ਸ੍ਰੀਨਗਰ, 11 ਅਕਤੂਬਰ: ਕਸ਼ਮੀਰ 'ਚ ਔਰਤਾਂ ਦੀ ਗੁੱਤ ਦੇ ਵਾਲ ਕੱਟਣ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ 'ਚ ਅੱਜ ਬਟਮਾਲੂ ਖੇਤਰ 'ਚ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਵਿਵਸਥਾ ਸੰਭਾਲਣ ਵਾਲੀਆਂ ਏਜੰਸੀਆਂ ਉਤੇ ਪੱਥਰਬਾਜ਼ੀ ਕੀਤੀ। ਪੁਲਿਸ ਸੂਤਰਾਂ ਨੇ ਕਿਹਾ ਕਿ ਬਟਮਾਲੂ ਖੇਤਰ ਦੇ ਲੋਕਾਂ ਨੇ ਅੱਜ ਸਵੇਰੇ ਇਲਾਕੇ 'ਚ ਇਕ ਗੁੱਤ ਕੱਟਣ ਦੀ ਤਾਜ਼ਾ ਘਟਨਾ ਦੇ ਮੁਲਜ਼ਮਾਂ ਵਿਰੁਧ ਪੁਲਿਸ ਦੀ ਕਥਿਤ ਸੁਸਤੀ ਨੂੰ ਲੈ ਕੇ ਇਕ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਉਸ ਸਮੇਂ ਹਿੰਸਕ ਹੋ ਗਏ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਤਿਤਰ-ਬਿਤਰ ਕਰਨ ਲਈ ਕਾਰਵਾਈ ਸ਼ੁਰੂ ਕੀਤੀ। ਇਸ 'ਤੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਉਤੇ ਪੱਥਰ ਸੁਟਣੇ ਸ਼ੁਰੂ ਕਰ ਦਿਤੇ ਹਾਲਾਂਕਿ ਪ੍ਰਦਰਸ਼ਨਕਾਰੀਆਂ ਨੂੰ ਭਜਾ ਦਿਤਾ ਗਿਆ। ਤਾਜ਼ਾ ਘਟਨਾ ਦੇ ਵਿਰੋਧ 'ਚ ਇਲਾਕੇ ਦਾ ਬਾਜ਼ਾਰ ਬੰਦ ਹੋ ਗਿਆ।

ਵਾਲ ਕੱਟਣ ਦੀਆਂ ਘਟਨਾਵਾਂ ਨੇ ਕਸ਼ਮੀਰਵਾਸੀਆਂ ਅਤੇ ਵਿਸ਼ੇਸ਼ ਕਰ ਕੇ ਔਰਤਾਂ ਵਿਚਕਾਰ ਇਕ ਡਰ ਦੀ ਭਾਵਨਾ ਪੈਦਾ ਕਰ ਦਿਤੀ ਹੈ ਕਿਉਂਕਿ ਅਪਰਾਧੀ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉੜੀ ਦੇ ਬਾਂਦੀ ਇਲਾਕਿਆਂ 'ਚ ਅੱਜ ਇਕ ਹੋਰ ਗੁੱਤ ਕੱਟਣ ਦਾ ਮਾਮਲਾ ਦਰਜ ਕੀਤਾ ਗਿਆ ਜਿਸ 'ਚ ਇਕ 18 ਸਾਲ ਦੀ ਕੁੜੀ ਦੀ ਗੁੱਤ ਕੱਟੀ ਹੋਈ ਮਿਲੀ ਜਦੋਂ ਉਹ ਕੁੱਝ ਹੀ ਘੰਟੇ ਪਹਿਲਾਂ ਅਪਣੇ ਘਰ ਤੋਂ ਬਾਹਰ ਪਖ਼ਾਨੇ ਲਈ ਨਿਕਲੀ ਸੀ। ਹਾਲਾਂਕਿ ਪੁਲਿਸ ਨੇ ਜਾਂਚ ਟੀਮਾਂ ਦਾ ਗਠਨ ਕੀਤਾ ਹੈ ਪਰ ਪੁਲਿਸ ਅਜੇ ਤਕ ਅਪਰਾਧੀਆਂ ਨੂੰ ਫੜਨ 'ਚ ਨਾਕਾਮ ਰਹੀ ਹੈ। ਕਸ਼ਮੀਰ ਵਾਦੀ 'ਚ ਹੁਣ ਤਕ 60 ਤੋਂ ਵੀ ਜ਼ਿਆਦਾ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿਤਾ ਜਾ ਚੁੱਕਾ ਹੈ। (ਪੀਟੀਆਈ)
end-of