
ਐਸ ਏ ਐਸ ਨਗਰ, 29 ਦਸੰਬਰ (ਗੁਰਮੁਖ ਵਾਲੀਆ) : ਫ਼ੇਜ਼-7 ਦੇ ਥਾਣਾ ਮਟੌਰ 'ਚ ਅੱਜ ਤੜਕੇ ਹਵਾਲਾਤ ਵਿਚ ਬੰਦ ਇਕ 30 ਸਾਲਾ ਨੌਜਵਾਨ ਦੇ ਮ੍ਰਿਤਕ ਹਾਲਤ ਵਿਚ ਪਾਏ ਜਾਣ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ ਅਤੇ ਪੁਲਿਸ ਫ਼ੋਰਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਸਬੰਧੀ ਥਾਣੇ ਦੇ ਸਟਾਫ਼ ਵਲੋਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਐਸ.ਐਸ.ਪੀ. ਵਲੋਂ ਇਸ ਮਾਮਲੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਨੂੰ ਵੀ ਦਿਤੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਦੀ ਨਿਆਂਇਕ ਜਾਂਚ ਆਰੰਭ ਕਰ ਦਿਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਪ੍ਰਵੀਨ ਕੁਮਾਰ ਨੂਰਪੁਰ ਬੇਦੀ (ਆਨੰਦਪੁਰ ਸਾਹਿਬ ) ਦਾ ਵਸਨੀਕ ਦਸਿਆ ਜਾ ਰਿਹਾ ਹੈ ਜਿਸ ਨੂੰ ਮਟੌਰ ਪੁਲਿਸ ਵਲੋਂ ਬੀਤੀ ਦੇਰ ਸ਼ਾਮ ਫ਼ੇਜ਼-7 ਵਿਚ ਇਕ ਨੌਜਵਾਨ ਮਨੋਜ ਕੁਮਾਰ ਨਾਲ ਝਗੜੇ ਦੇ ਮਾਮਲੇ ਵਿਚ ਫੜਿਆ ਗਿਆ ਸੀ। ਪਰਵੀਨ ਕੁਮਾਰ 'ਤੇ ਦੋਸ਼ ਸੀ ਕਿ ਉਸ ਨੇ ਲੜਾਈ ਦੌਰਾਨ ਮਨੋਜ ਕੁਮਾਰ 'ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿਤਾ ਸੀ ਜੋ ਪੀਜੀਆਈ ਵਿਚ ਜ਼ੇਰੇ ਇਲਾਜ ਹੈ।
ਦੂਜੇ ਪਾਸੇ ਪੁਲਿਸ ਦੇ ਦੱਸਣ ਅਨੁਸਾਰ ਰਾਤ ਵੇਲੇ ਸੱਭ ਕੁੱਝ ਠੀਕ-ਠਾਕ ਸੀ ਪਰ ਜਦੋਂ ਸਵੇਰੇ 5 ਵਜੇ ਦੇ ਕਰੀਬ ਜਦੋਂ ਹਵਾਲਾਤ ਵਿਚ ਦੇਖਿਆ ਤਾਂ ਉਕਤ ਨੌਜਵਾਨ ਨੇ ਰਜਾਈ ਦੇ ਗਿਲਾਫ ਦੇ ਕਪੜੇ ਦੀ ਰੱਸੀ ਬਣਾ ਕੇ ਫਾਹਾ ਲੈ ਲਿਆ ਸੀ। ਇਸ ਸਬੰਧੀ ਐਸ.ਐਸ.