
ਡੇਰੇ ਦਾ ਡਰਾਈਵਰ, ਭਗਤਾਂ ਦਾ 'ਪਿਤਾ ਜੀ' ਅਤੇ ਹੁਣ ਕੈਦੀ ਨੰ. 8647
ਇਹ ਹੈ ਸੌਦਾ ਸਾਧ ਦੀ ਜ਼ਿੰਦਗੀ ਦਾ ਸਫ਼ਰ
ਭਗਤਾਂ ਦੇ ਪਿਤਾ ਜੀ, ਪਾਪਾ ਜੀ, ਉਰਫ ਬਲਾਤਕਾਰੀ ਸੌਦਾ ਸਾਧ। ਜਿਸਨੇ ਆਪਣੀਆਂ ਸ਼ਰਮਨਾਕ ਹਰਕਤਾਂ ਨਾਲ ਨਾ ਤਾਂ ਰਾਮ ਦੇ ਨਾਂਅ ਦੀ ਲਾਜ ਰੱਖੀ 'ਤੇ ਨਾ ਹੀ ਰਹੀਮ ਦੀ। ਸੌਦਾ ਸਾਧ ਦੁਆਰਾ ਧਰਮ ਦੇ ਨਾਂਅ 'ਤੇ ਚਲਾਏ ਗੋਰਖਧੰਦੇ ਦਾ ਕਾਰੋਬਾਰ ਸੱਤ ਸਮੁੰਦਰ ਪਾਰ ਤੱਕ ਫੈਲਦਾ 1000 ਕਰੋੜ ਤੱਕ ਪਹੁੰਚ ਗਿਆ। ਅੱਜ ਅਸੀਂ ਇਸ ਆਪੋ ਬਣੇ ਸੰਤ, ਆਪੋ ਬਣੇ ਡਾਕਟਰ ਬਾਰੇ ਕੁਝ ਅਜਿਹੇ ਖੁਲਾਸੇ ਕਰਾਂਗੇ ਜੋ ਆਮ ਤੌਰ 'ਤੇ ਲੋਕ ਨਹੀਂ ਜਾਣਦੇ।
ਸ਼ੁਰੂ ਕਰਦੇ ਹਾਂ ਇਸਦੇ ਪਿਛੋਕੜ ਤੋਂ -
ਗੁਰਮੀਤ ਦਾ ਜੱਦੀ ਪਿੰਡ ਹੈ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਪਿੰਡ ਗੁਰੂਸਰ ਮੋੜੀਆ। ਮੱਘਰ ਸਿੰਘ ਅਤੇ ਨਸੀਬ ਕੌਰ ਦੇ ਘਰ ਜਨਮ ਲੈਣ ਵਾਲੇ ਗੁਰਮੀਤ ਦੇ ਮਾਪੇ ਇਸ ਡੇਰੇ ਦੇ ਪੱਕੇ ਸ਼ਰਧਾਲੂ ਸੀ ਜਦੋਂ ਇਸ ਡੇਰੇ ਨੂੰ ਸ਼ਾਹ ਸਤਨਾਮ ਨਾਂਅ ਦਾ ਵਿਅਕਤੀ ਚਲਾ ਰਿਹਾ ਸੀ। ਇਸ ਡੇਰੇ ਦੀ ਸਥਾਪਨਾ 29 ਅਪ੍ਰੈਲ 1948 ਨੂੰ ਮਸਤਾਨਾ ਬਲੋਚਿਸਤਾਨੀ ਨੇ ਕੀਤੀ ਸੀ। ਰਾਮ ਰਹੀਮ ਨੇ 23 ਸਤੰਬਰ 1990 ਡੇਰਾ ਕਮਾਨ ਹਾਸਿਲ ਕੀਤੀ। ਸ਼ਾਹ ਸਤਨਾਮ ਦੁਆਰਾ ਗੁਰਮੀਤ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰਨ ਪਿੱਛੇ ਵੀ ਗੁਰਮੀਤ ਦੇ ਇੱਕ ਅੱਤਵਾਦੀ ਦੋਸਤ ਗੁਰਜੰਟ ਸਿੰਘ ਦਾ ਹੱਥ ਦੱਸਿਆ ਜਾਂਦਾ ਹੈ। ਸੌਦਾ ਸਾਧ ਦੇ ਸਾਬਕਾ ਡਰਾਈਵਰ ਕੱਟ ਸਿੰਘ ਦੇ ਦੱਸਣ ਅਨੁਸਾਰ ਗੁਰਮੀਤ ਦੇ ਗੱਡੀ 'ਤੇ ਕਾਬਜ਼ ਹੁੰਦਿਆਂ ਹੀ ਡੇਰੇ ਦਾ ਮਾਹੌਲ ਅਤੇ ਸਿਸਟਮ ਇੱਕਦਮ ਬਦਲ ਗਿਆ।
ਅੱਜ ਡੇਰੇ ਅਧੀਨ ਕਰੋੜਾਂ ਰੁਪਿਆਂ ਦੀ ਸੰਪੱਤੀ ਅਤੇ ਬੁਨਿਆਦੀ ਢਾਂਚਾ ਹੈ। ਮਿਲੀ ਜਾਣਕਾਰੀ ਮੁਤਾਬਕ
ਸਾਲ 2010-11 ਵਿੱਚ ਡੇਰੇ ਦੀ ਸਾਲਾਨਾ ਕਮਾਈ ਸੀ ਲਗਭੱਗ 16 ਕਰੋੜ 52 ਲੱਖ ਰੁ.
