
ਚੰਡੀਗੜ੍ਹ, 11 ਜਨਵਰੀ (ਨੀਲ ਭਲਿੰਦਰ ਸਿਂੰਘ): ਵਰਣਿਕਾ ਕੁੰਡੂ ਛੇੜਛਾੜ ਮਾਮਲੇ ਦੇ ਕਥਿਤ ਦੋਸ਼ੀ ਵਿਕਾਸ ਬਰਾਲਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਵਿਕਾਸ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦਾ ਪੁੱਤਰ ਹੈ। ਉਸ ਨੂੰ ਹਰਿਆਣਾ ਦੇ ਹੀ ਇਕ ਆਈਏਐਸ ਅਧਿਕਾਰੀ ਦੀ ਧੀ ਵਰਣਿਕਾ ਕੁੰਡੂ ਦੀ ਧੀ ਦੀ ਕਾਰ ਦਾ ਦੇਰ ਰਾਤ ਪਿੱਛਾ ਕਰਦੇ ਹੋਏ ਰੋਕ ਕੇ ਛੇੜਛਾੜ ਕਰਨ ਦਾ ਦੋਸ਼ ਹੈ। ਇਹ ਘਟਨਾ ਲੰਘੀ 5 ਅਗੱਸਤ ਨੂੰ ਵਾਪਰੀ ਸੀ ਅਤੇ ਮਾਮਲੇ ਦੇ ਗਰਮਾਉਣ ਮਗਰੋਂ ਉਸ ਨੂੰ 9 ਅਗੱਸਤ ਨੂੰ ਗ੍ਰਿਫ਼ਤ²ਾਰ ਕੀਤਾ ਸੀ। ਉਹ ਉਦੋਂ ਤੋਂ ਹੀ ਜੇਲ ਵਿਚ ਸੀ। ਵਿਕਾਸ ਹੁਣ ਕਰੀਬ ਪੰਜ ਮਹੀਨੇ ਬਾਅਦ ਜੇਲ 'ਚੋਂ ਬਾਹਰ ਆਵੇਗਾ । ਇਸ ਤੋਂ ਪਹਿਲਾਂ ਵਿਕਾਸ ਬਰਾਲਾ ਦੀ ਜ਼ਮਾਨਤ ਅਰਜ਼ੀ ਜ਼ਿਲ੍ਹਾ ਅਦਾਲਤ ਵਿਚ ਕਈ ਵਾਰ ਖ਼ਾਰਜ ਹੋ ਗਈ ਸੀ ਅਤੇ ਜਿਸ ਮਗਰੋਂ ਉਸ ਨੇ ਹਾਈ ਕੋਰਟ ਵਿਚ ਇਹ ਅਰਜ਼ੀ ਦਿਤੀ ਸੀ। ਵਰਣਿਕਾ ਕੁੰਡੂ ਹਰਿਆਣਾ ਦੇ ਆਈਏਐਸ ਅਫ਼ਸਰ ਵੀ ਐਸ ਕੁੰਡੂ ਦੀ ਧੀ ਹੈ। ਹਾਈ ਕੋਰਟ ਵਿਚ ਬਹਿਸ ਦੌਰਾਨ ਵਰਣਿਕਾ ਕੁੰਡੂ ਦੇ ਵਕੀਲ ਨੇ ਕਿਹਾ ਕਿ ਜਾਚਕ ਵਿਕਾਸ ਬਰਾਲਾ ਪ੍ਰਭਾਵਸ਼ਾਲੀ ਹੈ ਅਤੇ ਮਾਮਲੇ ਨੂੰ ਪ੍ਰਭਾਵਤ ਕਰ ਸਕਦਾ ਹੈ। ਪਰ ਹਾਈ ਕੋਰਟ ਨੇ ਉਸ ਦੀ ਮੰਗ ਅਸਵੀਕਾਰ ਕਰਦੇ ਹੋਏ ਕਿਹਾ ਕਿ ਜੇਕਰ ਉਹਨੂੰ ਲੱਗੇ ਦੀ ਵਿਕਾਸ ਬਰਾਲਾ ਮਾਮਲੇ ਨੂੰ ਪ੍ਰਭਾਵਤ ਕਰ ਰਿਹਾ ਹੈ ਤਾਂ ਉਹ ਹਾਈ ਕੋਰਟ ਦੀ ਸ਼ਰਨ ਲੈ ਸਕਦੇ ਹਨ।
ਸੁਣਵਾਈ ਸ਼ੁਰੂ ਹੁੰਦੇ ਹੀ ਵਿਕਾਸ ਬਰਾਲਾ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਵਿਚ ਬਰਾਲਾ ਵਿਰੁਧ ਬਾਅਦ ਵਿਚ ਧਾਰਾ ਜੋੜ ਕਰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦਕਿ ਵਰਣਿਕਾ ਨੇ ਵੀ ਪਹਿਲਾਂ ਇਨ੍ਹਾਂ ਧਾਰਾਵਾਂ ਤਹਿਤ ਸ਼ਿਕਾਇਤ ਹੀ ਨਹੀਂ ਕੀਤੀ ਸੀ। ਇਹ ਮਾਮਲਾ ਪੂਰੀ ਤਰ੍ਹਾਂ ਨਾਲ ਬਾਅਦ ਵਿਚ ਘੜ ਕੇ ਤਿਆਰ ਕੀਤਾ ਹੈ। ਵਿਕਾਸ 9 ਅਗੱਸਤ ਤੋਂ ਜੇਲ ਵਿਚ ਹੈ। ਜਾਂਚ ਪੂਰੀ ਹੋ ਚੁੱਕੀ ਹੈ ਤਾਂ ਲਿਹਾਜਾ ਵਿਕਾਸ ਨੂੰ ਇਸ ਮਾਮਲੇ ਵਿਚ ਜ਼ਮਾਨਤ ਦਿਤੀ ਜਾਵੇ। ਦਸਣਯੋਗ ਹੈ ਕਿ ਇਸ ਮਾਮਲੇ ਵਿਚ ਦੂਜੇ ਦੋਸ਼ੀ ਅਸ਼ੀਸ਼ ਨੇ ਹਾਲੇ ਤਕ ਹਾਈ ਕੋਰਟ ਵਿਚ ਜ਼ਮਾਨਤ ਅਰਜ਼ੀ ਨਹੀਂ ਲਾਈ ਹੈ। ਵਿਕਾਸ ਉੱਤੇ ਇਲਜ਼ਾਮ ਹੈ ਕਿ 5 ਅਗੱਸਤ ਦੀ ਰਾਤ ਉਸ ਨੇ ਅਤੇ ਉਸ ਦੇ ਦੋਸਤ ਅਸ਼ੀਸ਼ ਨੇ ਅਪਣੀ ਕਾਰ ਰਾਹੀਂ ਵਰਣਿਕਾ ਕੁੰਡੂ ਦੀ ਕਾਰ ਦਾ ਪਿੱਛਾ ਕਰਦੇ ਹੋਏ ਹਾਊਸਿੰਗ ਬੋਰਡ ਚੌਕ ਉੱਤੇ ਉਸ ਦੀ ਕਾਰ ਰੁਕਵਾ ਲਈ ਸੀ।