ਪੀ. ਮੁਹਾਲੀ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਸੈਸ਼ਨ ਜੱਜ ਨੂੰ ਜਾਣਕਾਰੀ ਦਿਤੇ ਜਾਣ ਤੋਂ ਜੱਜ ਜੂਡੀਸ਼ੀਅਲ ਮੈਜੀਸਟਰੇਟ ਹਰਪ੍ਰੀਤ ਸਿੰਘ ਨੇ ਥਾਣੇ ਵਿਚ ਪਹੁੰਚ ਕੇ ਜਾਂਚ ਨੂੰ ਆਰੰਭ ਕਰ ਦਿਤੀ। ਉਨ੍ਹਾਂ ਵਲੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਪੋਸਟਮਾਰਟਮ ਲਈ ਫ਼ੇਜ਼-6 ਦੇ ਸਿਵਲ ਹਸਪਤਾਲ ਵਿਚ ਭੇਜ ਦਿਤਾ ਗਿਆ।
ਜਿੱਥੇ ਜੱਜ ਤੇ ਮ੍ਰਿਤਕ ਦੇ ਭਰਾ ਅਤੇ ਹੋਰ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਤਿੰਨ ਡਾਕਟਰਾਂ ਦੇ ਪੈਨਲ ਵਿਚ ਮੌਜੂਦ ਡਾ. ਸੰਦੀਪ, ਡਾ. ਅਰਸ਼ਦੀਪ ਸਿੰਘ, ਡਾ. ਰੀਸ਼ੂ ਸਾਰੰਗਲ ਅਤੇ ਡਾ. ਅਮਨਦੀਪ ਸਿੰਘ ਨੇ ਮ੍ਰਿਤਕ ਦਾ ਪੋਸਟਮਾਰਟਮ ਕੀਤਾ। ਪਰਵਾਰਕ ਮੈਂਬਰਾਂ ਨੇ ਲਾਏ ਲਾਪਰਵਾਹੀ ਦੇ ਦੋਸ਼: ਮ੍ਰਿਤਕ ਦੇ ਭਰਾ ਪਰਮਿੰਦਰ ਕੁਮਾਰ ਉਰਫ਼ ਰਿੰਕੂ 'ਤੇ ਅਸ਼ਵਨੀ ਕੁਮਾਰ ਨੇ ਦਸਿਆ ਕਿ ਉਹ ਤਿੰਨ ਭਰਾ ਹਨ ਅਤੇ ਪਰਵੀਨ ਸੱਭ ਤੋਂ ਛੋਟਾ ਹੈ। ਉਨ੍ਹਾਂ ਦਸਿਆ ਕਿ ਜੇ ਪਰਵੀਨ ਨੂੰ ਪੁਲਿਸ ਨੇ ਕਸਟਡੀ ਵਿਚ ਰਖਿਆ ਸੀ ਤਾਂ ਉਸ ਦੀ ਜਾਨ ਮਾਲ ਦੀ ਜ਼ਿੰਮੇਵਾਰੀ ਵੀ ਪੁਲਿਸ ਦੀ ਬਣਦੀ ਸੀ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਕ ਵਿਅਕਤੀ ਪੁਲਿਸ ਦੀ ਕਸਟਡੀ ਵਿਚ ਆਤਮ ਹਤਿਆ ਕਰ ਲੈਂਦਾ ਹੈ ਅਤੇ ਪੁਲਿਸ ਨੂੰ ਉਸ ਦੀ ਮੌਤ ਦਾ ਪਤਾ ਸਵੇਰੇ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਰਾਤ ਮੌਜੂਦ ਮੁਲਾਜਮਾਂ ਨੇ ਇਕ ਵਾਰ ਵੀ ਉਸ ਨੂੰ ਚੈਕ ਨਹੀਂ ਕੀਤਾ। ਕਾਗ਼ਜ਼ ਪੜ੍ਹਾਏ ਬਿਨਾਂ ਕਰਵਾਏ ਦਸਤਖ਼ਤ : ਉਸ ਦੇ ਭਰਾ ਦਾ ਕਹਿਣਾ ਹੈ ਕਿ ਪੁਲਿਸ ਨੇ ਪੰਜਾਬੀ ਵਿਚ ਤਿੰਨ ਪੇਜ਼ਾਂ ਦੀ ਰੀਪੋਰਟ ਤਿਆਰ ਕੀਤੀ ਸੀ ਪਰ ਪੂਰੀ ਕਹਾਣੀ ਪੁਲਿਸ ਵਲੋਂ ਦੋ ਲਫ਼ਜ਼ੀ ਬਿਆਨਾਂ ਵਿਚ ਸੁਣਾਈ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਕੋਲੋਂ ਕਾਗ਼ਜ਼ਾਂ 'ਤੇ ਦਸਤਖ਼ਤ ਕਰਵਾ ਲਏ ਗਏ। ਪਰ ਉਨ੍ਹਾਂ ਨੂੰ ਕਾਗਜ਼ ਨਹੀਂ ਪੜ੍ਹਾਏ ਗਏ।