
ਹੁਸ਼ਿਆਰਪੁਰ : ਗੜ੍ਹਦੀਵਾਲਾ ਦੀ ਦੁਸਹਿਰਾ ਗਰਾਊਂਡ ਨੇੜੇ ਬੁੱਧਵਾਰ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਅਮਰੀਕ ਸਿੰਘ ਦੀ ਹੱਤਿਆ ਕਰ ਦਿੱਤੀ। ਇਸ ਸਬੰਧੀ ਪੁਲਿਸ ਨੇ 9 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਜਦੋਂਕਿ 3 ਮੁਲਜ਼ਮਾਂ ਨੂੰ ਬੁੱਧਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ ਸੀ। ਅਮਰੀਕ ਸਿੰਘ ਦੀ ਇਹ ਹੱਤਿਆ ਗੈਂਗਵਾਰ ਦਾ ਨਤੀਜਾ ਹੈ।
ਉਥੇ ਹੀ ਪੁਲਿਸ ਨੂੰ ਲੱਗਭਗ ਪੌਣੇ 2 ਮਹੀਨੇ ਪਹਿਲਾਂ ਹੀ ਇਕ ਗੈਂਗ ਦੇ ਫੜੇ ਗਏ 8 ਮੈਂਬਰਾਂ ਤੋਂ ਇਹ ਜਾਣਕਾਰੀ ਮਿਲ ਗਈ ਸੀ ਕਿ ਸਤਨਾਮ ਸਿੰਘ ਬਿੱਟੂ ਦੇ ਵਿਰੋਧੀ ਧੜੇ ਵਿਚ ਇਕ ਹੱਤਿਆ ਕਰਨੀ ਹੈ ਅਤੇ ਉਸ ਦੇ ਲਈ ਸੌਦਾ ਹੋ ਚੁੱਕਾ ਹੈ। ਗੈਂਗਸਟਰ ਰਾਜਾ ਦੇ 8 ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਸੀ ਖੁਲਾਸਾ-ਅਕਤੂਬਰ ਮਹੀਨੇ ਵਿਚ ਪੁਲਿਸ ਨੇ ਜ਼ਿਲਾ ਜੇਲ ਸੰਗਰੂਰ ਵਿਚ ਬੰਦ ਗੈਂਗਸਟਰ ਰਾਜੀਵ ਕੁਮਾਰ ਉਰਫ ਰਾਜਾ ਪੁੱਤਰ ਰਾਮਪਾਲ ਨਿਵਾਸੀ ਮੁਹੱਲਾ ਤਾਜਗੰਜ ਲੁਧਿਆਣਾ ਦੇ ਗੈਂਗ ਦੇ 8 ਖਤਰਨਾਕ ਮੈਂਬਰਾਂ ਨੂੰ ਅਸਲੇ ਤੇ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਸੀ।
ਉਸ ਵੇਲੇ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਜਸਕਰਨ ਸਿੰਘ ਤੇ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਨੇ ਪ੍ਰੈੱਸ ਕਾਨਫਰੰਸ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਫੜੇ ਗਏ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਰਾਜਾ ਦੀ ਜੰਗ ਨਿਵਾਸੀ ਕੈਨੇਡਾ, ਜਯੋਤੀ, ਪ੍ਰਿੰਸ ਨਿਵਾਸੀ ਖੁਰਦਾ ਨਾਲ ਡੀਲ ਹੋਈ ਹੈ। ਰਾਜਾ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਸਤਨਾਮ ਸਿੰਘ ਬਿੱਟੂ, ਜਿਸ ਦੀ ਚੰਡੀਗੜ੍ਹ ਵਿਚ ਹੱਤਿਆ ਕਰ ਦਿੱਤੀ ਗਈ ਸੀ, ਦੇ ਵਿਰੋਧੀ ਧੜੇ ਦੇ ਮੈਂਬਰ ਦੀ ਹੱਤਿਆ ਲਈ 35 ਲੱਖ ਰੁਪਏ ਦੀ ਸੁਪਾਰੀ ਮਿਲਣੀ ਹੈ।
ਪਹਿਲੀ ਕਿਸ਼ਤ 10 ਲੱਖ ਰੁਪਏ ਲੈ ਲਈ ਗਈ ਸੀ। ਇਸ ਵਿਚੋਂ 7 ਲੱਖ ਰੁਪਏ ਰਾਜਾ ਦਾ ਕੋਈ ਆਦਮੀ ਲੈ ਗਿਆ ਸੀ।ਓਧਰ ਅਮਰੀਕ ਸਿੰਘ ਮੀਕਾ ਦੇ ਵੱਡੇ ਭਰਾ ਤਰਲੋਕ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਤੱਕ ਪੁਲਸ ਪ੍ਰਸ਼ਾਸਨ ਅਮਰੀਕ ਸਿੰਘ ਕਤਲਕਾਂਡ ਦੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦਾ, ਤੱਦ ਤੱਕ ਉਹ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।