
ਗੁਰਦਵਾਰਾ ਸਿੰਘ ਸ਼ਹੀਦਾਂ ਵਿਖੇ ਇਲੈਕਟ੍ਰਾਨਿਕ ਮਸ਼ੀਨ ਸਥਾਪਤ
ਐਸ.ਏ.ਐਸ. ਨਗਰ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀ ਮੋਹਾਲੀ ਤਹਿਸੀਲ ਦੇ ਲੋਕਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਨੇ ਬਿਜਲੀ ਦੇ ਬਿਲਾਂ ਦੀ ਅਦਾਇਗੀ ਲਾਈਨਾਂ ਵਿਚ ਲੱਗ ਕੇ ਕਰਨ ਤੋਂ ਰਾਹਤ ਦਿਤੀ ਹੈ। ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਚੌਗਿਰਦੇ 'ਚ ਇਲੈਟ੍ਰਾਨਿਕ ਮਸ਼ੀਨ ਸਥਾਪਤ ਕੀਤੀ ਗਈ ਹੈ। ਇਸ ਮਸ਼ੀਨ ਰਾਹੀਂ ਹਫ਼ਤੇ ਵਿਚ ਕਿਸੇ ਵੀ ਦਿਨ ਸਵੇਰੇ 8.00 ਵਜੇ ਤੋਂ ਰਾਤ 8.00 ਵਜੇ ਤਕ ਕੋਈ ਵੀ ਵਿਅਕਤੀ ਅਪਣੇ ਬਿਜਲੀ ਦੇ ਬਿਲ ਦਾ ਭੁਗਤਾਨ ਕਰ ਸਕਦਾ ਹੈ। ਮਸ਼ੀਨ ਦੀ ਸ਼ੁਰੂਆਤ ਸਥਾਨਿਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੀਤੀ। ਉਨ੍ਹਾਂ ਨਾਲ ਉਚੇਚੇ ਤੌਰ 'ਤੇ ਇੱਥੇ ਪੁੱਜੇ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਵੀ ਮੌਜੂਦ ਸਨ। ਵਿਧਾਇਕ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਹਾਲੀ ਹਲਕੇ ਦੇ ਪਿੰਡ ਬਾਕਰਪੁਰ, ਮਨੌਲੀ, ਸਨੇਟਾ ਵਿਖੇ ਵੀ ਅਜਿਹੀਆਂ ਮਸ਼ੀਨਾਂ ਸਥਾਪਤ ਕਰਵਾਈਆਂ ਜਾਣਗੀਆਂ।
ਇਸ ਮੌਕੇ ਪਾਵਰਕੌਮ ਦੇ ਡਿਪਟੀ ਚੀਫ ਇੰਜੀਨਿਅਰ ਰਵਿੰਦਰ ਸਿੰਘ ਸੈਣੀ ਨੇ ਦਸਿਆ ਕਿ ਬਿਜਲੀ ਦੇ ਬਿਲ ਦੀ ਅਦਾਇਗੀ ਕਰਨ ਲਈ ਮਸ਼ੀਨ ਦੀ ਵਰਤੋਂ ਬਹੁਤ ਆਸਾਨ ਹੈ । ਕੋਈ ਵੀ ਖਪਤਕਾਰ ਮਸ਼ੀਨ ਦੀ ਸਕਰੀਨ ਨੁੰ ਕਿਤੇ ਵੀ ਛੂਹੇ ਤਾਂ ਸਕਰੀਨ ਤੇ ਦਿਖਾਈਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਉਪਰੰਤ ਆਪਣੇ ਬਿਲ ਦੀ ਰਕਮ 10 ਹਜ਼ਾਰ ਰੁਪਏ ਤਕ ਨਕਦ, ਚੈਕ ਜਾਂ ਡੀ.ਡੀ. ਰਾਹੀਂ ਜਮ੍ਹਾਂ ਕਰਵਾ ਸਕੇਗਾ। ਉਨ੍ਹਾਂ ਦਸਿਆ ਕਿ 10 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਦਾ ਕੇਵਲ ਚੈੱਕ ਜਾਂ ਡੀ.ਡੀ. ਹੀ ਪ੍ਰਵਾਨ ਹੋਵੇਗਾ।ਇਸ ਮੌਕੇ ਐਡੀਸ਼ਨਲ ਸੁਪਰਟੈਡੰਟ ਇੰਜੀਨੀਅਰ ਜ਼ੀਰਕਪੁਰ ਐਨ.ਐਸ. ਰੰਗੀ, ਐਸ.ਡੀ.ਓ ਸੁਹਾਣਾ ਸਬ ਡਵੀਜ਼ਨ ਹਰਭਜਨ ਸਿੰਘ, ਵਿਧਾਇਕ ਸਿੱਧੂ ਦੇ ਰਾਜਨੀਤਕ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੰਤ ਸਿੰਘ, ਗੁਰਦੇਵ ਸਿੰਘ, ਅਜੀਤ ਸਿੰਘ (ਦੋਵੇਂ ਮੈਂਬਰ), ਮੈਂਬਰ ਬਲਾਕ ਸੰਮਤੀ ਬੂਟਾ ਸਿੰਘ, ਹਰਜੀਤ ਸਿੰਘ ਪਲਾਲੀ, ਸੌਰਵ ਸ਼ਰਮਾ, ਸੁਕੁਮਾਰ ਸ਼ਰਮਾ, ਮਾਸਟਰ ਸੁਖਦੇਵ ਸਿੰਘ, ਕਰਮਜੀਤ ਸਿੰਘ, ਗੁਰਚਰਨ ਸਿੰਘ ਭਮਰਾ ਅਤੇ ਇਲਾਕੇ ਦੇ ਹੋਰ ਪਤਵੰਤੇ ਮੌਜੂਦ ਸਨ।