ਜੋ 2011-12 ਵਿੱਚ ਹੋ ਗਈ 20 ਕਰੋੜ 20 ਲੱਖ ਤੋਂ ਜ਼ਿਆਦਾ
2012-13 ਵਿੱਚ ਇਹ ਕਮਾਈ ਪਹੁੰਚ ਗਈ 30 ਕਰੋੜ ਰੁਪਏ
ਪਰ ਰਾਮ ਰਹੀਮ ਨੇ ਇਸ ਕਰੋੜਾਂ ਦੀ ਕਮਾਈ ਲਈ ਕਦੀ 1 ਰੁਪਿਆ ਵੀ ਟੈਕਸ ਨਹੀਂ ਦਿੱਤਾ ਕਿਉਂ ਕਿ ਆਮਦਨ ਟੈਕਸ ਕਾਨੂੰਨ 1961 ਦੀ ਧਾਰਾ 10(23) ਤਹਿਤ ਡੇਰੇ ਨੂੰ ਟੈਕਸ ਤੋਂ ਪੂਰੀ ਤਰਾਂ ਨਾਲ ਛੂਟ ਦਿੱਤੀ ਗਈ ਹੈ। ਗਾਇਕ ਦੇ ਤੌਰ 'ਤੇ ਅਨੇਕਾਂ ਸੰਗੀਤ ਐਲਬਮ ਰਿਲੀਜ਼ ਕਰਕੇ ਪੈਸੇ ਕਮਾਉਣ ਤੋਂ ਬਾਅਦ ਸਾਲ 2015 ਤੋਂ ਬਣ ਰਹੀਆਂ ਫ਼ਿਲਮਾਂ ਰਾਹੀਂ ਵੀ ਰਾਮ ਰਹੀਮ ਨੇ ਕਰੋੜਾਂ ਰੁਪਏ ਕਮਾਏ।
ਇਸ ਤੋਂ ਇਲਾਵਾ ਕਰੋੜਾਂ ਰੁਪਿਆਂ ਦਾ ਟਰਨ ਓਵਰ ਹੈ ਸੌਦਾ ਸਾਧ ਦੇ ਆਪਣੇ ਫ਼ੂਡ ਪ੍ਰੋਡਕਟ ਅਤੇ ਕੱਪੜਿਆਂ ਦੇ ਬ੍ਰਾਂਡ ਦਾ ਰਾਮ ਰਹੀਮ ਕੋਲ 100 ਤੋਂ ਵੱਧ ਗੱਡੀਆਂ ਵੀ ਸਨ ਜਿਹਨਾਂ ਵਿੱਚੋਂ ਬਹੁਤ ਸਾਰੀਆਂ ਮੋਡੀਫਾਈਡ ਵੀ ਨੇ ਅਤੇ ਇਹਨਾਂ ਲਈ ਡੇਰੇ ਵਿੱਚ ਕਾਰ ਸਟੂਡੀਓ ਵੀ ਸਥਾਪਿਤ ਕੀਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਸੌਦਾ ਸਾਧ ਖ਼ੁਦ ਹਮੇਸ਼ਾ ਮਹਿੰਗੀਆਂ ਵਿਦੇਸ਼ੀ ਕਾਰਾਂ ਵਿੱਚ ਹੀ ਸਫਰ ਕਰਦਾ ਹੈ।
ਡੇਰੇ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਦੇਸ਼ ਭਰ ਵਿੱਚ ਡੇਰਾ ਸੱਚਾ ਸੌਦਾ ਦੇ 46 ਤੋਂ 50 ਨਾਮ ਚਰਚਾ ਘਰ ਅਤੇ ਆਸ਼ਰਮ ਹਨ।
65 ਸਾਲ ਪੁਰਾਣਾ ਇਕੱਲਾ ਸਿਰਸਾ ਸਥਿੱਤ ਮੁੱਖ ਡੇਰਾ ਹੀ 700 ਏਕੜ ਵਿੱਚ ਫੈਲਿਆ ਹੈ। ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਮੁਲਕਾਂ ਤੱਕ ਫੈਲੇ ਹਨ 50 ਤੋਂ ਵੱਧ ਆਸ਼ਰਮ ਹਨ। ਇਹਨਾਂ ਤੋਂ ਇਲਾਵਾ ਸੌਦਾ ਸਾਧ ਦੇ ਜੱਦੀ ਪਿੰਡ ਵਿੱਚ ਬਣਿਆ ਹਸਪਤਾਲ, ਡੇਰੇ ਅਧੀਨ ਚੱਲਦੇ ਸਕੂਲ ਅਤੇ ਕਾਲਜ ਵੀ ਇਸ ਲਿਸਟ ਦਾ ਹਿੱਸਾ ਹਨ।
ਕਰੋੜਾਂ ਦਾ ਚੜ੍ਹਾਵਾ ਚੜ੍ਹਾਉਣ ਵਾਲੇ ਦੁਨੀਆ ਭਰ ਵਿੱਚ 5 ਕਰੋੜ ਸ਼ਰਧਾਲੂ ਹਨ ਜੋ ਰਾਮ ਰਹੀਮ ਦੇ ਹਰ ਹੁਕਮ ਨੂੰ 'ਸੇਵਾ' ਸਮਝ ਨਿਭਾਉਣਾ ਵਡਭਾਗਾ ਸਮਝਦੇ ਨੇ। 2015 ਵਿੱਚ ਰਾਮ ਰਹੀਮ ਦਾ ਨਾਂਅ ਦੇਸ਼ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਸ਼ਾਮਿਲ ਸੀ। ਤੁਹਾਨੂੰ ਦੱਸਣਾ ਚਾਹਾਂਗੇ ਕਿ ਸੌਦਾ ਸਾਧ ਦੁਆਰਾ ਬਲਾਤਕਾਰ ਦੀ ਇਸ ਘਿਨਾਉਣੀ ਹਰਕਤ ਦਾ ਸਭ ਤੋਂ ਪਹਿਲਾਂ ਸਪੋਕਸਮੈਨ ਨੇ ਹੀ ਪਰਦਾਫਾਸ਼ ਕੀਤਾ ਸੀ ਅਤੇ ਉਸ ਵੇਲੇ ਤੋਂ ਹੀ ਇਸ ਮਾਮਲੇ ਦੀ ਹਰ ਤਾਜ਼ਾ ਜਾਣਕਾਰੀ ਤੁਹਾਡੇ ਤੱਕ ਬਦਸਤੂਰ ਪਹੁੰਚਾਈ ਜਾ ਰਹੀ ਹੈ।
