
ਮੋਹਾਲੀ, 20 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : 'ਸਪੋਕਸਮੈਨ ਟੀ.ਵੀ.' ਦੇ ਨੁਮਾਇੰਦੇ ਵਲੋਂ ਦੀਵੇ ਵੇਚਣ ਵਾਲੀ ਬਜ਼ੁਰਗ ਮਾਤਾ ਦੀ ਖ਼ਬਰ ਨੇ ਲੱਖਾਂ ਹੀ ਲੋਕਾਂ ਅੰਦਰ ਹਮਦਰਦੀ ਦੀ ਜੋਤ ਜਗਾ ਦਿਤੀ ਅਤੇ ਸੈਂਕੜੇ ਹੀ ਲੋਕਾਂ ਨੇ ਬਿਰਧ ਮਾਤਾ ਦੀ ਮਾਲੀ ਮਦਦ ਕਰਨ ਲਈ ਸਪੋਕਸਮੈਨ ਤੋਂ ਉਸ ਦਾ ਸਿਰਨਾਵਾਂ ਅਤੇ ਬੈਂਕ ਖਾਤਾ ਨੰਬਰ ਪੁਛਿਆ ਹੈ।
ਹੋਇਆ ਇੰਜ ਕਿ ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਸਪੋਕਸਮੈਨ ਟੀ.ਵੀ. ਦਾ ਨਾਮਾਨਿਗਾਰ ਜਗਦੀਪ ਸਿੰਘ ਥਲੀ ਮੋਹਾਲੀ ਦੇ ਫ਼ੇਜ਼-4 ਦੇ ਬਾਜ਼ਾਰ ਵਿਚ ਦੀਵਾਲੀ ਮੌਕੇ ਦੁਕਾਨਦਾਰਾਂ ਦੇ ਕਾਰੋਬਾਰ ਬਾਰੇ ਵੀਡੀਉ ਬਣਾਉਣ ਲਈ ਗਿਆ ਸੀ। ਦੁਕਾਨਦਾਰਾਂ ਨੂੰ ਪੁਛਦਾ-ਗਿਛਦਾ ਕਿ ਇਸ ਵਾਰ ਦੀਵਾਲੀ ਮੌਕੇ ਵੇਚ-ਵੱਟਕ ਮੰਦੀ ਹੈ ਜਾਂ ਚੰਗੀ, ਉਹ ਦੀਵੇ ਵੇਚਣ ਵਾਲੀ ਮਾਤਾ ਕੋਲ ਪੁੱਜ ਗਿਆ। ਗੱਲਬਾਤ ਦੌਰਾਨ ਮਾਤਾ ਨੂੰ ਪੁਛਿਆ ਕਿ ਤੁਸੀਂ ਕਿਥੋਂ ਆਏ ਹੋ ਤਾਂ ਮਾਤਾ ਨੇ ਦਸਿਆ ਕਿ ਉਹ ਕਜਹੇੜੀ ਦੀ ਰਹਿਣ ਵਾਲੀ ਹੈ। ਜਦ ਉਸ ਨੂੰ ਪੁਛਿਆ ਕਿ ਦੀਵੇ ਵਿਕ ਰਹੇ ਹਨ ਜਾਂ ਨਹੀਂ ਤਾਂ ਉਸ ਦਾ ਜਵਾਬ 'ਨਾਂਹ' ਵਿਚ ਸੀ। ਮਾਤਾ ਨੇ ਕਿਹਾ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਮੰਦਾ ਹੈ ਪਰ ਮੰਦਾ ਕਿਉਂ ਹੈ, ਇਸ ਬਾਰੇ ਉਸ ਨੂੰ ਕੁੱਝ ਨਹੀਂ ਸੀ ਪਤਾ। ਇਸ ਦੇ ਨਾਲ ਹੀ ਉਹ ਉੱਠ ਕੇ ਕੈਮਰੇ ਦੇ ਪਿਛੇ ਚਲੀ ਗਈ ਅਤੇ ਰੋਣ ਲੱਗ ਪਈ। ਫਿਰ ਉਸ ਨੇ ਅਪਣੀ ਐਨਕ ਉਤਾਰੀ ਅਤੇ ਅੱਖਾਂ ਪੂੰਝੀਆਂ। ਸਪੋਕਸਮੈਨ ਦੇ ਨਾਮਾਨਿਗਾਰ ਨੇ ਜਦ ਇਹ ਸਾਰਾ ਵਰਤਾਰਾ ਵੇਖਿਆ ਤਾਂ ਉਹ ਉਥੋਂ ਉੱਠ ਕੇ ਲੋਕਾਂ ਨੂੰ ਸੰਬੋਧਤ ਹੁੰਦਾ ਹੋਇਆ ਕਹਿਣ ਲੱਗਾ ਕਿ ਤੁਸੀਂ ਇਨ੍ਹਾਂ ਗ਼ਰੀਬਾਂ ਵਲ ਵੀ ਵੇਖੋ, ਵੱਡੀਆਂ-ਵੱਡੀਆਂ ਦੁਕਾਨਾਂ ਤੋਂ ਕਿੰਨੀਆਂ ਵਸਤਾਂ ਖ਼ਰੀਦੀ ਜਾਂਦੇ ਹੋ। ਉਹ ਬਜ਼ੁਰਗ ਮਾਤਾ ਜੋ ਮਿਹਨਤ ਕਰ ਕੇ ਦੀਵੇ ਬਣਾ ਕੇ ਲਿਆਈ ਹੈ, ਉਸ ਵਲ ਵੀ ਕੁੱਝ ਧਿਆਨ ਦੇਵੋ।
ਇਸ ਸਾਰੇ ਘਟਨਾਕ੍ਰਮ ਨੂੰ ਨਾਮਾਨਿਗਾਰ ਨੇ ਕੈਮਰਾਬੰਦ ਕਰ ਕੇ ਸਪੋਕਸਮੈਨ ਟੀ.ਵੀ. ਦੀ ਵੈੱਬਸਾਈਟ 'ਤੇ ਪਾ ਦਿਤਾ। ਕੁੱਝ ਹੀ ਪਲਾਂ ਬਾਅਦ ਇਸ ਵੀਡੀਉ ਨੂੰ ਵੇਖਣ ਵਾਲਿਆਂ ਦੀਆਂ ਝਰਨੇ ਵਾਂਗ ਫੁਹਾਰਾਂ ਛੁੱਟ ਪਈਆਂ। ਅੱਜ ਸ਼ਾਮ ਤਕ ਸਪੋਕਸਮੈਨ ਟੀ.ਵੀ. ਦੇ ਫ਼ੇਸਬੁਕ 'ਤੇ ਇਕ ਵੀਡੀਉ ਨੂੰ 6.20 ਲੱਖ ਲੋਕ ਵੇਖ ਚੁਕੇ ਸਨ। ਇਸ ਤੋਂ ਇਲਾਵਾ ਇਹ ਵੀਡੀਉ ਸਪੋਕਸਮੈਨ ਤੋਂ ਕਾਪੀ ਕਰ ਕੇ ਕਈ ਹੋਰਨਾਂ ਚੈਨਲਾਂ ਨੇ ਵੀ ਪਾ ਦਿਤੀ ਹੈ ਅਤੇ ਉਥੇ ਵੀ ਇਸ ਨੂੰ ਕਰੀਬ 20 ਲੱਖ ਲੋਕ ਵੇਖ ਚੁਕੇ ਹਨ। ਕਹਿਣ ਤੋਂ ਭਾਵ ਹੁਣ ਤਕ ਇਸ ਵੀਡੀਉ ਨੂੰ 26 ਲੱਖ ਲੋਕਾਂ ਨੇ ਵੇਖਿਆ ਹੈ।
ਸਪੋਕਸਮੈਨ ਵੀਡੀਉ 'ਤੇ ਕੁਮੈਂਟ ਕਰਦੇ ਹੋਏ ਫ਼ੇਸਬੁਕ ਪੇਜ 'ਤੇ ਸੈਂਕੜੇ ਲੋਕਾਂ ਨੇ ਮਾਤਾ ਦਾ ਸਿਰਨਾਵਾਂ ਅਤੇ ਬੈਂਕ ਖਾਤਾ ਨੰਬਰ ਮੰਗਿਆ ਹੈ ਤਾਕਿ ਉਸ ਦੀ ਮਾਲੀ ਮਦਦ ਕੀਤੀ ਜਾ ਸਕੇ। ਇੰਗਲੈਂਡ ਤੋਂ ਇਕ ਪੰਜਾਬੀ ਔਰਤ ਹਰਜਿੰਦਰ ਕੌਰ ਨੇ ਕਿਹਾ ਕਿ ਉਹ ਬਜ਼ੁਰਗ ਮਾਤਾ ਦੀ ਮਾਲੀ ਮਦਦ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਇਕ ਨੌਜਵਾਨ ਨੇ ਮਾਤਾ ਦੀ ਮਦਦ ਕਰਨ ਤੋਂ ਬਾਅਦ ਉਸ ਨਾਲ ਫ਼ੋਟੋ ਖਿਚਵਾ ਕੇ ਸਪੋਕਸਮੈਨ ਨੂੰ ਭੇਜੀ ਹੈ।