
ਇੱਕ ਦਿਮਾਗੀ ਤੌਰ ਤੇ ਪ੍ਰੇਸ਼ਾਨ ਵਿਅਕਤੀ ਨੇ ਆਪਣੀ 6 ਵਰ੍ਹਿਆਂ ਦੀ ਧੀ ਨਾਲ, ਮੋਟਰਸਾਈਕਲ ਸਮੇਤ ਰਾਜਸਥਾਨ ਫੀਡਰ ਨਹਿਰ ਵਿਚ ਛਾਲ ਮਾਰ ਦਿੱਤੀ। ਖ਼ਬਰ ਮਲੋਟ ਤੋਂ ਹੈ ਜਿੱਥੇ ਗੋਤਾਖੌਰਾਂ ਦੀ ਮਦਦ ਨਾਲ ਮੋਟਰਸਾਈਕਲ ਤਾਂ ਬਰਾਮਦ ਕਰ ਲਿਆ ਗਿਆ ਪਰ ਪਿਓ ਧੀ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ।
ਭਰਾ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਜਤਿੰਦਰਪਾਲ ਸਿੰਘ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਉਹ ਆਪਣੇ ਮੋਟਸਾਈਕਲ ਤੇ ਆਪਣੇ ਨਾਲ 6 ਸਾਲਾਂ ਬੇਟੀ ਅੰਮ੍ਰਿਤਪਾਲ ਕੌਰ ਨਾਲ ਬਜ਼ਾਰ ਗਿਆ ਸੀ ਪਰ ਦੇਰ ਰਾਤ ਤੱਕ ਵਾਪਸ ਘਰ ਨਹੀ ਪਰਤਿਆ। ਜਿਸ ਕਰਕੇ ਉਨ੍ਹਾਂ ਆਸ ਪਾਸ ਭਾਲ ਕਰਦਿਆਂ ਇਸ ਦੀ ਜਾਣਕਾਰੀ ਥਾਣਾ ਸਿਟੀ ਪੁਲਿਸ ਨੂੰ ਦਿੱਤੀ। ਪੁਲਿਸ ਦੀ ਮਦਦ ਨਾਲ ਜਤਿੰਦਰਪਾਲ ਸਿੰਘ ਕੋਲ ਮੋਬਾਇਲ ਫੋਨ ਦੀ ਲੋਕੇਸ਼ਨ ਪਤਾ ਕਰਵਾਈ ਤਾਂ ਉਹ ਲੰਬੀ ਦੇ ਮੋਬਾਇਲ ਟਾਵਰ ਦੀ ਮਿਲੀ।
ਤਾਂ ਉਨਾਂ ਨੇ ਰਾਜਸਥਾਨ ਤੇ ਸਰਹੰਦ ਫੀਡਰ ਨਹਿਰਾਂ ਤੇ ਮੌਜੂਦ ਚੌਕੀਦਾਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇੱਕ ਵਿਅਕਤੀ ਜਿਸ ਦੇ ਪਿੱਛੇ ਇੱਕ ਕੁੜੀ ਬੈਠੀ ਹੋਈ ਸੀ ਲਾਲ ਰੰਗ ਦੇ ਮੋਟਰਸਾਈਕਲ ਤੇ ਸਿੱਧਾ ਨਹਿਰਾਂ ਵੱਲ ਲੈ ਗਿਆ। ਜਦੋਂ ਕਿ ਪਿੱਛੇ ਬੈਠੀ ਕੁੜੀ ਨੇ ਰੌਲਾਂ ਪਾਇਆ ਕਿ ਪਾਪਾ ਇਸ ਤਰਾਂ ਨਾ ਕਰੋ, ਪ੍ਰੰਤੂ ਉਸ ਨੇ ਮੋਟਰਸਾਈਕਲ ਸਿੱਧਾ ਨਹਿਰ ਵਿਚ ਉਤਾਰ ਦਿੱਤਾ।
ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸ਼ਨ ਦੀ ਮੱਦਦ ਨਾਲ ਗੋਤਾਖੋਰਾਂ ਨੂੰ ਬੁਲਾਇਆ, ਜਿਹਨਾਂ ਨੇ ਨਹਿਰ ਵਿਚੋਂ ਉਸ ਦਾ ਮੋਟਰਸਾਈਕਲ ਬਰਾਮਦ ਕਰ ਲਿਆ। ਚਾਰ ਗੋਤਾਖੋਰਾਂ ਵੱਲੋਂ ਮਿਲ ਕੇ ਲੜਕੀ ਅਤੇ ਜਤਿੰਦਰਪਾਲ ਸਿੰਘ ਦੀ ਭਾਲ ਨਹਿਰ ਵਿਚੋਂ ਕੀਤੀ ਜਾ ਰਹੀ ਹੈ। ਸਤਿੰਦਰਪਾਲ ਨੇ ਕਿਸੇ ਵੀ ਘਰੇਲੂ ਝਗੜੇ ਤੋਂ ਇੰਨਕਾਰ ਕਰਦੇ ਹੋਏ ਕਿਹਾ ਕਿ ਜਤਿੰਦਰਪਾਲ ਕੁੱਝ ਸਮਾਂ ਠੀਕ ਰਹਿਣ ਤੋਂ ਬਾਅਦ ਦਿਮਾਗੀ ਪ੍ਰੇਸ਼ਾਨੀ ਵਿਚ ਆ ਜਾਂਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਉਠਾਇਆ ਹੈ।