ਚਮਕ ਦਮਕ ਨਾਲ ਭਰੀ ਰਾਮ ਰਹੀਮ ਦੀ ਰੋਜ਼ਾਨਾ ਜ਼ਿੰਦਗੀ ਵਿੱਚ 200 ਲੜਕੀਆਂ ਦੀ ਇੱਕ ਟੀਮ ਹਰ ਵੇਲੇ 'ਸੇਵਾ' ਵਿੱਚ ਰਹਿੰਦੀ ਸੀ। ਇਸਦੇ ਹਰ ਛੋਟੇ ਵੱਡੇ ਕੰਮ ਲਈ ਲੜਕੀਆਂ ਤਾਇਨਾਤ ਰਹਿੰਦੀਆਂ ਸੀ ਇੱਥੋਂ ਤੱਕ ਕਿ ਸੁਰੱਖਿਆ ਗਾਰਡ ਵਜੋਂ ਵੀ ਮਹਿਲਾ ਕਮਾਂਡੋ ਰੱਖੀਆਂ ਗਈਆਂ ਸੀ।
ਬਲਾਤਕਾਰੀ ਗੁਰਮੀਤ ਨੂੰ ਜਿਸ ਮਾਮਲੇ ਦੀ ਸਜ਼ਾ ਮਿਲੀ ਹੈ ਇਹ ਸਿਰਫ ਉਹਨਾ ਲੜਕੀਆਂ ਦੀ ਕਹਾਣੀ ਹੈ ਜੋ ਸਾਹਮਣੇ ਆ ਸਕੀ। ਇਸ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ.ਮਨਮੋਹਨ ਸਿੰਘ ਦੀ ਵੀ ਅਹਿਮ ਭੂਮਿਕਾ ਰਹੀ। ਸੀਬੀਆਈ ਦੇ ਰਿਟਾਇਰਡ ਡੀਆਈਜੀ ਐਮ. ਨਰਾਇਣ ਨੇ ਖੁਲਾਸਾ ਕੀਤਾ ਹੈ ਕਿ ਸਾਬਕਾ ਪ੍ਰਧਾਨਮੰਤਰੀ ਸ.ਮਨਮੋਹਨ ਸਿੰਘ ਉੱਤੇ ਹਰਿਆਣਾ ਅਤੇ ਪੰਜਾਬ ਦੇ ਕੁੱਝ ਸਾਂਸਦਾਂ ਵੱਲੋਂ ਇਸ ਕੇਸ ਨੂੰ ਬੰਦ ਕਰਨ ਲਈ ਦਬਾਅ ਬਣਾਇਆ ਗਿਆ ਸੀ । ਪਰ ਸ. ਸਿੰਘ ਨੇ ਮਾਮਲੇ ਦੀ ਨਜ਼ਾਕਤ ਨੂੰ ਸਮਝਦਿਆਂ ਸਿਆਸੀ ਦਬਾਅ ਦੀ ਪ੍ਰਵਾਹ ਨਹੀਂ ਕੀਤੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸ.ਮਨਮੋਹਨ ਸਿੰਘ ਦੇ ਸਾਂਝੇ ਯਤਨਾਂ ਸਦਕਾ ਹੀ ਸਾਲ 2007 ਵਿੱਚ ਸੀਬੀਆਈ ਦੀ ਨਿਰਪੱਖ ਜਾਂਚ ਸੰਭਵ ਹੋਈ ਦੇ ਨਤੀਜੇ ਵਜੋਂ ਅੱਜ ਬਲਾਤਕਾਰੀ ਸੌਦਾ ਸਾਧ 20 ਸਾਲਾਂ ਲਈ ਜੇਲ੍ਹ ਵਿੱਚ ਹੈ। ਡੇਰੇ ਦੀ ਸਾਧਵੀ ਦੁਆਰਾ 2002 ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਲਿਖੇ ਖ਼ਤ ਦੀਆਂ ਕੁਝ ਸਤਰਾਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ -
28-29 ਅਗਸਤ 1999 ਦੀ ਰਾਤ ਨੂੰ ਆਸ਼ਰਮ ਦੀ ਇੰਚਾਰਜ ਸੁਦੇਸ਼ ਕੁਮਾਰੀ ਨੇ ਮੈਨੂੰ ਦੱਸਿਆ ਕਿ 'ਪਿਤਾ ਜੀ' ਨੇ ਮੈਨੂੰ ਗੁਫਾ ਅੰਦਰ ਸੱਦਿਆ ਹੈ। ਮੈਂ ਬਹੁਤ ਖੁਸ਼ ਸੀ। 