
ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਬੈਠਕ ਵਿੱਚ 29 ਤਰ੍ਹਾਂ ਦੀਆਂ ਵਸਤੂਾਂ ਅਤੇ 53 ਤਰ੍ਹਾਂ ਦੀਆਂ ਸੇਵਾਵਾਂ ‘ਤੇ ਜੀ.ਐੱਸ.ਟੀ. ਦਰ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਜੀ.ਐੱਸ.ਟੀ. ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਕਰਨ ‘ਤੇ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਨਾਲ ਆਉਂਦੇ ਦਿਨਾਂ ‘ਚ ਛੋਟੇ ਕਾਰੋਬਾਰੀਆਂ ਨੂੰ ਰਾਹਤ ਮਿਲਣ ਦੀ ਆਸ ਹੈ।
ਇਨ੍ਹਾਂ ਚੀਜ਼ਾਂ ‘ਤੇ ਟੈਕਸ ਘਟਿਆ-
20 ਲੀਟਰ ਵਾਲੀ ਪਾਣੀ ਦੀ ਬੋਤਲ (ਕੈਨ),
ਟੌਫੀਜ਼,
ਬਾਇਓ ਡੀਜ਼ਲ,
ਜੈਵਿਕ ਖਾਦ,
ਡ੍ਰਿੱਪ ਸਿੰਜਾਈ,
ਖੇਤੀ ਵਿੱਚ ਵਰਤੇ ਜਾਣ ਵਾਲੇ ਔਜ਼ਾਰ
ਹੈਂਡੀਕ੍ਰਾਫਟਸ
ਇਸ ਤੋਂ ਇਲਾਵਾ ਮਹਿੰਦੀ, ਨਿੱਜੀ ਕੰਪਨੀਆਂ ਦੀ ਰਸੋਈ ਗੈਸ ‘ਤੇ ਵੀ ਜੀ.ਐੱਸ.ਟੀ. 18 ਦੀ ਥਾਂ 5 ਫ਼ੀ ਸਦੀ ਕਰ ਦਿੱਤੀ ਗਈ। ਐਂਬੂਲੈਂਸ ‘ਤੇ ਪਹਿਲਾਂ 15 ਫ਼ੀ ਸਦੀ ਜੀ.ਐੱਸ.ਟੀ. ਦੀ ਦਰ ਸੀ ਹੁਣ ਉਸ ਨੂੰ ਹਟਾ ਦਿੱਤਾ ਗਿਆ ਹੈ। ਬਾਇਓ ਗੈਸ ‘ਤੇ ਜੀ.ਐੱਸ.ਟੀ. 28 ਦੀ ਥਾਂ 18 ਫ਼ੀ ਸਦ ਕਰ ਦਿੱਤੀ ਗਈ ਹੈ।
ਸੂਚਨਾ ਦੇ ਅਧਿਕਾਰ ਤਹਿਤ ਦਿੱਤੇ ਜਾਣ ਵਾਲੇ ਅਧਿਕਾਰ ‘ਤੇ ਜੀ.ਐੱਸ.ਟੀ. ਨਹੀਂ ਲੱਗੇਗਾ। ਟੇਲਰਿੰਗ ‘ਤੇ ਜੀ.ਐੱਸ.ਟੀ. ਦੀ ਦਰ 18 ਦੀ ਥਾਂ 5 ਕਰ ਦਿੱਤੀ ਗਈ ਹੈ। ਥੀਮ ਪਾਰਕ, ਵਾਟਰ ਪਾਰਕ ਵਰਗੀਆਂ ਸੇਵਾਵਾਂ ‘ਤੇ ਹੁਣ 28 ਦੀ ਥਾਂ 18 ਫ਼ੀ ਸਦ ਜੀ.ਐੱਸ.ਟੀ. ਲੱਗੇਗਾ। ਇਹ ਦਰਾਂ 25 ਜਨਵਰੀ ਤੋਂ ਲਾਗੂ ਹੋਣਗੀਆਂ।
ਜੀ.ਐੱਸ.ਟੀ. ਕੌਂਸਲ ਦੀ ਬੈਠਕ ਵਿੱਚ ਰਿਟਰਨ ਦੇ ਪ੍ਰੋਸੈਸ ਨੂੰ ਹੀ ਅਸਾਨ ਕਰਨ ‘ਤੇ ਸਹਿਮਤੀ ਬਣੀ। ਹੁਣ ਤਿੰਨ ਦੀ ਥਾਂ ਸਿਰਫ ਇਕ ਰਿਟਰਨ ਫਾਰਮ ਹੋਵੇਗਾ। ਇਸ ਬਾਰੇ ਆਖਰੀ ਫੈਸਲਾ ਅਗਲੀ ਮੀਟਿੰਗ ਵਿੱਚ ਹੋਵੇਗਾ।