
ਜਲੰਧਰ: 15 ਸਤੰਬਰ ਤੋਂ ਬਾਅਦ ਹੁਣ ਡਰਾਈਵਿੰਗ ਲਾਈਸੈਂਸ ਅਤੇ ਆਰ. ਸੀ. ਆਨਲਾਈਨ ਹੀ ਬਣਨਗੇ। ਟਰਾਂਸਪੋਰਟ ਵਿਭਾਗ ਨੇ ਡਰਾਈਵਿੰਗ ਲਾਈਸੈਂਸ ਅਤੇ ਵਾਹਨ ਰਜਿਸਟਰੇਸ਼ਨ ਨਾਲ ਸੰਬੰਧਤ ਹੱਥੀਂ ਕਰਨ ਵਾਲੇ ਕੰਮ 15 ਸਤੰਬਰ ਤੱਕ ਬੰਦ ਕਰਨ ਦਾ ਫੈਸਲਾ ਲਿਆ ਹੈ। ਹੁਣ ਲੋਕਾਂ ਨੂੰ ਸਾਰੀਆਂ ਸੇਵਾਵਾਂ ਆਨਲਾਈਨ ਹੀ ਮਿਲਣਗੀਆਂ। ਜਾਣਕਾਰੀ ਮੁਤਾਬਿਲ ਹੱਥੀਂ ਦਿੱਤੀਆਂ ਗਈਆਂ ਐਪਲੀਕੇਸ਼ਨਾਂ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਅਜਿਹੇ 'ਚ ਏਜੰਟ ਰਾਜ ਖਤਮ ਹੋ ਜਾਵੇਗਾ ਅਤੇ ਭ੍ਰਿਸ਼ਟਾਚਾਰ 'ਤੇ ਵੀ ਰੋਕ ਲੱਗੇਗੀ। ਇਸ ਤਹਿਤ ਵਾਹਨ ਰਜਿਸਟਰੇਸ਼ਨ ਨਾਲ ਸੰਬੰਧਤ ਸੇਵਾਵਾਂ ਲਈ 'ਵਾਹਨ' ਅਤੇ ਡਰਾਈਵਿੰਗ ਲਾਈਸੈਂਸ ਨਾਲ ਸੰਬੰਧਤ ਸੇਵਾਵਾਂ ਲਈ 'ਸਾਰਥੀ' ਪੋਰਟਲ ਤਿਆਰ ਕੀਤਾ ਗਿਆ ਹੈ।
ਆਨਲਾਈਨ ਮਿਲੇਗਾ ਡਰਾਈਵਿੰਗ ਲਾਈਸੈਂਸ!
ਆਨਲਾਈਨ ਸਿਸਟਮ ਸ਼ੁਰੂ ਹੋਣ ਦੇ ਬਾਅਦ ਲੋਕਾਂ ਨੂੰ ਡਰਾਈਵਿੰਗ ਟੈਸਟ ਦੇਣ ਦੇ ਤੁਰੰਤ ਬਾਅਦ ਲਾਈਸੈਂਸ ਮਿਲ ਜਾਵੇਗਾ। ਉੱਥੇ ਹੀ, ਲਰਨਿੰਗ ਲਾਈਸੈਂਸ ਲਈ ਵੀ ਟੈਸਟ ਹੋਵੇਗਾ। ਇਸ ਲਈ ਤਕਰੀਬਨ 300 ਸਵਾਲ ਤਿਆਰ ਕੀਤੇ ਗਏ ਹਨ। ਅਰਜ਼ੀਦਾਤਾ ਨੂੰ 10 'ਚੋਂ 6 ਸਵਾਲਾਂ ਦੇ ਜਵਾਬ ਦੇਣੇ ਹੋਣਗੇ, ਇਹ ਸਵਾਲ ਟ੍ਰੈਫਿਕ ਨਿਯਮਾਂ ਅਤੇ ਚਿੰਨ੍ਹਾਂ ਨਾਲ ਸੰਬੰਧਤ ਹੋਣਗੇ। ਉੱਥੇ ਹੀ, ਵਾਹਨ ਡੀਲਰ ਵੀ ਇਸ ਸਾਫਟਵੇਅਰ ਨਾਲ ਜੁੜ ਚੁੱਕੇ ਹਨ। ਜਿਲ੍ਹੇ ਦੇ ਕਿਹੜੇ ਸ਼ੋਅਰੂਮ 'ਚ ਕਿੰਨੇ ਵਾਹਨ ਖੜ੍ਹੇ ਹਨ, ਉਨ੍ਹਾਂ ਦਾ ਚੈਸੀ ਨੰਬਰ ਕੀ ਹੈ, ਸਭ ਕੁੱਝ ਆਨਲਾਈਨ ਹੈ।
ਹੁਣ ਸ਼ੋਅਰੂਮ ਵਾਲੇ ਉਸੇ ਵਾਹਨ ਨੂੰ ਨੰਬਰ ਲਾ ਸਕਣਗੇ, ਜੋ ਕਿ ਸਾਫਟਵੇਅਰ ਮੁਤਾਬਿਕ ਉਨ੍ਹਾਂ ਕੋਲ ਮੌਜੂਦ ਹੈ। ਸਾਰੇ ਆਰ. ਟੀ. ਏ. ਦਫਤਰਾਂ ਨੂੰ ਇਹ ਸੇਵਾਵਾਂ 15 ਸਤੰਬਰ ਤੱਕ ਸ਼ੁਰੂ ਕਰਨੀਆਂ ਹੋਣਗੀਆਂ।
ਇਸ ਵੈੱਬਸਾਈਟ 'ਤੇ ਕਰਨਾ ਹੋਵੇਗਾ ਲਾਗ-ਇਨ
ਇਸ ਸੇਵਾ ਤਹਿਤ ਅਰਜ਼ੀਦਾਤਾ ਦੀ ਫੋਟੋ ਅਤੇ ਦਸਤਾਵੇਜ਼ ਆਨਲਾਈਨ ਅਪਲੋਡ ਹੋਣਗੇ। ਉਸ ਦੇ ਬਾਅਦ ਤੈਅ ਸਮੇਂ 'ਤੇ ਟਰਾਂਸਪੋਰਟ ਵਿਭਾਗ ਦੇ ਦਫਤਰ ਪਹੁੰਚ ਕੇ ਟੈਸਟ ਦੇਣਾ ਹੋਵੇਗਾ, ਨਾਲ ਹੀ ਫੀਸ ਜਮ੍ਹਾ ਹੋਵੇਗੀ। ਤੁਸੀਂ ਆਨਲਾਈਨ ਵੀ ਫੀਸ ਜਮ੍ਹਾ ਕਰਾ ਸਕੋਗੇ। ਜਦੋਂ ਤੁਸੀਂ ਟੈਸਟ ਪਾਸ ਕਰ ਲਓਗੇ ਉਦੋਂ ਹੀ ਡਰਾਈਵਿੰਗ ਲਾਈਸੈਂਸ ਤੁਹਾਨੂੰ ਦੇ ਦਿੱਤਾ ਜਾਵੇਗਾ। ਇਹ ਸਾਰੀਆਂ ਸੇਵਾਵਾਂ parivahan.gov.in 'ਤੇ ਲਾਗ-ਇਨ ਕਰਕੇ ਮਿਲਣਗੀਆਂ। ਇੱਥੇ ਤੁਹਾਨੂੰ ਵਾਹਨ ਲਿਖਿਆ ਨਜ਼ਰ ਆਵੇਗਾ, ਜਿਸ 'ਤੇ ਕਲਿੱਕ ਕਰਨ 'ਤੇ ਆਰ. ਸੀ. ਸੰਬੰਧਤ ਸੇਵਾ ਮਿਲੇਗੀ। 'ਸਾਰਥੀ' ਬਦਲ 'ਤੇ ਕਲਿੱਕ ਕਰਨ 'ਤੇ ਡਰਾਈਵਿੰਗ ਲਾਈਸੈਂਸ ਨਾਲ ਸੰਬੰਧਤ ਸੇਵਾਵਾਂ ਮਿਲਣਗੀਆਂ।