8:30 ਵਜੇ ਸੁਦੇਸ਼ ਕੁਮਾਰੀ ਮੈਨੂੰ ਅੰਦਰ ਲੈ ਗਈ। ਮੈਂ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਸੌਦਾ ਸਾਧ ਨੇ ਦਰਵਾਜ਼ਾ ਖੋਲ੍ਹਿਆ। ਮੈਂ ਉਸਨੂੰ 'ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ' ਕਹਿ ਕੇ ਬੁਲਾਇਆ। ਉਸਨੇ ਮੈਨੂੰ ਬੈਠਣ ਅਤੇ ਦਰਵਾਜ਼ਾ ਬੰਦ ਕਰਨ ਲਈ ਕਿਹਾ। ਮੈਂ ਹੇਠਾਂ ਬੈਠਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਮੈਨੂੰ ਬੈਡ ਉੱਤੇ ਬੈਠਣ ਲਈ ਕਿਹਾ। ਮੈਂ ਕੁਝ ਝਿਜਕੀ ਪਰ ਉਸਦੇ ਜ਼ੋਰ ਦੇਣ 'ਤੇ ਮੈਂ ਉਸ ਤੋਂ ਕੁਝ ਦੂਰ ਬੈਡ 'ਤੇ ਬੈਠ ਗਈ।
ਉਸਨੇ ਮੈਨੂੰ ਕਿਹਾ ਕਿ ਜੇ ਮੈਂ ਕੋਈ ਗ਼ਲਤੀ ਕੀਤੀ ਹੈ ਤਾਂ ਉਸਦਾ ਪਸ਼ਚਾਤਾਪ ਕਰ ਲਵਾਂ। ਮੈਂ ਉਸਨੂੰ ਦੱਸਿਆ ਕਿ ਕਾਲਜ ਪੜ੍ਹਨ ਦੌਰਾਨ ਮੈਂ ਕਿਸੇ ਮੁੰਡੇ ਨੂੰ ਜਾਣਦੀ ਸੀ ਅਤੇ ਉਹ ਜ਼ਰੂਰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ। ਉਸਨੇ ਕਿਹਾ ਕਿ "ਤੂੰ ਇੱਕ ਸਾਧਵੀ ਹੈਂ। ਤੇਰਾ ਹੁਣ ਆਪਣੇ ਸਰੀਰ ਅਤੇ ਮਨ ਉੱਤੇ ਕਾਬੂ ਹੋਣਾ ਚਾਹੀਦਾ ਹੈ। ਤੂੰ ਅਪਵਿੱਤਰ ਬਣ ਚੁੱਕੀ ਹੈਂ ਅਤੇ ਮੈਂ ਤੈਨੂੰ ਪਵਿੱਤਰ ਕਰਾਂਗਾ।
ਮੈਂ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਬਲਾਤਕਾਰ ਕੀਤਾ। ਮੈਨੂੰ ਸਦਮਾ ਲੱਗਿਆ ਅਤੇ ਮੈਂ ਕਿਹਾ ਕਿ ਮੈਂ ਤਾਂ ਤੈਨੂੰ ਰੱਬ ਮੰਨਦੀ ਸੀ। ਉਸਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਵੀ ਸੀ ਤਰਾਂ ਹੀ ਕਰਦਾ ਸੀ। ਮੈਂ ਕੱਪੜੇ ਪਹਿਨ ਉਥੋਂ ਚਲੀ ਆਈ। ਇਸ ਤੋਂ ਬਾਅਦ ਸੌਦਾ ਸਾਧ ਨੇ ਮੈਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ।
ਸੌਦਾ ਸਾਧ ਨੂੰ ਸ਼ੱਕ ਸੀ ਕਿ ਉਸ ਵਿਰੁੱਧ ਫੈਲਾਈਆਂ ਗਈਆਂ ਚਿੱਠੀਆਂ ਵਿੱਚ ਇਸ ਕੁੜੀ ਦੇ ਭਰਾ ਦਾ ਹੱਥ ਸੀ ਅਤੇ ਇਸ ਕਾਰਨ ਹੀ 10 ਜੁਲਾਈ 2002 ਵਿਚ ਉਸ ਭਰਾ ਨੂੰ ਕਤਲ ਕਰ ਦਿੱਤਾ ਗਿਆ।
ਹਾਲੀਆ ਕੇਸ ਵਿੱਚ ਅਹਿਮ ਸਬੂਤ ਬਣੀ ਦੂਜੀ ਸਾਧਵੀ ਦੁਆਰਾ ਲਿਖੀ ਚਿੱਠੀ ਵਿੱਚ ਦਰਜ ਬਿਆਨ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ -
