
ਸ਼ਿਮਲਾ, 9 ਨਵੰਬਰ : ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 68 ਸੀਟਾਂ ਲਈ ਅੱਜ ਵੋਟਾਂ ਪਈਆਂ। ਚੋਣ ਕਮਿਸ਼ਨ ਮੁਤਾਬਕ ਕੁਲ 74 ਫ਼ੀ ਸਦੀ ਮਤਦਾਨ ਹੋਇਆ ਹੈ। ਸੂਬੇ ਵਿਚ ਇਸ ਵਾਰ ਕੁਲ 29.88 ਲੱਖ ਵੋਟਰਾਂ ਨੇ ਅਪਣੇ ਹੱਕ ਦੀ ਵਰਤੋਂ ਕੀਤੀ। ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾਂ ਨੇ ਇਥੇ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ 'ਤੇ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤਕ ਵੋਟਾਂ ਪਈਆਂ। ਮਤਦਾਨ ਦੌਰਾਨ ਮਾਹੌਲ ਪੂਰਾ ਸ਼ਾਂਤਮਈ ਰਿਹਾ। ਸਕਸੈਨਾ ਨੇ ਕਿਹਾ ਕਿ ਸ਼ਾਮ ਪੰਜ ਵਜੇ ਮਤਦਾਨ ਖ਼ਤਮ ਹੋਣ ਤਕ 74 ਫ਼ੀ ਸਦੀ ਵੋਟਾਂ ਪਈਆਂ ਸਨ। ਲਗਭਗ 500 ਮਤਦਾਨ ਕੇਂਦਰਾਂ 'ਤੇ ਵੋਟਰਾਂ ਦੀਆਂ ਕਤਾਰਾਂ ਲਗੀਆਂ ਹੋਈਆਂ ਸਨ। 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ 73.51 ਫ਼ੀ ਸਦੀ ਮਤਦਾਨ ਹੋਇਆ ਸੀ ਜਦਕਿ ਸਾਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਰਾਜ ਦੇ 64.45 ਫ਼ੀ ਸਦੀ ਵੋਟਰਾਂ ਨੇ ਵੋਟਾਂ ਪਾਈਆਂ ਸਨ। ਉਨ੍ਹਾਂ ਦਸਿਆ ਕਿ ਕਿਤੇ ਵੀ ਹਿੰਸਕ ਘਟਨਾ ਵਾਪਰਨ ਦੀ ਰੀਪੋਰਟ ਨਹੀਂ ਮਿਲੀ।
ਸੰਸਾਰ ਦੇ ਸੱਭ ਤੋਂ ਉੱਚੇ ਪੋਲਿੰਗ ਬੂਥ ਹਿਕਿਮ ਵਿਚ 84 ਫ਼ੀ ਸਦੀ ਵੋਟਾਂ ਪਈਆਂ। 337 ਉਮੀਦਵਾਰਾਂ ਦਾ ਭਵਿੱਖ ਇਲੈਕਟ੍ਰਿਕ ਵੋਟਿੰਗ ਮਸ਼ੀਨ ਵਿਚ ਕੈਦ ਹੋ ਗਿਆ। ਹਮੀਰਪੁਰ ਵਿਚ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਅਤੇ ਮੌਜੂਦਾ ਮੁੱਖ ਮੰਤਰੀ ਵੀਰਭਦਰ ਸਿੰਘ ਨੇ ਵੀ ਵੋਟ ਦੇ ਹੱਕ ਦੀ ਵਰਤੋਂ ਕੀਤੀ। ਵੀਰਭਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ 60 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗੀ। ਦੇਸ਼ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਨੇ ਵੀ ਵੋਟ ਪਾਈ। ਪ੍ਰਸ਼ਾਸਨ ਨੇ ਉਸ ਲਈ ਰੈੱਡ ਕਾਰਪੇਟ ਵਿਛਾਇਆ ਹੋਇਆ ਸੀ ਜਿਸ 'ਤੇ ਚੱਲ ਕੇ ਉਹ ਪੋਲਿੰਗ ਬੂਥ ਤਕ ਆਇਆ। 101 ਸਾਲਾ ਨੇਗੀ ਕਿੰਨੌਰ ਜ਼ਿਲ੍ਹੇ ਦੇ ਕਲਪਾ ਪਿੰਡ ਦਾ ਹੈ। ਕੇਂਦਰੀ ਮੰਤਰੀ ਜੇਪੀ ਨੱਡਾ ਨੇ ਬਿਲਾਸਪੁਰ ਵਿਚ ਪਰਵਾਰ ਸਮੇਤ ਵੋਟ ਪਾਈ। (ਏਜੰਸੀ)