ ਚਲਾਈ ਤੇ ਸਾਡੇ ਜਵਾਬੀ ਹਮਲੇ ਵਿੱਚ ਇਹ ਮਾਰੇ ਗਏ।