ਸਤੰਬਰ 1999 ਵਿੱਚ ਜਦੋਂ ਰਾਤ 8 ਵਜੇ ਤੋਂ 12 ਵਜੇ ਵਿਚਕਾਰ ਡਿਊਟੀ ਵਿਚ ਸੀ ਤਾਂ ਸੌਦਾ ਸਾਧ ਗੁਫਾ ਵਿਚੋਂ 10 ਵਜੇ ਬਾਹਰ ਆਇਆ ਅਤੇ ਮੈਨੂੰ ਅੰਦਰ ਸੱਦ ਲਿਆ। ਉਸ ਸਮੇਂ ਮੈਂ ਇਕੱਲੀ ਸੀ। ਮੈਂ ਉਸਦੀ ਇੱਜ਼ਤ ਕਰਦੀ ਸੀ ਜਿਸ ਕਾਰਨ ਮੈਂ ਉਸਨੂੰ ਰੱਬ ਵਾਂਙ ਹੀ ਲਿਆ। ਮੈਂ ਫ਼ਰਸ਼ ਉੱਤੇ ਬੈਠ ਗਈ ਪਰ ਉਸਨੇ ਕਿਹਾ ਕਿ ਮੈਂ ਉਸ ਨਾਲ ਬੈਡ ਉੱਤੇ ਬੈਠਾਂ । ਜਿਵੇਂ ਉਸਨੇ ਕਿਹਾ ਮੈਂ ਉਸ ਤਰਾਂ ਹੀ ਕੀਤਾ। ਉਸਨੇ ਮੈਨੂੰ ਪੁੱਛਿਆ ਕਿ ਕੀ ਮੇਰਾ ਡੇਰੇ ਵਿਚ ਜੀ ਲੱਗ ਗਿਆ ਹੈ ? ਉਸਨੇ ਹੋਰ ਸਾਧਵੀਆਂ ਬਾਰੇ ਵੀ ਸਵਾਲ ਪੁੱਛੇ। ਉਸਨੇ ਮੈਨੂੰ ਛੂਹਣ ਦੀ ਕੋਸ਼ਿਸ਼ ਕੀਤੀ।
ਮੈਂ ਉਸਨੂੰ ਅਜਿਹਾ ਕਰਨ ਤੋਂ ਰੋਕਿਆ। ਫਿਰ ਉਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ। ਉਹ ਮੇਰੇ ਤੋਂ ਜ਼ਿਆਦਾ ਤਾਕਤਵਰ ਸੀ ਜਿਸ ਕਾਰਨ ਉਸਨੇ ਮੇਰੇ ਨਾਲ ਬਲਾਤਕਾਰ ਕੀਤਾ। ਜਦੋਂ ਮੈਂ ਰੋਣਾ ਸ਼ੁਰੂ ਕਰ ਦਿੱਤਾ ਤਾਂ ਉਸਨੇ ਮੈਨੂੰ ਧਮਕੀ ਦਿੱਤੀ ਕਿ ਇਸ ਬਾਰੇ ਕਿਸੇ ਨੂੰ ਨਾ ਦੱਸਾਂ। ਇਸ ਤੋਂ ਇਲਾਵਾ ਬਹੁਤ ਸਾਰੀਆਂ ਲੜਕੀਆਂ ਦੇ ਇਸੇ ਤਰਾਂ ਬਲਾਤਕਾਰ ਹੁੰਦੇ ਸੀ ਜਿਹਨਾਂ ਵਿਚੋਂ ਕੁਝ ਸ਼ਰਮ ਤੋਂ ਮਾਰੀਆਂ ਆਵਾਜ਼ ਨਹੀਂ ਸੀ ਚੁੱਕਦੀਆਂ, ਕੁਝ ਪਰਿਵਾਰ ਨੂੰ ਮਾਰਨ ਦੀ ਧਮਕੀ ਤੋਂ ਡਰ ਜਾਂਦੀਆਂ ਸੀ ਅਤੇ ਕਈਆਂ ਦੇ ਪਰਿਵਾਰਾਂ ਨੇ ਅੰਨ੍ਹੀ ਸ਼ਰਧਾ ਨਾਲ ਬੰਦ ਹੋਈਆਂ ਅੱਖਾਂ ਨਾਲ ਆਪਣੀ ਹੀ ਬੇਟੀ ਦੀ ਗੱਲ ਅਣਸੁਣੀ ਕਰ ਦਿੱਤੀ।
ਹਵਸ ਦੀ ਪੂਰਤੀ ਲਈ ਸਾਧਵੀਆਂ ਵਾਸਤੇ ਜਿੱਥੇ 'ਮੁਕਤੀ' ਦਾ ਆਡੰਬਰ ਰਚਿਆ ਜਾਂਦਾ ਸੀ ਉੱਥੇ ਹੀ ਪੁਰਸ਼ ਭਗਤਾਂ ਨੂੰ ਗੁਲਾਮੀ ਵਿੱਚ ਜਕੜਨ ਲਈ ਕਾਮ ਵਾਸਨਾ ਨੂੰ ਮੁਕਤੀ ਦੇ ਰਾਹ ਦਾ ਰੋੜਾ ਦੱਸ ਉਹਨਾਂ ਦੇ ਜ਼ਬਰੀ ਆਪ੍ਰੇਸ਼ਨ ਕਰਵਾਏ ਜਾਂਦੇ ਸੀ ਨਾਲ ਹੀ ਇਸਦਾ ਇੱਕ ਕਾਰਨ ਇਹ ਵੀ ਸੀ ਕਿ ਸੌਦਾ ਸਾਧ ਨੂੰ ਆਪਣੀਆਂ ਬੇਟੀਆਂ ਜਵਾਨ ਹੁੰਦੀਆਂ ਦੇਖ ਉਹਨਾਂ ਦੀ ਸੁਰੱਖਿਆ ਦੀ ਚਿੰਤਾ ਵੀ ਖਾਣ ਲੱਗ ਪਈ ਸੀ।
ਗੁਰਦਾਸ ਸਿੰਘ ਤੂਰ ਜੋ 1996 ਤੋਂ 2002 ਤੱਕ ਡੇਰਾ ਸਿਰਸਾ ਵਿੱਚ ਬਤੌਰ ਸਾਧੂ ਰਿਹਾ ਪਰ ਰਾਮ ਰਹੀਮ ਦੀਆਂ ਕਰਤੂਤਾਂ ਦਾ ਪਤਾ ਲੱਗਦਿਆਂ ਹੀ ਉਸਨੇ ਮੂੰਹ ਮੋੜ ਲਿਆ। ਤੂਰ ਨੇ ਹੰਸ ਰਾਜ ਅਤੇ ਜਤਿੰਦਰ ਗੋਰਾ ਨਾਂਅ ਦੇ ਦੋ ਸਾਧੂਆਂ ਨਾਲ ਮਿਲ ਕੇ ਜ਼ਬਰਦਸਤੀ ਨਪੁੰਸਕ ਬਣਾਏ 166 ਸਾਧੂਆਂ ਦੀ ਇੱਕ ਲਿਸਟ ਬਣਾਈ ਅਤੇ ਇਹ ਕੇਸ 2014 ਵਿੱਚ ਅਦਾਲਤ ਵਿੱਚ ਪਹੁੰਚਿਆ ਜਿਸ ਦੀ ਜਾਂਚ ਦਾ ਜ਼ਿੰਮਾ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ। ਹਾਲਾਂਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਗੋਰੇ ਨੂੰ ਡੇਰੇ ਵਿੱਚ ਬੁਲਾਇਆ ਗਿਆ ਜਿੱਥੋਂ ਉਹ ਕਦੀ ਵਾਪਿਸ ਨਹੀਂ ਪਰਤਿਆ।
