
ਬੀਤੇ ਦੋ ਦਿਨ ਪਹਿਲਾਂ ਚੀਫ ਖਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਚੱਢਾ ਨੇ ਆਪਣੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਜਾਣਕਾਰੀ ਮਿਲੀ ਹੈ ਕਿ ਇੰਦਰਪ੍ਰੀਤ ਚੱਢਾ ਦਾ ਅੰਤਿਮ ਸਸਕਾਰ ਅੱਜ 3 ਵਜੇ ਕੀਤਾ ਜਾਵੇਗਾ। ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ 'ਚ ਪੁਲਿਸ ਨੂੰ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਰਾਹੀ ਪੁਲਿਸ ਨੇ ਕਈ ਵੱਡੇ ਖੁਲਾਸੇ ਕੀਤੇ ਹਨ।
ਇਹ ਸੁਸਾਈਡ ਨੋਟ ਚੱਢਾ ਦੀ ਗੱਡੀ ਵਿਚੋਂ ਬਰਾਮਦ ਕੀਤਾ। ਇਸ ਸੁਸਾਈਡ ਨੋਟ 'ਚ ਇੰਦਰਪ੍ਰੀਤ ਨੇ ਲਿਖਿਆ ਹੈ ਕਿ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ। ਉਸ ਦੇ ਪਿਤਾ ਨਾਲ ਵੀਡੀਓ 'ਚ ਨਜ਼ਰ ਆਈ ਔਰਤ ਅਤੇ ਉਸ ਦਾ ਪਤੀ ਇਸ ਸਾਜਿਸ਼ 'ਚ ਸ਼ਾਮਲ ਹਨ। ਸੁਸਾਈਡ ਨੋਟ 'ਚ ਇਹ ਵੀ ਲਿਖਿਆ ਹੈ ਕਿ ਛੋਟਾ ਭਰਾ ਹਰਜੀਤ ਸਿੰਘ ਨਾਲ ਉਸ ਦੀ ਅਤੇ ਉਸ ਦੇ ਪਿਤਾ ਦੀ ਨਹੀਂ ਬਣਦੀ ਸੀ ਅਤੇ ਉਸ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
ਇਸ ਦੇ ਨਾਲ ਹੀ ਹਰਜੀਤ ਸਿੰਘ ਚੱਢਾ ਨੇ ਆਪਣੇ ਪਿਤਾ ਦੇ ਗਲਤ ਦਸਤਖਤ ਕਰਕੇ ਜਾਇਦਾਦ 'ਚ ਹੇਰਾ-ਫੇਰੀ ਕੀਤੀ ਸੀ। ਇਸ ਸੁਸਾਈਡ ਨੋਟ 'ਚ ਏ. ਡੀ.ਜੀ. ਪੀ. ਰਾਕੇਸ਼ ਚੰਦਰਾ ਸਣੇ ਸੁਰਜੀਤ, ਇੰਦਰਪ੍ਰੀਤ ਸਿੰਘ, ਹਰੀ ਸਿੰਘ ਸੰਧੂ, ਨਿਰਮਲ ਸਿੰਘ ਅਤੇ ਹੋਰਾਂ ਦੇ ਨਾਂ ਸ਼ਾਮਲ ਹਨ।
ਇੰਦਰਪ੍ਰੀਤ ਸਿੰਘ ਚੱਢਾ ਦੇ ਪੁੱਤਰ ਪ੍ਰਭਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ 11 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਤੋਂ ਇਨਸਾਫ ਨਾ ਮਿਲਣ ਕਰਕੇ ਹੀ ਇੰਦਰਪ੍ਰੀਤ ਨੇ ਖੁਦਕੁਸ਼ੀ ਦਾ ਰਸਤਾ ਅਪਣਾਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਫੀ ਸਮੇਂ ਤੋਂ ਇੰਦਰਪ੍ਰੀਤ ਡਿਪਰੈਸ਼ਨ ਦਾ ਸ਼ਿਕਾਰ ਸੀ।
ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਉਸ ਨੇ ਇਹ ਵੀ ਲਿਖਿਆ ਹੈ ਕਿ ਮੇਰੇ ਪਿਤਾ ਬੇਕਸੂਰ ਹਨ, ਹਾਂ ਉਨ੍ਹਾਂ ਤੋਂ ਇਹ ਗਲਤੀ ਜ਼ਰੂਰ ਹੋਈ ਕਿ ਉਹ ਮਹਿਲਾ ਦੀਆਂ ਗੱਲਾਂ 'ਚ ਆ ਗਏ ਪਰ ਉਸ ਦੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ।
ਦੱਸਣਯੋਗ ਹੈ ਕਿ ਵਿਵਾਦਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀੜਤਾ ਦੇ ਬਿਆਨਾਂ 'ਤੇ ਪੁਲਿਸ ਵੱਲੋਂ ਚਰਨਜੀਤ ਸਿੰਘ ਚੱਢਾ ਅਤੇ ਇੰਦਰਪ੍ਰੀਤ ਸਿੰਘ ਚੱਢਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਇੰਦਰਪ੍ਰੀਤ ਵੱਲੋਂ ਅੰਮ੍ਰਿਤਸਰ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਅਦਾਲਤ ਨੇ ਇੰਦਰਪ੍ਰੀਤ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ ਅਤੇ ਜਾਂਚ ਵਿਚ ਪੁਲਿਸ ਦਾ ਸਹਿਯੋਗ ਕਰਨ ਲਈ ਕਿਹਾ ਸੀ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ।
ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਆਈ. ਵੀ. ਵਾਈ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇੰਦਰਪ੍ਰੀਤ ਦੀ ਮੌਤ ਹੋ ਗਈ।