ਸੌਦਾ ਸਾਧ ਦੀਆਂ ਜੜਾਂ ਹਿਲਾ ਦੇਣ ਵਾਲੇ ਪੱਤਰਕਾਰ ਛੱਤਰਪਤੀ ਦੀ ਮੌਤ ਬਾਰੇ ਗੁਰਦਾਸ ਸਿੰਘ ਤੂਰ ਨੇ ਇੱਕ ਅਖਬਾਰ ਗੱਲ ਕਰਦਿਆਂ ਕਿਹਾ ਕਿ ਛੱਤਰਪਤੀ ਦਾ ਕਤਲ ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨਾਂਅ ਦੇ ਦੋ ਵਿਅਕਤੀਆਂ ਨੇ ਰਾਮ ਰਹੀਮ ਦੇ ਹੁਕਮਾਂ 'ਤੇ ਕੀਤਾ। ਨੇੜਲੇ ਵਿਅਕਤੀਆਂ ਨੇ ਰਾਮ ਰਹੀਮ ਖ਼ੁਦ ਕਤਲ ਦੀ ਟਰੇਨਿੰਗ ਅਤੇ ਹੁਕਮ ਦਿੰਦਾ ਕਈ ਵਾਰ ਦੇਖਿਆ ਸੀ।
ਕਾਤਿਲ ਅਤੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਨੇ ਸਾਲ 2007 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਨਿਰਾਦਰ ਕੀਤਾ।
ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਨਾਲ ਖਿਲਵਾੜ ਕਰਨ ਲਈ ਪਹਿਨੀ ਗੁਰੂ ਸਾਹਿਬ ਵਰਗੀ ਪੋਸ਼ਾਕ
ਅੰਮ੍ਰਿਤ ਛਕਾਉਣ ਵਾਂਙ ਰੂਹ ਅਫ਼ਜ਼ਾ ਦਾ ਪਿਲਾਇਆ ਜਾਮ ਏ ਇਨਸਾਂ
ਪੰਜ ਪਿਆਰਿਆਂ ਦਾ ਨਿਰਾਦਰ ਕਰਦਿਆਂ ਕੀਤਾ ਸੱਤ ਸਿਤਾਰਿਆਂ ਦਾ ਪਾਖੰਡ
ਵੋਟਾਂ ਦੇ ਲਾਲਚ ਵਿੱਚ ਇਸ ਪਾਪੀ ਸੌਦਾ ਸਾਧ ਨੂੰ ਇਸ ਮਾਮਲੇ ਵਿੱਚ ਸਿਆਸੀ ਦਬਾਅ ਹੇਠ ਜੱਥੇਦਾਰਾਂ ਵੱਲੋਂ ਮਾਫੀ ਵੀ ਦਿੱਤੀ ਗਈ। ਇਸ ਲਈ ਜਥੇਦਾਰਾਂ ਨੂੰ ਪੰਥ ਦੀ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਗੁਰੂ ਸਾਹਿਬ ਦਾ ਨਿਰਾਦਰ ਕਰਨ ਤੋਂ ਡੇਰੇ ਦੇ ਗੁੰਡਿਆਂ ਅਤੇ ਸਿੱਖਾਂ ਵਿਚਕਾਰ ਹੋਏ ਟਕਰਾਓ ਵਿੱਚ ਕਈ ਸਿੰਘਾਂ ਦੀ ਸ਼ਹੀਦੀ ਵੀ ਹੋਈ।
ਜਿੱਥੇ ਸਿਆਸੀ ਤਾਕਤ ਦੀ ਗੱਲ ਹੈ ਤਾਂ ਪੰਜਾਬ , ਹਰਿਆਣਾ, ਰਾਜਸਥਾਨ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਅਕਸਰ ਹੀ ਸੌਦਾ ਸਾਧ ਕੋਲ ਹੇਠ ਜੋੜ ਖੜ੍ਹਦੇ ਸੀ। ਰਾਜਨੀਤਿਕ ਸ਼ਹਿ ਕਾਰਨ ਹੀ ਇਸ ਵਿਰੁਧ ਕੇਸ ਦਰਜ ਕਰਨ ਅਤੇ ਜਾਂਚ ਲਈ ਮੁਸ਼ਕਿਲਾਂ ਆਈਆਂ ਅਤੇ ਲੰਮਾ ਸਮਾਂ ਲੱਗਿਆ। ਸੌਦਾ ਸਾਧ ਦੇਸ਼ ਦਾ ਪਹਿਲਾ ਗੁਨਾਹਗਾਰ ਹੈ ਜਿਸ ਨੂੰ ਸਿਆਸੀ ਤਾਕਤ ਕਰਕੇ ਹੀ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਜੇਲ੍ਹ ਲਿਜਾਣ ਲਈ ਹੈਲੀਕੌਪਟਰ ਦੀ ਸੁਵਿਧਾ ਦਿੱਤੀ ਅਤੇ ਉਸਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਵੀ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ।
ਬੀਤੇ ਕੁਝ ਦਿਨਾਂ ਦੌਰਾਨ ਅਦਾਲਤੀ ਕਾਰਵਾਈ ਦੌਰਾਨ ਭਾਜਪਾ ਸਰਕਾਰ ਦੁਆਰਾ ਸੌਦਾ ਸਾਧ ਅਤੇ ਉਸਦੇ ਚੇਲਿਆਂ ਖਿਲਾਫ ਠੋਸ ਕਦਮ ਉਠਾਉਣ ਨਾਲੋਂ ਬਿਆਨਾਂ ਨਾਲ ਕੰਮ ਚਲਾਇਆ ਗਿਆ। ਡੇਰੇ ਦੇ ਚੇਲਿਆਂ ਨੂੰ ਦਫ਼ਾ 144 ਦੀ ਉਲੰਘਣਾ ਕਰਨ ਦੀ ਛੂਟ ਦਿੱਤੀ ਗਈ ਜਿਸ ਤੋਂ ਬਾਅਦ ਗੁਰਮੀਤ ਦੇ ਗੁੰਡਿਆਂ ਨੇ ਤਬਾਹੀ ਦੇ ਐਸੇ ਮੰਜ਼ਰ ਦਿਖਾਏ ਜਿਸਦੇ ਨਿਸ਼ਾਨ ਪੂਰੇ ਉੱਤਰ ਭਾਰਤ ਵਿੱਚ ਪਏ ਨੇ। ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਖੱਟਰ ਸਰਕਾਰ ਦੁਆਰਾ ਇਹਨਾਂ ਗੁੰਡਿਆਂ ਦੀਆਂ ਤਿਆਰੀਆਂ ਨੂੰ ਦੇਖ ਨਜ਼ਰਅੰਦਾਜ਼ ਕਰਨ ਦੀ ਕੀਮਤ ਆਮ ਲੋਕਾਂ ਨੂੰ ਚੁਕਾਉਣੀ ਪਈ।
ਕਾਰਨ ਸਾਫ ਸੀ ਕਿ ਸਾਲ 2014 ਦੌਰਾਨ ਭਾਜਪਾ ਨੇ ਪਹਿਲਾਂ ਸੌਦਾ ਸਾਧ ਤੋਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਲਈਆਂ ਅਤੇ ਫਿਰ ਹਰਿਆਣਾ ਦੀ ਖੱਟਰ ਸਰਕਾਰ ਵੀ ਸੌਦਾ ਸਾਧ ਤੋਂ ਲਈਆਂ ਵੋਟਾਂ ਨਾਲ ਬਣਾਈ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਥਕ ਕਹਾਉਂਦੇ ਅਕਾਲੀ ਦਲ ਅਤੇ ਇਸਦੀ ਭਾਈਵਾਲ ਭਾਜਪਾ ਨੇ ਡੇਰੇ ਤੋਂ ਵੋਟਾਂ ਲਈਆਂ ਜਿਸਦਾ ਮੁੱਲ ਉਸ ਪ੍ਰਤੀ ਨਰਮ ਰਵਈਆ ਰੱਖ ਕੇ ਤਾਰਿਆ ਗਿਆ।
ਹਾਈ ਕੋਰਟ ਦੁਆਰਾ ਡੇਰੇ ਦੇ ਗੁੰਡਿਆਂ ਦੁਆਰਾ ਕੀਤੇ ਕਰੋੜਾਂ ਰੁਪਿਆਂ ਦੇ ਨੁਕਸਾਨ ਦੀ ਭਰਪਾਈ ਲਈ ਨੂੰ ਡੇਰੇ ਦੀ ਸੰਪੱਤੀ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਜਿਸ ਲਈ ਸੰਬੰਧਿਤ ਵੇਰਵੇ ਜਮ੍ਹਾ ਕਰਵਾਉਣ ਲਈ ਕਿਹਾ ਜਾ ਚੁੱਕਿਆ ਹੈ ਪਰ ਬੀ.ਜੇ.ਪੀ. ਸਰਕਾਰ ਹਾਲੇ ਵੀ ਸੌਦਾ ਸਾਧ ਦਾ ਬਚਾਅ ਕਰਨ ਦੇ ਰੌਂ ਵਿੱਚ ਜਾਪ ਰਹੀ ਹੈ ਕਿਉਂ ਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵੇਰਵੇ ਅਸੀਂ ਅਦਾਲਤ ਤੱਕ ਪਹੁੰਚਾਵਾਂਗੇ। ਮਾਮਲਾ ਸਾਫ ਹੈ ਕਿ ਬੀ.ਜੇ.ਪੀ. 2019 ਦੀਆਂ ਚੋਣਾਂ ਲਈ ਡੇਰੇ ਨਾਲ ਜੁੜੀਆਂ ਵੋਟਾਂ 'ਤੇ ਅੱਖ ਰੱਖ ਰਹੀ ਹੈ ਜਿਸ ਲਈ ਉਹ ਸੌਦਾ ਸਾਧ ਦੀ 'ਸੇਵਾ' ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।
ਸੋਚਣ ਵਾਲੀ ਗੱਲ ਹੈ ਕਿ ਹਰ ਛੋਟੀ ਤੋਂ ਛੋਟੀ ਗੱਲ 'ਤੇ ਰਾਜਨੀਤੀ ਦੇ ਢੋਲ ਵਜਾਉਣ ਵਾਲੇ ਸਿਆਸਤਦਾਨਾਂ ਨੇ ਡੇਰੇਦਾਰ ਦੇ ਗੁੰਡਾਗਰਦੀ ਦੇ ਨਾਚ ਦੇ ਬਾਵਜੂਦ ਇਸ ਮਾਮਲੇ 'ਤੇ ਬਿਆਨ ਜਾਂ ਟਿੱਪਣੀ ਦੇਣੀ ਵੀ ਜ਼ਰੂਰੀ ਨਹੀਂ ਸਮਝੀ। ਜੇਕਰ ਬਿਆਨ ਆ ਰਹੇ ਨੇ ਤਾਂ ਉਹ ਵੀ ਇਸ ਬਲਾਤਕਾਰੀ ਦੇ ਹੱਕ ਵਿੱਚ ਅਤੇ ਅਜਿਹੇ ਲੋਕਾਂ ਦੇ ਜਿਹੜੇ ਖੁਦ ਯੌਨ ਸ਼ੋਸ਼ਣ ਵਰਗੇ ਦੋਸ਼ਾਂ ਵਿੱਚ ਘਿਰ ਚੁੱਕੇ ਨੇ।
ਬੀਤੇ ਦਿਨਾਂ ਦੌਰਾਨ ਜੇਕਰ ਕਿਸੇ ਨੇ ਆਪਣਾ ਰੋਲ ਇਮਾਨਦਾਰੀ ਨਾਲ ਨਿਭਾਇਆ ਹੈ ਤਾਂ ਉਹ ਹੈ ਨਿਆਂ ਪਾਲਿਕਾ। ਨਿਆ ਪਾਲਿਕਾ ਨੇ ਆਪਣਾ ਰੋਲ ਨਿਰਪੱਖ ਨਿਭਾਇਆ ਅਤੇ ਇਸ ਪਾਖੰਡੀ ਨੂੰ ਸਤਿਗੁਰੂ ਅਤੇ ਪਿਤਾਜੀ ਦੇ ਦਰਜੇ ਤੋਂ ਚੁੱਕ ਕੇ 'ਕੈਦੀ ਨੰ.1997' ਤੱਕ ਪਹੁੰਚਾਇਆ।
ਸਾਡੇ ਸਾਹਮਣੇ ਵੱਡੇ ਸਵਾਲ ਖੜ੍ਹੇ ਨੇ -
ਆਪਣੇ ਨਿਜੀ ਹਿਤਾਂ ਲਈ ਚੇਲਿਆਂ ਦੇ ਭਰੋਸੇ ਨੂੰ ਵੋਟਾਂ ਬਣਾ ਵੇਚਣ ਵਾਲੇ ਬਾਬੇ ਕੀ ਸੱਚਮੁੱਚ ਧਾਰਮਿਕ ਗੁਰੂ ਅਖਵਾਉਣ ਦੇ ਲਾਇਕ ਹਨ ?
ਕੀ ਧਰਮ ਗੁਰੂਆਂ 'ਤੇ ਲੱਗਦੇ ਇਲਜ਼ਾਮਾਂ ਨੂੰ ਸਿਆਸੀ ਸ਼ਹਿ 'ਤੇ ਰਫ਼ਾ-ਦਫ਼ਾ ਕਰਨ ਵਾਲੇ ਲੀਡਰ ਸਾਡੇ ਭਰੋਸੇ ਦੇ ਲਾਇਕ ਹਨ ?
ਵੋਟ ਬੈਂਕ ਲਈ ਅਜਿਹੇ ਡੇਰਿਆਂ ਅੱਗੇ ਗੋਡੇ ਟੇਕਣ ਵਾਲੀਆਂ ਪਾਰਟੀਆਂ ਕੀ ਆਮ ਲੋਕਾਂ ਦੇ ਹਿਤਾਂ ਦੀ ਪੈਰਵੀ ਕਰ ਸਕਣਗੀਆਂ ?
ਵੋਟਾਂ ਲਈ ਧਰਮ ਗੁਰੂਆਂ ਦੇ ਗੁੰਡਿਆਂ ਨੂੰ ਦਿੱਤੀ ਖੁੱਲ੍ਹ ਦਾ ਖਮਿਆਜ਼ਾ ਆਮ ਲੋਕੀ ਕਿਉਂ ਭੁਗਤਣ ?
ਧਰਮ ਦੇ ਨਾਂਅ 'ਤੇ ਕੀਤੀ ਜਾਂਦੀ ਖਿਲਵਾੜ ਵਿਰੁੱਧ ਆਵਾਜ਼ ਚੁੱਕਣ ਵਾਲੇ ਲਈ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਵੇ ?
ਅਤੇ
ਅਖੌਤੀ ਡੇਰਾਵਾਦ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੀ ਕਦਮ ਚੁੱਕੇ ਜਾਣ ?
ਸਾਰੇ ਘਟਨਾਕ੍ਰਮ ਤੋਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਕੀ ਸਬਕ ਲਿਆ ?